Home / ਹੈਡਲਾਈਨਜ਼ ਪੰਜਾਬ / ਭਾਈ ਬਲਵੰਤ ਸਿੰਘ ਰਾਜੋਆਣਾ ਦਾ SGPC ਦੇ ਵਿਰੋਧ ‘ਚ ਵੱਡਾ ਐਲਾਨ; ਜਾਣੋ ਪੂਰੀ ਖਬਰ

ਭਾਈ ਬਲਵੰਤ ਸਿੰਘ ਰਾਜੋਆਣਾ ਦਾ SGPC ਦੇ ਵਿਰੋਧ ‘ਚ ਵੱਡਾ ਐਲਾਨ; ਜਾਣੋ ਪੂਰੀ ਖਬਰ

ਕੇਂਦਰੀ ਜੇਲ ਪਟਿਆਲਾ ਵਿਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਐਸ.ਜੀ.ਪੀ.ਸੀ. ਵਲੋਂ ਸਾਲ 2012 ਵਿਚ ਦੇਸ਼ ਦੇ ਰਾਸ਼ਟਰਪਤੀ ਕੋਲ ਲਗਾਈ ਗਈ ਅਪੀਲ ਦੀ ਸ਼੍ਰੋਮਣੀ ਕਮੇਟੀ ਵਲੋਂ ਕੋਈ ਪੈਰਵੀ ਨਾ ਕਰਨ ਦੇ ਰੋਸ ਵਜੋਂ 16 ਜੁਲਾਈ ਤੋਂ ਭੁੱਖ ਹੜਤਾਲ ਸ਼ੁਰੂ ਕਰਨ ਦਾ ਐਲਾਨ ਕਰ ਦਿਤਾ ਹੈ। ਭਾਈ ਬਲਵੰਤ ਸਿੰਘ ਰਾਜੋਆਣਾ ਨੇ ਇਕ ਪੱਤਰ ਜਾਰੀ ਕਰ ਕੇ ਦਸਿਆ ਕਿ ਉਹ 22 ਦਸੰਬਰ 1995 ਨੂੰ ਗ੍ਰਿਫ਼ਤਾਰੀ ਤੋਂ ਲੈ ਕੇ ਹੁਣ ਤਕ ਜੇਲ ਵਿਚ ਹੀ ਹਨ ਅਤੇ ਉਨ੍ਹਾਂ ਨੂੰ 22 ਸਾਲ 6 ਮਹੀਨੇ ਜੇਲ ਵਿਚ ਬੰਦ ਹੋਏ ਨੂੰ ਹੋ ਗਏ ਹਨ। ਉਨ੍ਹਾਂ ਦਸਿਆ ਕਿ ਉਹ ਇਸ ਕੇਸ ਵਿਚ ਚੰਡੀਗੜ੍ਹ ਦੀ ਸੈਸ਼ਨ ਕੋਰਟ ਨੇ 31 ਜੁਲਾਈ 2007 ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ, ਉਸ ਸਮੇਂ ਤੋਂ ਲੈ ਕੇ ਹੁਣ ਤਕ ਤਕਰੀਬਨ 11 ਸਾਲਾਂ ਤੋਂ ਉਹ ਫਾਂਸੀ ਦੀ ਕੋਠੀ ਵਿਚ ਹੀ ਬੰਦ ਹਨ। ਇਸ ਦੌਰਾਨ ਮਾਰਚ 2012 ਨੂੰ ਚੰਡੀਗੜ੍ਹ ਦੀ ਸ਼ੈਸ਼ਨ ਕੋਰਟ ਨੇ ਮੇਰੇ ਡੈੱਥ ਵਰੰਟ ਜਾਰੀ ਕਰਕੇ ਉਨ੍ਹਾਂ ਨੂੰ 31 ਮਾਰਚ 2012 ਨੂੰ ਫਾਂਸੀ ‘ਤੇ ਲਟਕਾਉਣ ਦੇ ਆਦੇਸ਼ ਜਾਰੀ ਕਰ ਦਿਤੇ ਸਨ। ਉਸ ਸਮੇਂ ਉਨ੍ਹਾਂ ਜੂਨ 1984 ਨੂੰ ਸਿੱਖ ਧਰਮ ਤੇ ਹੋਏ ਹਮਲੇ ਅਤੇ ਨਵੰਬਰ 1984 ਨੂੰ ਦੇਸ਼ ਵਿਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਹੋਏ ਕਤਲੇਆਮ ਦੇ ਰੋਸ ਵਜੋਂ ਕਿਤੇ ਵੀ ਕੋਈ ਅਪੀਲ ਬੇਨਤੀ ਕਰਨ ਤੋਂ ਇਨਕਾਰ ਕਰ ਦਿਤਾ ਸੀ। ਦੇਸ਼ ਅਤੇ ਵਿਦੇਸ਼ ਵਿਚ ਵਸਦੇ ਸਮੁੱਚੇ ਖ਼ਾਲਸਾ ਪੰਥ ਨੇ ਅਤੇ ਦੂਜੇ ਧਰਮਾਂ ਵਰਗਾਂ ਦੇ ਲੋਕਾਂ ਨੇ ਸੜਕਾਂ ‘ਤੇ ਨਿਕਲ ਕੇ ਉਨ੍ਹਾਂ ਦੇ ਹੱਕ ਵਿਚ ਸੰਘਰਸ਼ ਵੀ ਕੀਤਾ। ਉਸ ਸਮੇਂ ਸ਼੍ਰੋਮਣੀ ਕਮੇਟੀ ਨੇ 28 ਮਾਰਚ 2012 ਨੂੰ ਦੇਸ਼ ਦੇ ਰਾਸ਼ਟਰਪਤੀ ਕੋਲ ਅਪੀਲ ਕਰ ਕੇ ਉਨ੍ਹਾਂ ਦੀ ਫਾਂਸੀ ਦੀ ਸਜ਼ਾ ‘ਤੇ ਰੋਕ ਲਗਾਉਣ ਅਤੇ ਇਸ ਸਜ਼ਾ ਨੂੰ ਉਮਰ ਕੈਦ ਵਿਚ ਬਦਲਣ ਦੀ ਮੰਗ ਕੀਤੀ। ਇਸ ਅਪੀਲ ‘ਤੇ ਕਾਰਵਾਈ ਕਰਦੇ ਹੋਏ ਉਸ ਸਮੇਂ ਦੇ ਰਾਸ਼ਟਰਪਤੀ ਨੇ ਉਨ੍ਹਾਂ ਦੀ ਫਾਂਸੀ ਦੀ ਸਜ਼ਾ ‘ਤੇ ਰੋਕ ਲਗਾ ਕੇ ਇਸ ਅਪੀਲ ਨੂੰ ਅਗਲੀ ਕਾਰਵਾਈ ਲਈ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਭੇਜ ਦਿਤਾ ਸੀ। ਇਹ ਅਪੀਲ ਉਸ ਸਮੇਂ ਤੋਂ ਹੀ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਹੀ ਵਿਚਾਰ ਅਧੀਨ ਪਈ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਲ ਸੁਪਰਡੈਂਟ ਮੇਰੇ ਵਲੋਂ ਵਾਰ ਵਾਰ  ਬੇਨਤੀਆਂ ਕਰਨ ਦੇ ਬਾਵਜੂਦ ਵੀ ਸ਼੍ਰੋਮਣੀ ਕਮੇਟੀ ਅਪਣੇ ਵਲੋਂ ਲਗਾਈ ਗਈ। ਇਸ ਅਪੀਲ ਦੀ ਪੈਰਵੀ ਕਰਨ ਤੋਂ ਲਗਾਤਾਰ ਮੁਨਕਰ ਹੋ ਰਹੀ ਹੈ। ਇਹ ਜੋ ਅਪੀਲ ਹੈ, ਇਹ ਸ਼੍ਰੋਮਣੀ ਕਮੇਟੀ ਨੇ ਲਗਾਈ ਹੈ। ਸ਼੍ਰੋਮਣੀ ਕਮੇਟੀ ਦਾ ਸਮੁੱਚਾ ਪ੍ਰਬੰਧ ਸ਼੍ਰੋਮਣੀ ਅਕਾਲੀ ਦਲ ਦੇ ਅਧੀਨ ਹੈ ਜਿਸ ਕੇਂਦਰ ਸਰਕਾਰ ਨੇ ਇਸ ਅਪੀਲ ‘ਤੇ ਫ਼ੈਸਲਾ ਲੈਣਾ ਹੈ, ਉਸ ਕੇਂਦਰ ਸਰਕਾਰ ਵਿਚ ਅਕਾਲੀ ਦਲ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਪਿਛਲੇ 6 ਸਾਲਾਂ ਤੋਂ ਉਨ੍ਹਾਂ ਨਾਲ ਕੌਮੀ ਇਨਸਾਫ਼ ਦੇ ਸੰਘਰਸ਼ ਨਾਲ ਅਤੇ ਸਮੁੱਚੇ ਖ਼ਾਲਸਾ ਵਲੋਂ ਇਸ ਮਾਮਲੇ ਵਿਚ ਉਨ੍ਹਾਂ ਨਾਲ ਲਗਾਤਾਰ ਕੀਤੇ ਜਾ ਰਹੇ ਧੋਖੇ ਦੇ ਰੋਸ ਵਜੋਂ ਉਹ 16 ਜੁਲਾਈ ਤੋਂ ਅਪਣੀ ਭੁੱਖ ਹੜਤਾਲ ਸ਼ੁਰੂ ਕਰਨਗੇ ਅਤੇ ਇਹ ਹੜ੍ਹਤਾਲ ਉਦੋਂ ਤਕ ਜਾਰੀ ਰਹੇਗੀ, ਜਦ ਤਕ ਸ਼੍ਰੋਮਣੀ ਕਮੇਟੀ ਇਸ ਅਪੀਲ ਦੀ ਪੈਰਵੀ ਕਰ ਕੇ, ਕੇਂਦਰੀ ਗ੍ਰਹਿ ਮੰਤਰਾਲੇ ਤਕ ਪਹੁੰਚ ਕਰ ਕੇ ਇਸ ਅਪੀਲ ‘ਤੇ ਫ਼ੈਸਲਾ ਲੈਣ ਦਾ ਯਤਨ ਨਹੀਂ ਕਰਦੀ ਜਾਂ ਫਿਰ ਜੇ ਇਹ ਲੋਕ ਇਸ ਅਪੀਲ ‘ਤੇ ਕੋਈ ਫ਼ੈਸਲਾ ਨਹੀਂ ਕਰਵਾਉਣਾ ਚਾਹੁੰਦੇ ਤਾਂ ਜੇ ਇਹ ਲੋਕ ਇਸ ਅਪੀਲ ਨੂੰ ਵਾਪਸ ਲੈ ਲੈਂਦੇ ਹਨ ਤਾਂ ਵੀ ਉਹ ਅਪਣੀ ਭੁੱਖ ਹੜਤਾਲ ਖ਼ਤਮ ਕਰ ਦੇਣਗੇ। ਇਸ ਸਬੰਧੀ ਸਾਰੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੀ ਹੋਵੇਗੀ।

About thatta

Comments are closed.

Scroll To Top
error: