ਬੁੱਧਵਾਰ 12 ਮਾਰਚ 2014 (ਮੁਤਾਬਿਕ 29 ਫੱਗਣ ਸੰਮਤ 545 ਨਾਨਕਸ਼ਾਹੀ) 03:45 AM IST

9

11

ਸੋਰਠਿ ਮਹਲਾ ੫ ॥ ਜਿਤੁ ਪਾਰਬ੍ਰਹਮੁ ਚਿਤਿ ਆਇਆ ॥ ਸੋ ਘਰੁ ਦਯਿ ਵਸਾਇਆ ॥ ਸੁਖ ਸਾਗਰੁ ਗੁਰੁ ਪਾਇਆ ॥ ਤਾ ਸਹਸਾ ਸਗਲ ਮਿਟਾਇਆ ॥੧॥ ਹਰਿ ਕੇ ਨਾਮ ਕੀ ਵਡਿਆਈ ॥ ਆਠ ਪਹਰ ਗੁਣ ਗਾਈ ॥ ਗੁਰ ਪੂਰੇ ਤੇ ਪਾਈ ॥ ਰਹਾਉ ॥ ਪ੍ਰਭ ਕੀ ਅਕਥ ਕਹਾਣੀ ॥ ਜਨ ਬੋਲਹਿ ਅੰਮ੍ਰਿਤ ਬਾਣੀ ॥ ਨਾਨਕ ਦਾਸ ਵਖਾਣੀ ॥ ਗੁਰ ਪੂਰੇ ਤੇ ਜਾਣੀ ॥੨॥੨॥੬੬॥ {ਅੰਗ 626}

ਪਦਅਰਥ: ਜਿਤੁ—ਜਿਸ ਵਿਚ। ਚਿਤਿ—ਚਿੱਤ ਵਿਚ, ਹਿਰਦੇ ਵਿਚ। ਜਿਤੁ ਚਿਤਿ—ਜਿਸ ਹਿਰਦੇ—ਘਰ ਵਿਚ। ਸੋ ਘਰੁ—ਉਹ ਹਿਰਦਾ—ਘਰ। ਦਯਿ—ਪਿਆਰ ਕਰਨ ਵਾਲੇ ਪ੍ਰਭੂ ਨੇ। ਸੁਖ ਸਾਗਰੁ—ਸੁਖਾਂ ਦਾ ਸਮੁੰਦਰ। ਤਾ—ਤਦੋਂ। ਸਹਸਾ—ਸਹਿਮ।੧।

ਵਡਿਆਈ—ਸੋਭਾ, ਸਿਫ਼ਤਿ-ਸਾਲਾਹ। ਆਠ ਪਹਿਰ—ਹਰ ਵੇਲੇ। ਤੇ—ਤੋਂ। ਪਾਈ—ਪ੍ਰਾਪਤ ਕੀਤੀ।ਰਹਾਉ।

ਅਕਥ: ਬਿਆਨ ਨਾਹ ਹੋ ਸਕਣ ਵਾਲੀ। ਕਹਾਣੀ—ਸਰੂਪ ਦਾ ਵਰਣਨ। ਬੋਲਹਿ—ਬੋਲਦੇ ਹਨ। ਅੰਮ੍ਰਿਤ—ਆਤਮਕ ਜੀਵਨ ਦੇਣ ਵਾਲੀ। ਵਖਾਣੀ—ਉਚਾਰੀ। ਤੇ—ਤੋਂ।੨।

ਅਰਥ: ਹੇ ਭਾਈ! ਪਰਮਾਤਮਾ ਦੇ ਨਾਮ ਦੀ ਸਿਫ਼ਤਿ-ਸਾਲਾਹ ਕਰਨੀ, ਅੱਠੇ ਪਹਿਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਣੇ-(ਇਹ ਦਾਤਿ) ਪੂਰੇ ਗੁਰੂ ਤੋਂ ਹੀ ਮਿਲਦੀ ਹੈ।ਰਹਾਉ।

ਹੇ ਭਾਈ! ਜਿਸ ਦੇ ਹਿਰਦੇ-ਘਰ ਵਿਚ ਪਰਮਾਤਮਾ ਆ ਵੱਸਿਆ ਹੈ, ਪ੍ਰੀਤਮ-ਪ੍ਰਭੂ ਨੇ ਉਹ ਹਿਰਦਾ-ਘਰ (ਆਤਮਕ ਗੁਣਾਂ ਨਾਲ) ਭਰਪੂਰ ਕਰ ਦਿੱਤਾ। ਹੇ ਭਾਈ! (ਜਦੋਂ ਕਿਸੇ ਵਡ-ਭਾਗੀ ਨੂੰ) ਸੁਖਾਂ ਦਾ ਸਮੁੰਦਰ ਗੁਰੂ ਮਿਲ ਪਿਆ, ਤਦੋਂ ਉਸ ਨੇ ਆਪਣਾ ਸਾਰਾ ਸਹਿਮ ਦੂਰ ਕਰ ਲਿਆ।੧।

ਹੇ ਭਾਈ! ਪਰਮਾਤਮਾ ਦੇ ਸਰੂਪ ਦੀ ਗੱਲ-ਬਾਤ ਦੱਸੀ ਨਹੀਂ ਜਾ ਸਕਦੀ। ਪ੍ਰਭੂ ਦੇ ਸੇਵਕ ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦੇ ਰਹਿੰਦੇ ਹਨ। ਹੇ ਨਾਨਕ! ਉਹੀ ਸੇਵਕ ਇਹ ਬਾਣੀ ਉਚਾਰਦੇ ਹਨ, ਜਿਨ੍ਹਾਂ ਨੇ ਪੂਰੇ ਗੁਰੂ ਪਾਸੋਂ ਇਹ ਸਮਝ ਹਾਸਲ ਕੀਤੀ ਹੈ।੨।੨।੬੬।