ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦੇ ਸ਼ਹੀਦੀ ਦਿਵਸ ਸਬੰਧੀ ਧਾਰਮਿਕ ਸਮਾਗਮ ਆਰੰਭ

11

ਸ਼ਹੀਦ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦੇ 178ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਤਿੰਨ ਰੋਜ਼ਾ ਧਾਰਮਿਕ ਸਮਾਗਮ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਪੁਰਾਣਾ ਵਿਖੇ ਸੰਤ ਬਾਬਾ ਗੁਰਚਰਨ ਸਿੰਘ ਕਾਰ ਸੇਵਾ ਵਾਲਿਆਂ ਦੀ ਰਹਿਨੁਮਾਈ ਵਿਚ ਆਰੰਭ ਹੋਏ। ਅੱਜ ਸਵੇਰੇ ਗੁਰਦੁਆਰਾ ਸਾਹਿਬ ਦੇ ਹਾਲ ਵਿਚ 33 ਸ੍ਰੀ ਅਖੰਡ ਪਾਠ ਆਰੰਭ ਹੋਏ, ਜਿਨ੍ਹਾਂ ਦਾ ਭੋਗ 9 ਮਈ ਨੂੰ ਸਵੇਰੇ 9 ਵਜੇ ਪਵੇਗਾ। ਸੰਤ ਗੁਰਚਰਨ ਸਿੰਘ ਨੇ ਦੱਸਿਆ ਕਿ 8 ਮਈ ਦੀ ਰਾਤ ਨੂੰ ਧਾਰਮਿਕ ਦੀਵਾਨ ਸਜਾਇਆ ਜਾਵੇਗਾ ਅਤੇ 9 ਮਈ ਨੂੰ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜੇਗਾ, ਜਿਸ ਵਿਚ ਸੰਤ ਬਾਬਾ ਸਰਬਜੋਤ ਸਿੰਘ ਊਨਾ ਸਾਹਿਬ, ਸੰਤ ਦਇਆ ਸਿੰਘ, ਸੰਤ ਲੀਡਰ ਸਿੰਘ, ਸੰਤ ਗੁਰਰਾਜ ਪਾਲ ਸਿੰਘ, ਸੰਤ ਸੇਵਾ ਸਿੰਘ ਅਤੇ ਹੋਰ ਮਹਾਪੁਰਸ਼ ਸੰਗਤਾਂ ਦੇ ਦਰਸ਼ਨ ਕਰਨਗੇ। ਇਸ ਮੌਕੇ ਢਾਡੀ ਅਤੇ ਕਵੀਸ਼ਰੀ ਦਰਬਾਰ ਵਿਚ ਭਾਈ ਲਖਮੀਰ ਸਿੰਘ ਮਸਤ, ਗਿਆਨੀ ਪਰਮਜੀਤ ਸਿੰਘ ਪੰਛੀ, ਬੀਬੀ ਬਲਵਿੰਦਰ ਕੌਰ ਖਹਿਰਾ, ਗਿਆਨੀ ਜਰਨੈਲ ਸਿੰਘ, ਪ੍ਰੋ: ਸੁਰਜੀਤ ਸਿੰਘ, ਗਿਆਨੀ ਗੁਰਦੇਵ ਸਿੰਘ, ਭਾਈ ਅਵਤਾਰ ਸਿੰਘ, ਪ੍ਰਿੰਸੀਪਲ ਚੰਨਣ ਸਿੰਘ ਕਵੀ ਅਤੇ ਹੋਰ ਜਥੇਦਾਰ ਸੰਗਤਾਂ ਨੂੰ ਗੁਰੂ ਜੱਸ ਸਰਵਣ ਕਰਾਉਣਗੇ। ਸਮਾਗਮਾਂ ਦੀ ਆਰੰਭਤਾ ਮੌਕੇ ਭਾਈ ਬਲਦੀਪ ਸਿੰਘ ਚੇਅਰਮੈਨ ਅਨਾਦਿ ਫਾਊਂਡੇਸ਼ਨ ਉਚੇਚੇ ਤੌਰ ਤੇ ਹਾਜ਼ਰ ਸਨ। ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੀ ਮੁੱਖ ਇਮਾਰਤ ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਵਿਖੇ ਹੋਈ ਚਿੱਤਰਕਾਰੀ ਨੂੰ ਵਿਰਸਾ ਸੰਭਾਲ ਦੇ ਖੇਤਰ ਵਿਚ ਅਹਿਮ ਦਸਤਾਵੇਜ਼ ਦੱਸਿਆ। ਸੰਤ ਗੁਰਚਰਨ ਸਿੰਘ ਨੇ ਭਾਈ ਬਲਦੀਪ ਸਿੰਘ ਅਤੇ ਅਮਰੀਕਨ ਸਿੰਘ ਅਤੇ ਨਿਹਾਲ ਸਿੰਘ ਨੂੰ ਸਨਮਾਨਿਤ ਵੀ ਕੀਤਾ।