Home / ਅੰਨਦਾਤਾ ਲਈ / ਫ਼ਸਲਾਂ ਲਈ ਖੁਰਾਕੀ ਤੱਤਾਂ ਦੀ ਪੂਰਤੀ ਇੰਜ ਕਰੋ।

ਫ਼ਸਲਾਂ ਲਈ ਖੁਰਾਕੀ ਤੱਤਾਂ ਦੀ ਪੂਰਤੀ ਇੰਜ ਕਰੋ।

cropsਫ਼ਸਲਾਂ ਲਈ ਖੁਰਾਕੀ ਤੱਤਾਂ ਦੀ ਪੂਰਤੀ ਇੰਜ ਕਰੋ

ਫ਼ਸਲਾਂ ਤੋਂ ਚੰਗਾ ਝਾੜ ਲੈਣ ਲਈ ਖੁਰਾਕੀ ਤੱਤਾਂ ਦੀ ਸੰਤੁਲਿਤ ਵਰਤੋਂ ਸਬੰਧੀ ਭਾਵੇਂ ਅਸੀਂ ਸਾਰੇ ਜਾਣੂ ਹਾਂ ਪਰ ਵੱਖ-ਵੱਖ ਢੰਗ-ਤਰੀਕਿਆਂ ਨੂੰ ਅਪਣਾਉਦੇ ਹੋਏ ਫ਼ਸਲਾਂ ਲਈ ਖੁਰਾਕੀ ਤੱਤ ਉਪਲਬਧ ਕਰਵਾਉਣੇ ਵੀ ਫ਼ਸਲਾਂ ਦੇ ਸਰਬਪੱਖੀ ਵਿਕਾਸ ਲਈ ਅਤਿ ਜ਼ਰੂਰੀ ਹਨ। ਅੱਜ ਕਿਸਾਨ ਦਾ ਰਸਾਇਣਿਕ ਖਾਦਾਂ ‘ਤੇ ਕੀਤਾ ਜਾ ਰਿਹਾ ਖਰਚਾ ਦਿਨ-ਬ-ਦਿਨ ਖਾਦਾ ਦੀਆਂ ਕੀਮਤਾਂ ਵਧਣ ਕਾਰਨ ਵਧਦਾ ਜਾ ਰਿਹਾ ਹੈ, ਤੇ ਨਤੀਜੇ ਵਜੋਂ ਨਿਰੋਲ ਆਮਦਨ ਵਿਚ ਭਾਰੀ ਕਮੀ ਹੋ ਰਹੀ ਹੈ। ਖੇਤੀ ਦੇ ਕੁਲ ਖਰਚੇ ਦਾ ਤਕਰੀਬਨ 50ંਫ਼ੀਸਦੀ ਹਿੱਸਾ ਰਸਾਇਣਿਕ ‘ਤੇ ਹੋ ਰਿਹਾ ਖਰਚਾ ਸਰਬਪੱਖੀ ਢੰਗ-ਤਰੀਕੇ ਅਪਣਾ ਕੇ ਘਟਾਇਆ ਜਾ ਸਕਦਾ ਹੈ। ਇਸ ਲੇਖ ਰਾਹੀਂ ਕਿਸਾਨਾਂ ਦੀ ਜਾਣਕਾਰੀ ਲਈ ਅਤੇ ਖੁਰਾਕੀ ਤੱਤਾਂ ਦੀ ਸੰਤੁਲਿਤ ਵਰਤੋਂ ਕਰਨ ਹਿਤ ਦੂਜੇ ਉਪਲਬਧ ਵਸੀਲਿਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਦੀ ਨਿਰੋਲ ਆਮਦਨ ਵਿਚ ਵਾਧਾ ਕੀਤਾ ਜਾ ਸਕੇ। ਫ਼ਸਲਾਂ ਦੇ ਸਰਬਪੱਖੀ ਵਿਕਾਸ ਲਈ ਤਕਰੀਬਨ 17 ਖੁਰਾਕੀ ਤੱਤਾਂ ਦੀ ਲੋੜ ਹੁੰਦੀ ਹੈ ਜਿਨ੍ਹਾਂ ਦੀ ਹੇਠ ਲਿਖੇ ਵੱਖ-ਵੱਖ ਉਪਰਾਲਿਆਂ ਰਾਹੀਂ ਪੂਰਤੀ ਸਹਿਜੇ ਹੀ ਕੀਤੀ ਜਾ ਸਕਦੀ ਹੈ।

1 ਰੂੜੀ ਦੀ ਖਾਦ/ਗੰਡੋਇਆਂ ਵਾਲੀ ਖਾਦ : ਇਸ ਤਰ੍ਹਾਂ ਦੀ ਖਾਦ ਦੀ ਵਰਤੋਂ ਕਰਨ ਨਾਲ ਜਿਥੇ ਰਸਾਇਣਿਕ ਖਾਦਾਂ ‘ਤੇ ਆਉਂਦਾ ਖਰਚਾ ਘਟਾਇਆ ਜਾ ਸਕਦਾ ਹੈ ਉਥੇ ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਭੌਤਿਕ ਬਣਤਰ ਵਿਚ ਵੀ ਸੁਧਾਰ ਹੁੰਦਾ ਹੈ। ਰੂੜੀ ਦੀ ਖਾਦ ਦੀ ਵਰਤੋਂ ਨਾਲ ਫ਼ਸਲਾਂ ਲਈ ਲੋੜੀਂਦੇ ਸੂਖਮ ਤੱਤ ਜਿਵੇ ਕਿ ਜ਼ਿੰਕ, ਮੈਗਨੀਜ਼, ਲੋਹਾ ਆਦਿ ਦੀ ਵੀ ਪੂਰਤੀ ਹੁੰਦੀ ਹੈ । ਅੱਜ ਦੇ ਬੇਹੱਦ ਭੱਜ-ਦੌੜ ਵਾਲੇ ਸਮੇਂ ਵਿਚ ਅਸੀਂ ਇਨ੍ਹਾਂ ਤਰੀਕਿਆਂ ਨੂੰ ਭਾਵੇਂ ਛੱਡ ਗਏ ਹਾਂ ਪਰ ਅੱਜ ਵਧ ਰਹੇ ਖੇਤੀ ਖਰਚਿਆਂ ਕਾਰਨ ਇਨ੍ਹਾਂ ਸਾਧਨਾਂ ਨੂੰ ਮੁੜ ਅਪਣਾਉਣ ਦੀ ਜ਼ਰੂਰਤ ਹੈ। ਟੋਇਆ ਪੁੱਟ ਕੇ ਜਾ ਵਰਮੀ ਕੰਪੋਸਟ ਯੂਨਿਟ ਉਸਾਰ ਕੇ ਜਦੋਂ ਇਕ ਵਾਰੀ ਸ਼ੁਰੂਆਤ ਕੀਤੀ ਜਾਵੇ ਤਾਂ ਫਿਰ ਇਕ ਤਰਾਂ ਦਾ ਰੁਟੀਨ ਬਣ ਜਾਂਦਾ ਹੈ ਜਿਸ ਦਾ ਫਾਇਦਾ ਉਪਜ ਦੀ ਕੁਆਲਟੀ ਅਤੇ ਮਿਕਦਾਰ ਵਿਚ ਸਾਫ ਝਲਕਦਾ ਹੈ।
ਇਕ ਅੰਦਾਜ਼ੇ ਮੁਤਾਬਿਕ ਇਕ ਟਨ ਗੋਬਰ ਦੀ ਖਾਦ ਵਿਚ 3.5 ਕਿਲੋਗ੍ਰਾਮ ਨਾਈਟਰੋਜਨ,1.7 ਕਿਲੋਗ੍ਰਾਮ ਪੋਟਾਸ਼ ਅਤੇ 1.2 ਕਿਲੋਗ੍ਰਾਮ ਫਾਸਫੋਰਸ ਤੱਤ ਹੁੰਦੇ ਹਨ। ਇਸ ਤਰਾਂ ਇਕ ਟਨ ਚੰਗੀ ਗਲੀ-ਸੜੀ ਰੂੜੀ ਦੀ ਖਾਦ ਜਿਸ ਵਿਚ ਗੋਬਰ, ਫ਼ਸਲਾਂ ਦੀ ਰਹਿੰਦ-ਖੂੰਹਦ, ਡੰਗਰਾਂ ਦਾ ਮੂਤਰ ਆਦਿ ਹੁੰਦਾ ਹੈ ਵਿਚ 7.5 ਕਿਲੋਗ੍ਰਾਮ ਨਾਈਟਰੋਜਨ, 2 ਕਿਲੋ ਫਾਸਫੋਰਸ ਅਤੇ 5 ਕਿਲੋਗ੍ਰਾਮ ਪੋਟਾਸ਼ ਹੁੰਦਾ ਹੈ। ਇਸ ਤੋਂ ਇਲਾਵਾ ਗੋਬਰ ਗੈਸ ਪਲਾਂਟ ਬਾਇਓ ਗੈਸ ਸਲਰੀ ਵੀ ਵਧੀਆ ਖਾਦ ਦਾ ਕੰਮ ਕਰਦੀ ਹੈ। ਇਕ ਟਨ ਬਾਇਓ ਗੈਸ ਸਲਰੀ ਵਿਚ ਤਕਰੀਬਨ 13.5 ਕਿਲੋਗ੍ਰਾਮ ਨਾਈਟਰੋਜਨ, 7 ਕਿਲੋ ਫਾਸਫੋਰਸ ਅਤੇ 8 ਕਿਲੋਗ੍ਰਾਮ ਪੋਟਾਸ਼ ਹੁੰਦੀ ਹੈ। ਖਾਦਾਂ ਦੀ ਸਰਬਪੱਖੀ ਤਰੀਕੇ ਨਾਲ ਵਰਤੋਂ ਕਰਨ ਨਾਲ ਮੁੱਖ ਰਸਾਇਣਿਕ ਖਾਦਾਂ ‘ਤੇ ਆਉਂਦਾ ਖਰਚਾ ਤਾਂ ਘਟਾਇਆ ਹੀ ਜਾ ਸਕਦਾ ਹੈ ਅਤੇ ਫ਼ਸਲਾਂ ਲਈ ਦੂਜੇ ਸੂਖਮ ਤੱਤਾਂ ਦੀ ਪੂਰਤੀ ਵੀ ਸਹਿਜੇ ਹੀ ਹੋ ਜਾਂਦੀ ਹੈ।

2 ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਵਰਤੋਂ :-ਫ਼ਸਲਾਂ ਦੀ ਰਹਿੰਦ-ਖੂੰਹਦ ਤੇ ਖਾਸ ਤੌਰ ‘ਤੇ ਝੋਨਾ/ਕਣਕ ਦੇ ਪਰਾਲੀ/ਨਾੜ ਨੂੰ ਸਾੜਨਾ ਕਿਸਾਨਾਂ ਵਿਚ ਆਮ ਗੱਲ ਬਣ ਗਈ ਹੈ। ਆਪਣੀ ਮਿਹਨਤ ਨਾਲ ਪੈਦਾ ਕੀਤੇ ਪਰਾਲ ਨੂੰ ਅਸੀਂ ਭੰਗ ਦੇ ਭਾੜੇ ਅੱਗ ਲਗਾ ਕੇ ਸਵਾਹ ਕਰ ਦਿੰਦੇ ਹਾਂ। ਫ਼ਸਲਾਂ ਦੀ ਰਹਿੰਦ-ਖੂੰਹਦ/ਪਰਾਲ ਆਦਿ ਵਿਚ ਵੀ ਬੇਸ਼ੁਮਾਰ ਖੁਰਾਕੀ ਤੱਤ ਹੁੰਦੇ ਹਨ ਜਿਨ੍ਹਾਂ ਦੀ ਜ਼ਮੀਨ ਵਿਚ ਵਰਤੋਂ ਕਰਨ ਨਾਲ ਰਸਾਇਣਿਕ ਖਾਦਾਂ ‘ਤੇ ਆਉਂਦਾ ਖਰਚਾ ਘਟਾਇਆ ਜਾ ਸਕਦਾ ਹੈ, ਨਾਲ ਹੀ ਜ਼ਮੀਨ ਦੀ ਉਪਜਾਊ ਸ਼ਕਤੀ, ਪਾਣੀ ਸੰਭਾਲਣ ਦੀ ਸਮਰੱਥਾ ਆਦਿ ਵਿਚ ਵੀ ਸੁਧਾਰ ਕੀਤਾ ਜਾ ਸਕਦਾ ਹੈ। ਇਕ ਅੰਦਾਜ਼ੇ ਮੁਤਾਬਿਕ ਪ੍ਰਤੀ ਟਨ ਝੋਨੇ ਦੇ ਪਰਾਲ ਵਿਚ 5.5 ਕਿਲੋਗ੍ਰਾਮ ਨਾਈਟ੍ਰੋਜਨ, 2.0 ਕਿਲੋਗ੍ਰਾਮ ਫਾਸਫੋਰਸ ਅਤੇ 14 ਕਿਲੋਗ੍ਰਾਮ ਪੋਟਾਸ਼ ਤੱਕ ਹੁੰਦੇ ਹਨ। ਕਣਕ ਦੇ ਨਾੜ ਵਿਚ 4.5 ਕਿਲੋਗ੍ਰਾਮ ਨਾਈਟਰੋਜਨ 1.5 ਕਿਲੋ ਫਾਸਫੋਰਸ ਅਤੇ 12 ਕਿਲੋਗ੍ਰਾਮ ਪੋਟਾਸ਼ ਤੱਤ ਹੁੰਦੇ ਹਨ। ਪ੍ਰਤੀ ਟਨ ਕਮਾਦ ਦੀ ਖੋਰੀ ਵਿਚ ਤਕਰੀਬਨ 4 ਕਿਲੋ ਨਾਈਟ੍ਰੋਜਨ ,2 ਕਿਲੋ ਫਾਸਫੋਰਸ ਅਤੇ 13 ਕਿਲੋਗ੍ਰਾਮ ਪੋਟਾਸ਼ ਤੱਤ ਹੁਦੇ ਹਨ । ਇਸੇ ਤਰਾਂ ਮੱਕੀ ਪ੍ਰਤੀ ਟਨ ਬਚ-ਖੁਚ ਵਿਚ ਤਕਰੀਬਨ 5 ਕਿਲੋਗ੍ਰਾਮ ਨਾਈਟ੍ਰੋਜਨ,1.5 ਫਾਸਫੋਰਸ ਅਤੇ 13.5 ਕਿਲੋ ਗ੍ਰਾਮ ਪੋਟਾਸ਼ ਦੇ ਤੱਤ ਹੋਣ ਬਾਰੇ ਅੰਦਾਜ਼ਾ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਦੂਜੀਆਂ ਫ਼ਸਲਾਂ ਦੀ ਰਹਿੰਦ-ਖੂੰਹਦ ਵਿਚ ਬੇਸ਼ੁਮਾਰ ਤੱਤ ਹੁੰਦੇ ਹਨ ਇਸ ਲਈ ਇਨ੍ਹਾਂ ਸਾਧਨਾਂ ਦੀ ਸੁਚੱਜੀ ਵਰਤੋਂ ਨਾਲ ਵੀ ਫ਼ਸਲਾਂ ਦੀ ਖੁਰਾਕੀ ਤੱਤ ਸਬੰਧੀ ਲੋੜ ਦੀ ਪੂਰਤੀ ਸਹਿਜੇ ਹੀ ਕੀਤੀ ਜਾ ਸਕਦੀ ਹੈ।
3 ਹਰੀ ਖਾਦ ਦੀ ਵਰਤੋਂ: ਹਰੀ ਖਾਦ ਰਾਹੀਂ ਢਾਂਚੇ, ਸਣ ਆਦਿ ਦੀ ਬਿਜਾਈ ਵੀ ਖੁਰਾਕੀ ਤੱਤਾਂ ਦੀ ਉਪਲਬਧਤਾ ਯਕੀਨੀ ਬਣਾਉਣ ਅਤੇ ਜ਼ਮੀਨ ਦੀ ਭੌਤਿਕ ਬਣਤਰ ਵਿਚ ਸੁਧਾਰ ਕਰਨ ਵਿਚ ਖਾਸੀ ਸਹਾਈ ਹੁੰਦੀ ਹੈ, ਹਰੀ ਖਾਦ ਵਜੋਂ ਬੀਜਿਆ ਢਾਂਚਾਂ ਅਤੇ ਸਣ ਦੀ ਫ਼ਸਲ ਬਾਕੀ ਹੋਰ ਖੁਰਾਕੀ ਤੱਤਾਂ ਤੋਂ ਇਲਾਵਾ ਜ਼ਮੀਨ ਵਿਚ ਤਕਰੀਬਨ 70 ਤੋਂ 80 ਕਿਲੋ ਨਾਈਟੋਰਜਨ ਪ੍ਰਤੀ ਹੈਕਟਰ ਤੱਕ ਪਾਉਣ ਦੀ ਸਮਰਥਾ ਰੱਖਦੇ ਹਨ | ਇਨ੍ਹਾਂ ਫ਼ਸਲਾਂ ਨੂੰ ਕਣਕ ਦੀ ਵਾਢੀ ਤੋਂ ਬਾਅਦ ਅਤੇ ਸਾਉਣੀ ਵਿਚ ਬੀਜੀ ਜਾਣ ਵਾਲੀ ਕੋਈ ਵੀ ਫ਼ਸਲ ਝੋਨਾ/ਮੱਕੀ /ਬਾਸਮਤੀ ਆਦਿ ਦੀ ਬਿਜਾਈ ਤੋਂ ਪਹਿਲਾਂ ਵਾਹ ਕੇ ਖੁਰਾਕੀ ਤੱਤਾਂ ਦੀ ਪੂਰਤੀ ਕੀਤੀ ਜਾ ਸਕਦੀ ਹੈ |
4 ਜੀਵਾਣੂ ਖਾਦਾਂ: ਰਾਇਜੋਬੀਅਮ, ਐਜੋਟੋਬੇਕਟਰ, ਫਾਸਫੋਰਸ ਸੋਲੂਬੋਲਾਇਜਗ ਬੈਕਟੀਰਿਆ ਆਦਿ ਦੀ ਬਤੌਰ ਜੀਵਾਣੂ ਵਰਤੋਂ ਵੀ ਖਾਦਾਂ ਦੀ ਲੋੜ ਘਟਾਉਣ ਵਿਚ ਸਹਾਈ ਸਾਬਤ ਹੋ ਸਕਦੀ ਹੈ | ਵਾਤਵਰਨ ਵਿਚ ਮੌਜੂਦ ਤਕਰੀਬਨ 70‚ ਫ਼ੀਸਦੀ ਨਾਈਟਰੋਜਨ ਨੂੰ ਰਾਇਜੋਬੀਅਮ ਨਾਂਅ ਦੇ ਬੈਕਟੀਰੀਆ ਫ਼ਸਲਾਂ/ਜ਼ਮੀਨ ਲਈ ਸਹਿਜੇ ਹੀ ਉਪਲਬਧ ਕਰਵਾਉਣ ਦੀ ਸਮਰੱਥਾ ਰੱਖਦੇ ਹਨ | ਦਾਲਾਂ ਵਾਲੀਆਂ ਫ਼ਸਲਾਂ ਲਈ ਰਾਇਜੋਬੀਅਮ ਜੀਵਾਣੂਆਂ ਦੀ ਸਿਫਾਰਸ਼ ਹੈ | ਐਜੋਟੋਬੈਕਟਰ ਜੀਵਾਣੂਆਂ ਦੀ ਵਰਤੋਂ ਕਣਕ, ਮੱਕੀ ਆਦਿ ਵਰਗੀਆਂ ਫ਼ਸਲਾਂ ਲਈ ਹੈ | ਇਸੇ ਤਰਾਂ ਫਾਸਫੋ ਸੋਲੂ ਬਲਾਇੰਜਗ ਜੀਵਾਣੂ ਜ਼ਮੀਨ ਵਿਚ ਉਪਲਬਧ ਫਾਸਫੋਰਸ ਜੋ ਕਿ ਬੂਟਿਆਂ ਤੱਕ ਨਹੀਂ ਪੁੱਜਦੀ, ਨੂੰ ਬੂਟਿਆਂ ਲਈ ਉਪਲਬਧ ਕਰਵਾਉਣ ਵਿਚ ਸਹਾਈ ਹੁੰਦੇ ਹਨ | ਇਨ੍ਹਾਂ ਜੀਵਾਣੂਆਂ ਦੀ ਸਹੀ ਤੇ ਮਾਹਰਾਂ ਦੀ ਸਲਾਹ ਨਾਲ ਵਰਤੋਂ ਕਰਨ ਨਾਲ ਖੁਰਾਕੀ ਤੱਤਾਂ ਦੀ ਵਰਤੋਂ ਘਟਾਈ ਜਾ ਸਕਦੀ ਹੈ |
