ਪ੍ਰੋ.(ਡਾ.)ਕੁਲਵੰਤ ਸਿੰਘ ਥਿੰਦ

5

Kulwant Singh Baluਪ੍ਰੋਫੈਸਰ (ਡਾ.)ਕੁਲਵੰਤ ਸਿੰਘ ਥਿੰਦ
ਰਿਟਾ. ਮੁਖੀ, ਫਿਜਿਕਸ ਵਿਭਾਗ,

ਮਨੁੱਖੀ ਵਿਕਾਸ ਦੇ ਅਹਿਮ ਪੜਾਵਾਂ ਵਿੱਚ ਸਮਾਜ ਦੇ ਸੁਚੇਤ ਵਿਅਕਤੀਆਂ ਵੱਲੋਂ ਮਨੁੱਖਤਾ ਦੀ ਚਿਰੰਜੀਵਤਾ ਲਈ ਕੁੱਝ ਰਸਮਾਂ, ਰਿਵਾਜਾਂ ਜਾਂ ਵਹਿਮਾਂ ਨੂੰ ਮਨੁੱਖ ਦੀ ਜੀਵਨ ਜਾਚ ਦਾ ਅੰਗ ਬਣਾਇਆ ਗਿਆ। ਵਿਗਿਆਨਕ ਧਰਾਤਲ ਦੀ ਉਪਜ ਇਹ ਰਸਮਾਂ, ਜੀਵਨ ਦਾ ਅਨਿੱਖੜਵਾਂ ਅੰਗ ਬਣੀਆਂ ਜੋ ਰੋਜ਼ਾਨਾ ਜੀਵਨ ਨੂੰ ਪ੍ਰਭਾਵਤ ਕਰਦੀਆਂ ਹਨ ਅਤੇ ਸੇਧਤ ਵੀ। ਨਿਰਾ ਵਹਿਮ ਜਾਂ ਭਰਮ ਜਹਿ ਕੇ ਨਕਾਰਨ ਦੀ ਬਜਾਏ ਜਦੋਂ ਅਸੀਂ ਹਰ ਰਸਮ ਜਾਂ ਰਿਵਾਜ ਨੂੰ ਵਿਗਿਆਨਕ ਪਹਿਲੂ ਤੋਂ ਘੋਖਦੇ ਹਾਂ ਤਾਂ ਅਚੰਭਾ ਹੁੰਦਾ ਹੈ, ਵਡੇਰਿਆਂ ਦੀ ਵਿਗਿਆਨਕ ਸੂਝ ਤੇ ਸੋਚ ਉੱਪਰ, ਜਿਨ੍ਹਾਂ ਨੇ ਅੱਜ ਕਈ ਸਦੀਆਂ ਪਹਿਲਾਂ ਵਿਗਿਆਨ ਦੀ ਕਸਵੱਟੀ ਤੇ ਖਰੇ ਉੱਰਨ ਵਾਲੇ ਰਿਵਾਜ ਮਨੁੱਖ ਦੀ ਸਮੁੱਚੀ ਜ਼ਿੰਦਗੀ ਲਈ ਜ਼ਰੂਰੀ ਬਣਾਏ। ਜਿਨ੍ਹਾਂ ਵਿਗਿਆਨਕ ਖੋਜਾਂ ਨੂੰ ਮਨੁੱਖ ਅਹਿਮ ਲੱਭਤਾਂ ਸਮਝ ਕੇ ਮਾਣ ਕਰਦਾ ਹੈ ਸਾਡੇ ਬਜ਼ੁਰਗਾਂ ਨੇ ਉਹ ਤੱਥ, ਵੇਦਾਂ ਅਤੇ ਗ੍ਰੰਥਾਂ ਵਿੱਚ ਲਿਖ, ਇੱਕ ਅਸੀਮ ਖਜ਼ਾਨਾ ਆਉਣ ਵਾਲੀਆਂ ਪੀੜ੍ਹੀਆਂ ਦੇ ਨਾਂ ਕੀਤਾ, ਜਿਸ ਨੂੰ ਪੜਤਾਲਦਿਆਂ ਮਨੁੱਖੀ ਸੋਚ ਹੈਰਾਨ ਰਹਿ ਸਕਦੀ ਹੈ। ਮਨੁੱਖ ਦੇ ਜਨਮ ਤੋਂ ਲੈ ਕੇ ਮੌਤ ਤੀਕ ਜੁੜੀਆਂ ਇਹ ਰਸਮਾਂ ਆਪਣੇ ਆਪ ਵਿੱਚ ਵਿਗਿਆਨਕ ਦਿ੍ਸ਼ਟੀਕੋਨ ਲਕੋਈ ਬੈਠੀਆਂ ਹਨ।

ਪਿਪੱਲ ਦੀ ਪੂਜਾ ਕਿਉਂ ਕੀਤੀ ਜਾਂਦੀ ਹੈ?
ਔਲਾਦ ਜਾਂ ਪੁੱਤਰ ਦੀ ਪ੍ਰਾਪਤੀ ਲਈ ਪਿੱਪਲ ਨੂੰ ਕੱਚੀ ਲੱਸੀ ਪਾ ਕੇ ਮੰਨਤਾਂ ਮੰਗਦੀਆਂ ਸਵਾਣੀਆਂ ਲਈ, ਪਿੱਪਲ ਦੇ ਪੀਸੇ ਹੋਏ ਬੀਜ, ਔਰਤ ਦੀ ਕੁੱਖ ਹਰੀ ਕਰਨ ਲਈ ਮੁਫੀਦ ਹੁੰਦੇ ਹਨ। ਪਿੱਪਲ ਦੀ ਦਾਤਣ ਕਰਦਿਆਂ ਅੰਦਰ ਜਾਂਦਾ ਅੋਸ਼ਧੀ ਵਰਗਾ ਅਰਕ, ਤਈਏ ਤਾਪ ਤੋਂ ਛੁਟਕਾਰਾ ਦਿਵਾਉਂਦਾ ਹੈ। ਪਿੱਪਲ ਦਾ ਦੁੱਧ ਟੀ.ਬੀ. ਤੇ ਕੈਂਸਰ ਲਈ ਦਵਾ ਹੈ। ਪਿੱਪਲ ਨੂੰ ਵੱਢਣ ਲੱਗਿਆਂ ਸਰਾਪ ਲੱਗਣ ਦਾ ਵਹਿਮ ਇਸ ਤੱਥ ਦੀ ਤਾਈਦ ਕਰਦਾ ਹੈ ਕਿ ਪਿੱਪਲ ਹੀ ਇੱਕ ਅਜਿਹਾ ਦਰੱਖਤ ਹੈ ਜੋ ਰਾਤ ਦਿਨ ਆਕਸੀਜਨ ਦਿੰਦਾ ਹੈ। ਸੋ ਪਿੱਪਲ ਦੀ ਅਣਹੋਂਦ ਕਾਰਨ ਘਟੀ ਹੋਈ ਆਕਸੀਜਨ ਨਵੀਆਂ ਬੀਮਾਰੀਆਂ ਨੂੰ ਸੱਦਾ ਦਿੰਦੀ, ਆਉਣ ਵਾਲੀਆਂ ਪੀੜ੍ਹੀਆਂ ਦੀ ਤਬਾਹੀ ਦਾ ਕਾਰਨ ਬਣੇਗੀ।

ਗਾਂ ਦੇ ਪਿਸ਼ਾਬ ਨੂੰ ਪਵਿੱਤਰ ਕਿਉਂ ਸਮਝਿਆ ਜਾਂਦਾ ਹੈ?
ਬੱਚੇ ਦੇ ਜੰਮਣ ਤੇ ਜੱਚਾ-ਬੱਚਾ ਨੂੰ ਜੀਵਾਣੂੰ ਰਹਿਤ ਕਰਨ ਲਈ, ਸਾਫ ਕੀਤੇ ਹੋਏ ਗਾਂ ਦੇ ਪਿਸ਼ਾਬ ਨਾਲ ਨਹਾਉਣ ਦਾ ਰਿਵਾਜ ਇਸ ਤੱਥ ਤੇ ਅਧਾਰਤ ਹੈ ਕਿ ਗਾਂ ਦਾ ਪਿਸ਼ਾਬ ਰੋਗਾਣੂ ਨਿਰੋਧਕ ਹੈ। ਇਹ ਟੀ.ਬੀ. ਦੇ ਇਲਾਜ ਲਈ ਵਰਤਿਆਂ ਜਾਂਦਾ ਸੀ, ਜਿਸ ਘਾਤਕ ਬੀਮਾਰੀ ਨਾਲ ਭਾਰਤ ਵਿੱਚ ਹਰ ਰੋਜ ਇਕ ਹਜ਼ਾਰ ਵਿਅਕਤੀ ਮਰਦੇ ਹਨ। ਗਊ ਮਾਤਾ ਦਾ ਰੁਤਬਾ ਪ੍ਰਾਪਤ ਗਾਂ ਦਾ ਦੁੱਧ ਨਵਜਨਮੇ ਬੱਚੇ ਲਈ ਪਚਾਉਣਾ ਸੌਖਾ ਹੁੰਦਾ ਹੈ। ਅੱਜ-ਕੱਲ੍ਹ ਤਾਂ ਦਿਲ ਦੇ ਰੋਗੀਆਂ ਨੂੰ ਗਾਂ ਦਾ ਦੁੱਧ ਪੀਣ ਦੀ ਹਦਾਇਤ ਕੀਤੀ ਜਾਂਦੀ ਹੈ। ਪਿਛਲੇ ਸਮੇਂ ਵਿੱਚ ਗਾਂ ਦੇ ਗੋਹੇ ਦਾ ਪੋਚਾ, ਚੌਂਕੇ ਚੁੱਲ੍ਹੇ ਨੂੰ ਪਵਿੱਤਰ ਕਰ, ਪਰਿਵਾਰਕ ਸਿਹਤ ਲਈ ਦੁਆ ਬਣਦਾ ਸੀ।

ਨਵ-ਜਨਮੇ ਬੱਚੇ ਨੂੰ ਤੜਾਗੀ ਕਿਉਂ ਪਾਈ ਜਾਂਦੀ ਹੈ?
ਮੁੰਡੇ ਦੇ ਜਨਮ ਤੇ ਉਸ ਦੀ ਭੂਆ ਵੱਲੋਂ ਪਹਿਨਾਈ ਮਣਕਿਆਂ ਵਾਲੀ ਤੜਾਗੀ ਦੀ ਲਗਾਤਾਰ ਵਰਤੋਂ, ਮਰਦਾਂ ਵਿੱਚ ਅਪੈਂਡੈਕਸ ਤੋਂ ਬਚਾਉੰਦੀ ਹੈ।

ਜਨੇਊ ਕਿਉਂ ਪਹਿਨਿਆ ਜਾਂਦਾ ਹੈ?
ਹਿੰਦੂ ਧਰਮ ਵਿੱਚ ਆਦਮੀਆਂ ਲਈ ਜਨੇਊ ਪਹਿਨਣਾ, ਜਿੱਥੇ ਜਨੇਊ ਵਰਗੇ ਚਮੜੀ ਦੇ ਰੋਗ ਤੋਂ ਬਚਾਉਂਦਾ ਹੈ, ਉੱਥੇ ਜੰਗਲ ਪਾਣੀ ਜਾਣ ਵੇਲੇ ਕੰਨ ਨਾਲ ਵਲੇਟਿਆ ਜਨੇਊ ਕੰਨ ਵਿਚਲੇ ਕੇਂਦਰ ਬਿੰਦੂ ਤੇ ਐਕੈਪ੍ਰੈਸ਼ਰ ਦਾ ਕੰਮ ਕਰਕੇ, ਪ੍ਰੋਸਟਰੇਡ ਗਲੈਂਡ ਨੂੰ ਵਧਣ ਤੋਂ ਬਚਾਉੰਦਾ ਹੈ ਜਿਸ ਕਾਰਨ ਬਜ਼ੁਰਗਾਂ ਵਿੱਚ ਪਿਸ਼ਾਬ ਦੀ ਰੁਕਾਵਟ ਪੈਦਾ ਨਹੀਂ ਹੁੰਦੀ।

ਮੱਥੇ ਤੇ ਚੰਦਨ ਦੀ ਲੇਪ ਕਿਉਂ ਕੀਤੀ ਜਾਂਦੀ ਹੈ?
ਇਸੇ ਤਰਾਂ ਮੱਥੇ ਉੱਤੇ ਚੰਦਨ ਦੀ ਲੇਪ, ਸਿਰ ਦਰਦ ਤੋਂ ਰਾਹਤ ਦਿਵਾਉਂਦੀ ਹੈ ਅਤੇ ਅੱਖਾਂ ਦੀਆਂ ਬੀਮਾਰੀਆਂ ਲਈ ਵੀ ਲਾਹੇਵੰਦ ਹੁੰਦੀ ਹੈ। ਇਹ ਚੌਗਿਰਦੇ ਵਿੱਚ ਮਹਿਕਾਂ ਭਰਿਆ ਵਾਤਾਵਰਣ ਉਸਾਰਦੀ ਹੈ। ਇਸੇ ਲਈ ਪਾਠ, ਹਵਨ, ਯੱਗ ਜਾਂ ਕਈ ਵਾਰ ਸਸਕਾਰ ਸਮੇਂ ਵੀ ਚੰਦਨ ਦੀ ਲੱਕੜੀ ਦੀ ਵਰਤੋਂ ਕੀਤੀ ਜਾਂਦੀ ਹੈ।

ਗੰਗਾ ਦੇ ਪਾਣੀ ਨੂੰ ਪਵਿੱਤਰ ਕਿਉਂ ਮੰਨਿਆ ਜਾਂਦਾ ਹੈ?
ਸਮੁੱਚਾ ਭਾਰਤੀ ਮਿਥਿਹਾਸ, ਗੰਗਾ ਦੇ ਪਾਣੀਆਂ ਨੂੰ ਬਹੁਤ ਅਹਿਮੀਅਤ ਦਿੰਦਾ ਹੈ। ਇਸ ਦੇ ਪਾਣੀਆਂ ਵਿੱਚ ਕੀਤਾ ਇਸ਼ਨਾਨ ਜਨਮ-ਜਨਮਾਂਤਰਾਂ ਦੀ ਕਰਮਾਂ ਦੀ ਮੈਲ ਨੂੰ ਧੋਂਦਾ ਹੈ। ਦਰਅਸਲ ਇਸ ਦੇ ਪਾਣੀਆਂ ਵਿੱਚ ਇੱਕ ਅਜਿਹਾ ਜੀਵਾਣੂ ਜਿਸ ਨੂੰ ਬੈਕਟੀਰੀਉਫੇਗ ਹੁੰਦਾ ਹੈ। ਇਹ ਸਰੀਰ ਨੂੰ ਰੋਗਾਣੂ ਰਹਿਤ ਕਰ ਪਾਣੀ ਨੂੰ ਵੀ ਖਰਾਬ ਹੋਣ ਤੋਂ ਬਚਾਈ ਰੱਖਦਾ ਹੈ। ਇਸੇ  ਲਈ ਤਾਂ ਗੰਗਾ ਦੇ ਪਾਣੀ ਨੂੰ ਸਾਲਾਂ ਬੱਧੀ ਵੀ ਘਰ ਵਿੱਚ ਰੱਖਿਆ ਜਾ ਸਕਦਾ ਹੈ।

ਝੁਕ ਕੇ ਅਸ਼ੀਰਵਾਦ ਕਿਉਂ ਲਿਆ ਜਾਂਦਾ ਹੈ?
ਕਿਸੇ ਬਜ਼ੁਰਗ ਜਾਂ ਧਰਮਿਕ ਹਸਤੀ ਦੇ ਅਦਬ ਵਜੋਂ ਝੁੱਕ ਕੇ ਪੈਰੀਂ ਹੱਥ ਲਾ ਕੇ ਆਸ਼ੀਰਵਾਦ ਪ੍ਰਾਪਤ ਕਰਨਾ ਸਾਡੀ ਸੰਸਕ੍ਰਿਤੀ ਹੈ। ਬਜ਼ੁਰਗਾਂ ਵੱਲੋਂ ਅਸ਼ੀਰਵਾਦ ਦਿੰਦਾ ਹੱਥ, ਸਿਰ ਤੋਂ ਦੋ ਕੁ ਇੰਚ ਉੱਚਾ ਰੱਖਣਾ. ਦਰਅਸਲ ਆਸ਼ੀਰਵਾਦ ਪ੍ਰਾਪਤ ਕਰਤਾ ਦੇ ਸਿਰ ਤੋਂ ਨਿਕਲਦੀਆਂ ਗਰਮ ਜਾਂ ਸਰਦ ਤਰੰਗਾਂ ਨੂੰ ਜਾਣਨ ਦੀ ਇੱਕ ਪ੍ਰਕਿਰਿਆ ਸੀ ਜਿਸ ਨਾਲ ਆਸ਼ੀਰਵਾਦ ਦੇਣ ਵਾਲਾ ਆਸ਼ੀਰਵਾਦ ਪ੍ਰਾਪਤ ਕਰਨ ਵਾਲੇ ਦੀ ਮਾਨਸਿਕ ਬਿਰਤੀ ਨੂੰ ਜਾਣ ਯੋਗ ਸੇਧ ਦੇ ਸਮਰੱਥ ਹੁੰਦਾ ਸੀ।

ਦੁੱਧ ਪੀ ਕੇ ਘਰੋਂ ਬਾਹਰ ਕਿਉਂ ਨਹੀਂ ਜਾਈਦਾ?
ਸਾਡੀਆਂ ਮਾਵਾਂ ਅਕਸਰ ਸਾਨੂੰ ਵਰਜਦੀਆਂ ਹੁੰਦੀਆਂ ਸੀ ਕਿ ਕਾਕਾ ਦੁੱਧ ਪੀ ਕੇ ਬਾਹਰ ਨਹੀਂ ਜਾਣਾ, ਭੂਤ ਚਿੰਬੜ ਜਾਣਗੇ ਅਤੇ ਜੇ ਅਸੀਂ ਜਿੱਦ ਕਰਨੀ ਤਾਂ ਉਹਨਾਂ ਨੇ ਮੂੰਹ ਨੂੰ ਲੂਣ ਲਾ ਕੇ ਬਾਹਰ ਜਾਣ ਦੇਣਾ। ਇਸ ਦੇ ਵਿਗਿਆਨਕ ਪੱਖ ਤਾਂ ਸਾਡੀਆਂ ਮਾਵਾਂ ਨੂੰ ਸਮਝ ਨਹੀਂ ਸੀ ਅਤੇ ਅਸੀਂ ਬਾਲਕ ਇਸ ਨੂੰ ਨਿਰਾ-ਵਹਿਮ ਸਮਝਦੇ ਸੀ। ਅਸਲ ਵਿੱਚ ਸਫਰ ਦੌਰਾਨ ਸਰੀਰ ਦੇ ਹਰਕਤ ਵਿੱਚ ਆਉਣ ਨਾਲ ਦੁੱਧ ਹਜ਼ਮ ਕਰਨ ਵਾਲੇ ਲੈਕਟੋਜ਼ ਇਜ਼ਾਈਮ ਪ੍ਰਭਾਵਤ ਹੋ ਜਾਂਦੇ ਹਨ ਜਿਸ ਨਾਲ ਦੁੱਧ ਹਜ਼ਮ ਕਰਨ ਵਿੱਚ ਮੁਸ਼ਕਲ ਪੇਸ਼ ਆਉਂਦੀ ਹੈ ਤੇ ਅੰਤੜੀਆਂ ਵਿੱਚ ਹੀ ਦੁੱਧ ਫਟ ਜਾਣ ਕਰਕੇ ਉਲਟੀਆਂ ਆ ਜਾਣ ਦੀ ਨੌਬਤ ਆ ਜਾਂਦੀ ਹੈ। ਇਸੇ ਲਈ ਮੂੰਹ ਨੂੰ ਲਾਇਆ ਲੂਣ, ਦੁੱਧ ਨੂੰ ਹਜ਼ਮ ਕਰਨ ਵਿੱਚ ਮਦਦ ਕਰਦਾ ਹੈ।

ਮਾਲਾ ਦੇ 108 ਮਣਕੇ ਕਿਉਂ ਹੁੰਦੇ ਹਨ?
ਸਾਡੇ ਰਿਸ਼ੀਆਂ ਜਾਂ ਮਹਾਤਮਾ ਦੀਆਂ ਮਾਲਾਵਾਂ ਵਿੱਚ 108 ਮਣਕਿਆਂ ਦੀ ਮਹੱਤਤਾ ਦਰਸਾਉਂਦੀਆਂ ਦੋ ਸੋਚਾਂ ਆਮ ਹੀ ਪ੍ਰਚਲਤ ਹਨ। ਇਕ ਸੋਚ ਮੁਤਾਬਕ 108 ਨੰਬਰ 12 ਰਾਸ਼ੀਆਂ ਅਤੇ 9 ਗ੍ਰਹਿਆਂ ਦਾ ਗੁਨਣਫਲ ਹੈ ਜਿਨ੍ਹਾਂ ਦੀ ਗ੍ਰਹਿ ਚਾਲ ਮਨੁੱਖੀ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ। ਦੂਸਰੀ ਸੋਚ ਮੁਤਾਬਕ 108 ਮਣਕੇ ਬ੍ਰਹਿਮੰਡ ਵਿਚਲੇ 108 ਤੱਤਾਂ ਨੂੰ ਦਰਸਾਉਂਦੇ ਨੇ ਜਿਸ ਨਾਲ ਸਮੁੱਚਾ ਬ੍ਰਹਿਮੰਡ ਵਿਗਸਿਆ ਅਤੇ ਵਿਸਤਿ੍ਤ ਹੋਇਆ।