ਮੰਗੂਪੁਰ ‘ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ

14

ਸਰਕਾਰੀ ਪਾਣੀ ਵਾਲੀ ਟੂਟੀ ਤੋਂ ਪਾਣੀ ਭਰਨ ਤੋਂ ਔਰਤਾਂ ਦੀ ਹੋਈ ਲੜ੍ਹਾਈ ਕਾਰਨ ਅੱਜ ਮੰਗੂਪੁਰ ਦੇ 24 ਸਾਲ ਨੌਜਵਾਨ ਗੁਰਜਿੰਦਰ ਸਿੰਘ ਵਿੱਕੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਸੂਤਰਾਂ ਦੱਸਿਆ ਕਿ ਬੀਤੇ ਕੱਲ੍ਹ ਟੂਟੀ ਤੋਂ ਪਾਣੀ ਭਰਨ ਤੋਂ ਬਲਵਿੰਦਰ ਸਿੰਘ ਸੂਰਮੇ ਦੀਆਂ ਔਰਤਾਂ ਅਤੇ ਜਗਦੀਸ਼ ਸਿੰਘ ਦੀਸ਼ੇ ਦੀਆਂ ਔਰਤਾਂ ਕਾਫ਼ੀ ਲੜਦੀਆਂ ਰਹੀਆਂ। ਅੱਜ ਜਦ ਸਵੇਰੇ 10 ਦੇ ਕਰੀਬ ਗੁਰਜਿੰਦਰ ਸਿੰਘ ਵਿੱਕੀ ਜੋ ਜਗਦੀਸ਼ ਸਿੰਘ ਦਾ ਵੱਡਾ ਲੜਕਾ ਹੈ, ਆਪਣੀ ਮਾਂ ਨੂੰ ਜੋ ਰਿਸ਼ਤੇਦਾਰ ਦੇ ਜਾ ਰਹੀ ਸੀ, ਨੂੰ ਮੰਗੂਪੁਰ ਬੱਸ ਸਟੈਂਡ ‘ਤੇ ਛੱਡ ਕੇ ਵਾਪਿਸ ਪਿੰਡ ਦੇ ਚੌਕ ਵਿਚ ਆਇਆ ਤਾਂ ਸੂਰਮਾ ਪਹਿਲਾ ਹੀ ਕ੍ਰਿਪਾਨ ਲੈ ਕੇ ਪਾਸੇ ‘ਤੇ ਤਾਕ ਵਿਚ ਖੜ੍ਹਾ ਸੀ। ਉਸ ਨੇ ਮੋਟਰਸਾਈਕਲ ‘ਤੇ ਚੜ੍ਹੇ ਹੀ ਵਿੱਕੀ ‘ਤੇ ਕ੍ਰਿਪਾਨ ਨਾਲ ਉਸ ਦੀ ਧੌਣ ਲਾਗੇ ਵਾਰ ਕੀਤਾ। ਗੁਰਜਿੰਦਰ ਸਿੰਘ ਮੋਟਰਸਾਈਕਲ ਛੱਡ ਕੇ ਘਰ ਨੂੰ ਭੱਜਾ, ਬੂਹਾ ਬੰਦ ਹੋਣ ਕਾਰਨ ਉਹ ਆਪਣੇ ਤਾਏ ਦੇ ਘਰ ਵੜ ਗਿਆ। ਬੂਹਾ ਬੰਦ ਕਰਨ ਹੀ ਲੱਗਾ ਸੀ ਕਿ ਸੂਰਮਾ ਭੱਜ ਕੇ ਬੂਹੇ ਕੋਲ ਪਹੁੰਚ ਗਿਆ। ਬੂਹਾ ਬੰਦ ਕਰਦੇ ਗੁਰਜਿੰਦਰ ਦੇ ਸੂਰਮੇ ਨੇ ਸਿੱਧੀ ਕ੍ਰਿਪਾਨ ਖੋਭੀ, ਜੋ ਉਸਦੇ ਖੱਬੇ ਪਾਸੇ ਦਿਲ ਵਿਚ ਵਿਚ ਖੁੱਭ ਗਈ ਤੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਸੂਰਮੇ ਨੂੰ ਸਮੇਤ ਕ੍ਰਿਪਾਨ ਕਾਬੂ ਕਰ ਲਿਆ। ਥਾਣਾ ਤਲਵੰਡੀ ਚੌਧਰੀਆਂ ਐਸ.ਐਚ.ਓ ਕੁਲਵੰਤ ਸਿੰਘ ਨੇ ਦੱਸਿਆ ਕਿ ਗੁਰਜਿੰਦਰ ਸਿੰਘ ਵਿੱਕੀ ਦੇ ਪਿਤਾ ਜਗਦੀਸ਼ ਸਿੰਘ ਮੰਗੂਪੁਰ ਦੇ ਬਿਆਨਾਂ ‘ਤੇ ਬਲਵਿੰਦਰ ਸਿੰਘ ਸੂਰਮੇ, ਲਖਵਿੰਦਰ ਸਿੰਘ, ਮਲਕੀਤ ਸਿੰਘ ਪੁੱਤਰਾਨ ਜੋਗਿੰਦਰ ਸਿੰਘ ਵਾਸੀ, ਮੰਗੂਪੁਰ ਖਿਲਾਫ਼ ਧਾਰਾ 302, 452 ਅਤੇ 34 ਤਹਿਤ ਮੁਕੱਦਮਾ ਦਰਜ ਕਰ ਦਿੱਤਾ ਹੈ।