ਮੰਗਲਵਾਰ 17 ਦਸੰਬਰ 2013 (3 ਪੋਹ ਸੰਮਤ 545 ਨਾ:)

14

1455076_573584086045680_563247164_n

ਸੂਹੀ ਮਹਲਾ ੫ ॥ ਘਟ ਘਟ ਅੰਤਰਿ ਤੁਮਹਿ ਬਸਾਰੇ ॥ ਸਗਲ ਸਮਗ੍ਰੀ ਸੂਤਿ ਤੁਮਾਰੇ ॥੧॥ ਤੂੰ ਪ੍ਰੀਤਮ ਤੂੰ ਪ੍ਰਾਨ ਅਧਾਰੇ ॥ ਤੁਮ ਹੀ ਪੇਖਿ ਪੇਖਿ ਮਨੁ ਬਿਗਸਾਰੇ ॥੧॥ ਰਹਾਉ ॥ ਅਨਿਕ ਜੋਨਿ ਭ੍ਰਮਿ ਭ੍ਰਮਿ ਭ੍ਰਮਿ ਹਾਰੇ ॥ ਓਟ ਗਹੀ ਅਬ ਸਾਧ ਸੰਗਾਰੇ ॥੨॥ ਅਗਮ ਅਗੋਚਰੁ ਅਲਖ ਅਪਾਰੇ ॥ ਨਾਨਕੁ ਸਿਮਰੈ ਦਿਨੁ ਰੈਨਾਰੇ ॥੩॥੯॥੧੫॥ {ਅੰਗ 740}

ਅਰਥ: ਹੇ ਪ੍ਰਭੂ! ਤੂੰ ਸਾਡਾ ਪ੍ਰੀਤਮ ਹੈਂ, ਤੂੰ ਸਾਡੀ ਜਿੰਦ ਦਾ ਆਸਰਾ ਹੈਂ। ਤੈਨੂੰ ਹੀ ਵੇਖ ਵੇਖ ਕੇ (ਸਾਡਾ) ਮਨ ਖ਼ੁਸ਼ ਹੁੰਦਾ ਹੈ।੧।ਰਹਾਉ।

ਹੇ ਪ੍ਰਭੂ! ਹਰੇਕ ਸਰੀਰ ਵਿਚ ਤੂੰ ਹੀ ਵੱਸਦਾ ਹੈਂ, (ਦੁਨੀਆ ਦੀਆਂ) ਸਾਰੀਆਂ ਚੀਜ਼ਾਂ ਤੇਰੀ ਹੀ ਮਰਯਾਦਾ ਦੇ ਧਾਗੇ ਵਿਚ (ਪ੍ਰੋਤੀਆਂ ਹੋਈਆਂ) ਹਨ।੧।

ਹੇ ਪ੍ਰਭੂ! (ਤੈਥੋਂ ਵਿਛੁੜ ਕੇ ਜੀਵ) ਅਨੇਕਾਂ ਜੂਨਾਂ ਵਿਚ ਭਟਕ ਭਟਕ ਕੇ ਥੱਕ ਜਾਂਦੇ ਹਨ। ਮਨੁੱਖਾ ਜਨਮ ਵਿਚ ਆ ਕੇ (ਤੇਰੀ ਮੇਹਰ ਨਾਲ) ਸਾਧ ਸੰਗਤਿ ਦਾ ਆਸਰਾ ਲੈਂਦੇ ਹਨ।੨।

ਹੇ ਭਾਈ! (ਸਾਧ ਸੰਗਤਿ ਦੀ ਬਰਕਤਿ ਨਾਲ) ਨਾਨਕ ਦਿਨ ਰਾਤ ਉਸ ਪਰਮਾਤਮਾ ਦਾ ਨਾਮ ਸਿਮਰਦਾ ਹੈ ਜੋ ਅਪਹੁੰਚ ਹੈ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਜੋ ਮਨੁੱਖ ਦੀ ਸਮਝ ਤੋਂ ਪਰੇ ਹੈ, ਅਤੇ ਜੋ ਬੇਅੰਤ ਹੈ।੩।੯।੧੫।