5 ਫ਼ਸਲੀ ਚੱਕਰ ਵਿਚ ਸੁਧਾਰ: ਫ਼ਸਲੀ ਚੱਕਰ ਵਿਚ ਸੁਧਾਰ ਕਰਨ ਨਾਲ ਵੀ ਰਸਾਇਣਿਕ ਖਾਦਾਂ ਦੀ ਵਰਤੋਂ ਵਿਚ ਕਮੀ ਲਿਆਂਦੀ ਜਾ ਸਕਦੀ ਹੈ | ਝੋਨੇ -ਕਣਕ ਦੇ ਫ਼ਸਲੀ ਚੱਕਰ ਵਿਚ ਦਾਲਾਂ ਦੀ ਸ਼ਮੂਲੀਅਤ ਨਾਲ ਫ਼ਸਲਾਂ ਦੇ ਖੁਰਾਕੀ ਤੱਤਾਂ ਦੀ ਉਪਲਬਧਤਾ ਵਿਚ ਵਾਧਾ ਹੁੰਦਾ ਹੈ | ਦਾਲਾਂ ਵਾਲੀਆਂ ਫ਼ਸਲਾਂ ਦੀਆਂ ਜੜ੍ਹਾਂ ਵਿਚ ਜੀਵਾਣੂ ਹੁੰਦੇ ਹਨ ਜੋ ਕਿ ਹਵਾ ਵਿਚੋਂ ਨਾਈਟ੍ਰੋਜਨ ਖਿੱਚਣ ਦੀ ਸਮਰੱਥਾ ਰੱਖਦੇ ਹਨ | ਇਸ ਸਮਰੱਥਾ ਦਾ ਫਾਇਦਾ ਦਾਲਾਂ ਦੀ ਕਾਸ਼ਤ ਤੋਂ ਬਾਅਦ ਬੀਜੀਆਂ ਫ਼ਸਲਾਂ ਨੂੰ ਮਿਲਦਾ ਹੈ | ਇਕ ਅੰਦਾਜ਼ੇ ਮੁਤਾਬਿਕ ਦਾਲਾਂ 35 ਕਿਲੋਗ੍ਰਾਮ ਨਾਈਟ੍ਰੋਜਨ ਪ੍ਰਤੀ ਹੈਕਟੇਅਰ, ਬਰਸੀਮ 60 ਕਿਲੋ ਗ੍ਰਾਮ ਨਾਈਟ੍ਰੋਜਨ, ਸੈਂਜੀ 130 ਕਿਲੋ ਗ੍ਰਾਮ ਨਾਈਟ੍ਰੋਜਨ ਜ਼ਮੀਨ ਵਿਚ ਸਹਿਜੇ ਹੀ ਉਪਲਬਧ ਕਰਵਾ ਸਕਦੇ ਹਨ, ਫ਼ਸਲੀ ਚੱਕਰ ਵਿਚ ਸੁਧਾਰ ਲਿਆ ਕੇ ਫ਼ਸਲਾਂ ਲਈ ਖੁਰਕੀ ਤੱਤਾਂ ਦੀ ਲੋੜ ਦੀ ਪੂਰਤੀ ਕੀਤੀ ਜਾ ਸਕਦੀ ਹੈ |
6 ਰਸਾਇਣਕ ਖਾਦਾਂ ਦੀ ਸੰਤੁਲਿਤ ਅਤੇ ਲੋੜ ਅਨੁਸਾਰ ਵਰਤੋਂ: ਰਸਾਇਣਿਕ ਖਾਦਾਂ ਦੀ ਸੰਤੁਲਿਤ ਅਤੇ ਲੋੜ ਅਨੁਸਾਰ ਵਰਤੋਂ ਕਰਨ ਲਈ ਮਿੱਟੀ ਪਰਖ , ਪੱਤਾ ਰੰਗ ਚਾਰਟ ਆਦਿ ਦੇ ਢੰਗ-ਤਰੀਕੇ ਅਪਣਾਏ ਜਾ ਸਕਦੇ ਹਨ | ਖੇਤੀਬਾੜੀ ਯੂਨੀਵਰਸਟੀ ਵੱਲੋਂ ਇਨ੍ਹਾਂ ਤਰੀਕਿਆਂ ਰਾਹੀਂ ਫ਼ਸਲਾਂ ਲਈ ਮਿੱਟੀ ਅਤੇ ਫ਼ਸਲ ਦੀ ਹਾਲਤ ਅਨੁਸਾਰ ਖੁਰਾਕੀ ਤੱਤਾਂ ਦੀ ਲੋੜ ਆਂਕੀ ਜਾਂਦੀ ਹੈ ਤੇ ਫਿਰ ਖਾਦਾਂ ਦੀ ਵਰਤੋਂ ਕਰਨ ਦਾ ਸਹੀ ਤਰੀਕਾ ਜੇਕਰ ਅਪਣਾਇਆ ਜਾਵੇ ਤਾਂ ਰਸਾਇਣਿਕ ਖਾਦਾਂ ਦੀ ਵਰਤੋਂ ਘਟਾਈ ਜਾ ਸਕਦੀ ਹੈ | ਮਹਿਕਮਾ ਖੇਤੀਬਾੜੀ ਦੀਆਂ ਪੰਜਾਬ ਭਰ ਵਿਚ ਤਕਰੀਬਨ 66 ਭੌਾ-ਪਰਖ ਪ੍ਰਯੋਗਸ਼ਾਲਾਵਾਂ ਕੰਮ ਕਰ ਰਹੀਆਂ ਹਨ, ਇਸੇ ਤਰ੍ਹਾਂ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪੱਤਾ ਰੰਗ ਚਾਰਟ ਦੀ ਵਰਤੋਂ ਕਣਕ/ਝੋਨੇ ਦੀ ਫ਼ਸਲ ‘ਤੇ ਕਰਨ ਦੀ ਵੀ ਸਿਫਾਰਸ਼ ਹੈ | ਇਨ੍ਹਾਂ ਸਹੂਲਤਾਂ ਅਤੇ ਸਿਫਾਰਸ਼ਾਂ ਦਾ ਫਾਇਦਾ ਉਠਾਉਣਾ ਖਾਦਾਂ ਦੀ ਸਰਬਪੱਖੀ ਵਰਤੋਂ ਕਰਨ ਹਿਤ ਬੇਹੱਦ ਜ਼ਰੂਰੀ ਹੈ |
ਉਪਰੋਕਤ ਅਨੁਸਾਰ ਵੱਖ-ਵੱਖ ਢੰਗਾਂ ਰਾਹੀਂ ਫ਼ਸਲਾਂ ਲਈ ਸਰਬਪੱਖੀ ਖੁਰਾਕੀ ਤੱਤਾਂ ਦੀ ਪੂਰਤੀ ਖੇਤੀ ਦੇ ਵਿਕਾਸ ਵਿਚ ਸਹਾਈ ਹੋ ਸਕਦੀ ਹੈ | ਆਓ, ਸਾਰੇ ਇਨ੍ਹਾਂ ਢੰਗਾਂ ਪ੍ਰਤੀ ਇਮਾਨਦਾਰੀ ਦਿਖਾਉਾਦੇ ਹੋਏ ਇਨ੍ਹਾਂ ਨੂੰ ਜ਼ਰੂਰ ਅਪਣਾਈਏ ਤਾਂ ਜੋ ਕੀਮਤੀ ਰਸਾਇਣਿਕ ਖਾਦਾਂ ਦੇ ਖਰਚਿਆਂ ਨੂੰ ਘਟਾਉਾਦੇ ਹੋਏ ਆਪਣੀ ਨਿਰੋਲ ਆਮਦਨੀ ਵਿਚ ਵਾਧਾ ਕੀਤਾ ਜਾ ਸਕੇ | (ਸਮਾਪਤ)
-ਡਾ: ਨਰੇਸ਼ ਕੁਮਾਰ ਗੁਲਾਟੀ
ਖੇਤੀਬਾੜੀ ਵਿਕਾਸ ਅਫਸਰ, ਜਲੰਧਰ।

About thatta.in

Comments are closed.

Scroll To Top
error: