ਰੱਖੇ ਹਰ ਥਾਂ ਤੇ ਖ਼ੈਰ, ਉੱਤੇ ਰੁੱਖ ਥੱਲੇ ਨਹਿਰ, ਉਹਦਾ ਕਿਸੇ ਨਾ ਨਹੀਂ ਵੈਰ, ਚਾਹੇ ਪਿੰਡ ਚਾਹੇ ਸ਼ਹਿਰ-ਸੁਰਜੀਤ ਕੌਰ ਬੈਲਜ਼ੀਅਮ

18

surjit kaur

ਰੱਖੇ ਹਰ ਥਾਂ ਤੇ ਖ਼ੈਰ,
ਉੱਤੇ ਰੁੱਖ ਥੱਲੇ ਨਹਿਰ…
ਉਹਦਾ ਕਿਸੇ ਨਾ ਨਹੀਂ ਵੈਰ,
ਚਾਹੇ ਪਿੰਡ ਚਾਹੇ ਸ਼ਹਿਰ…
ਫਿਰ ਤੂੰ ਵੀ ਠੱਗੀ ਤਾਂ ਨਾ ਮਾਰ ਬੰਦਿਆ…
ਸਭ ਠੀਕ ਹੋ ਜਾਣਾ।
ਕਰ ਰੱਬ ਨਾਲ ਲੈ ਤੂੰ ਪਿਆਰ ਬੰਦਿਆ…
ਸਭ ਠੀਕ ਹੋ ਜਾਣਾ।
ਦਿਨ ਰਾਤ ਪਾਪਾਂ ਵਿੱਚ ਨਾ ਗੁਜ਼ਾਰ ਬੰਦਿਆ…
ਸਭ ਠੀਕ ਹੋ ਜਾਣਾ,
ਸਤਿਨਾਮ-ਵਾਹਿਗੁਰੂ ਮੁੱਖ ਚੋਂ ਉਚਾਰ ਬੰਦਿਆ…
ਸਭ ਠੀਕ ਹੋ ਜਾਣਾ।

ਉਹਦੀ ਨਹੀਓਂ ਦੂਜ-ਤੀਜ,
ਉਹਨੂੰ ਸਭ ਨੇ ਅਜ਼ੀਜ਼…
ਸ਼ਹਿਨਸ਼ਾਹ ਜਾਂ ਕਨੀਜ਼,
ਦੇਵੇ ਸਭ ਨੂੰ ਤਹਿਜ਼ੀਬ…
ਪੂਰੀ ਕਾਇਨਾਤ ਵਿੱਚ ਕੋਈ ਨਾ ਉਹਦੇ ਤੁੱਲ ਬੰਦਿਆ…
ਸਭ ਠੀਕ ਹੋ ਜਾਣਾ।
ਪਾ ਲੈ ਰਹਿਮਤਾਂ ਉਹਦੀਆਂ ਦਾ ਮੁੱਲ ਬੰਦਿਆ…
ਸਭ ਠੀਕ ਹੋ ਜਾਣਾ,
ਪੈ ਕੇ ਝੂਠ ਤੇ ਫ਼ਰੇਬ ਵਿੱਚ ਦਿਲੋਂ ਉਹਨੂੰ ਨਾ ਤੂੰ ਭੁੱਲ ਬੰਦਿਆ
ਸਭ ਠੀਕ ਹੋ ਜਾਣਾ।
ਸਾਧੂਆਂ ਪਾਖੰਡੀਆਂ ਦੇ ਉੱਤੇ ਨਾ ਤੂੰ ਡੁੱਲ ਬੰਦਿਆ…
ਸਭ ਠੀਕ ਹੋ ਜਾਣਾ।

ਉਹ ਹੀ ਰਾਮ ਤੇ ਰਹੀਮ,
ਉਹ ਹੀ ਵੈਦ ਤੇ ਹਕੀਮ…
ਉਹ ਹੀ ਮਹਿਮਾ ਤੇ ਗ਼ਰੀਮ,
ਉਹ ਹੀ ਮੁੱਢ ਤੇ ਕਦੀਮ….
ਉਹ ਹੀ ਪਾਰ ਲਊ ਹੋਰ ਨਾ ਕੋਈ ਬੰਦਿਆ…
ਸਭ ਠੀਕ ਹੋ ਜਾਣਾ।
ਓੜ ਤੂੰ ਵੀ ਲੈ ਪਿਆਰ ਦੀ ਲੋਈ ਬੰਦਿਆ…
ਸਭ ਠੀਕ ਹੋ ਜਾਣਾ,
ਜਾ ਕੇ ਸੰਗਤ ਤੂੰ ਉਹਦੀ’ਚ ਖਲੋਈ ਬੰਦਿਆ…
ਸਭ ਠੀਕ ਹੋ ਜਾਣਾ।
ਸੁਣ ਲੈ “SK” ਦੀ ਦਿਲੋਂ ਅਰਜੋਈ ਬੰਦਿਆ…
ਸਭ ਠੀਕ ਹੋ ਜਾਣਾ।

-ਸੁਰਜੀਤ ਕੌਰ ਬੈਲਜ਼ੀਅਮ

3 COMMENTS

Comments are closed.