Home / ਸੁਣੀ-ਸੁਣਾਈ / ਪੰਜਾਬ ‘ਚ ‘ਪੜ੍ਹੇ-ਲਿਖਿਆਂ’ ‘ਚ ਲਗਾਤਾਰ ਵਧ ਰਿਹੈ ਜੁਰਮ ਕਰਨ ਦਾ ਗ੍ਰਾਫ਼

ਪੰਜਾਬ ‘ਚ ‘ਪੜ੍ਹੇ-ਲਿਖਿਆਂ’ ‘ਚ ਲਗਾਤਾਰ ਵਧ ਰਿਹੈ ਜੁਰਮ ਕਰਨ ਦਾ ਗ੍ਰਾਫ਼

20100315.180316_sexcrime
-ਗੁਰਸੇਵਕ ਸਿੰਘ ਸੋਹਲ-

ਚੰਡੀਗੜ੍ਹ, 7 ਸਤੰਬਰ-ਪੰਜਾਬ ‘ਚ ‘ਪੜ੍ਹੇ-ਲਿਖਿਆਂ’ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਪ੍ਰੰਤੂ ਪੜ੍ਹੇ-ਲਿਖੇ ਲੋਕਾਂ ‘ਚ ਮਨੁੱਖਤਾ ਦੀ ਦਰ ਲਗਾਤਾਰ ਡਿੱਗ ਰਹੀ ਹੈ। ਬੇਸ਼ੱਕ, ਪਿਛਲੇ ਇਕ ਦਹਾਕੇ ਦੌਰਾਨ ਸੂਬੇ ‘ਚ ਅਨਪੜ੍ਹਤਾ ਦੀ ਦਰ ਮਨਫ਼ੀ ਹੋਈ ਹੈ ਤੇ ਪੜ੍ਹ-ਲਿਖ ਸਕਣ ‘ਚ ਸਮਰੱਥ ਲੋਕਾਂ ਦੀ ਗਿਣਤੀ (ਲਿਟਰੇਸੀ ਰੇਟ) ਵਧੀ ਹੈ ਪਰ ਇਕ ਅਹਿਮ ਤੱਥ ਇਹ ਵੀ ਹੈ ਕਿ ਸੂਬੇ ‘ਚ ਵੱਖ-ਵੱਖ ਜੁਰਮਾਂ ਤਹਿਤ ਜੇਲ੍ਹ ਯਾਤਰਾ ਕਰਨ ਵਾਲਿਆਂ ‘ਚ ਅਨਪੜ੍ਹ ਵਿਅਕਤੀ ਘੱਟ ਅਤੇ ਪੜ੍ਹੇ-ਲਿਖੇ ਮਰਦ-ਔਰਤਾਂ ਜ਼ਿਆਦਾ ਦਰਜ ਹੋ ਰਹੇ ਹਨ। ਸੂਬੇ ‘ਚ ਜੇਲ੍ਹ ਜਾਣ ਵਾਲੀਆਂ ਔਰਤਾਂ ‘ਚ ਵੀ ਅਨਪੜ੍ਹ ਔਰਤਾਂ ਦੀ ਗਿਣਤੀ ਘੱਟ ਪਰ ਪੜ੍ਹੀਆਂ-ਲਿਖੀਆਂ ਔਰਤਾਂ ਦੀ ਗਿਣਤੀ ਲਗਾਤਾਰ ਜ਼ਿਆਦਾ ਦਰਜ ਕੀਤੀ ਜਾ ਰਹੀ ਹੈ। ‘ਡਾਇਰੈਕਟਰ ਜਨਰਲ ਜੇਲ੍ਹਾਂ ਪੰਜਾਬ’ ਦੇ ਇਨ੍ਹਾਂ ਅੰਕੜਿਆਂ ਨੂੰ ਇਕ ਸਾਰਥਿਕ ਬਹਿਸ ਦਾ ਵਿਸ਼ਾ ਬਣਾਇਆ ਜਾ ਸਕਦਾ ਹੈ ਕਿ ਕੀ ਕੌਮੀ ਪੱਧਰ ‘ਤੇ ਪੰਜਾਬ ‘ਚ ਪੜ੍ਹ-ਲਿਖ ਸਕਣ ਦੇ ਸਮਰੱਥ ਲੋਕਾਂ ਦੀ ਗਿਣਤੀ (ਲਿਟਰੇਸੀ ਰੇਟ) ਵਧਣ ‘ਤੇ ਵਿੱਦਿਅਕ ਅਦਾਰੇ ਤੇ ਗੈਰ-ਸਰਕਾਰੀ ਸੰਸਥਾਵਾਂ ਆਪਣੀ ਪਿੱਠ ਥਾਪੜ ਸਕਦੀਆਂ ਹਨ ਤੇ ਸੂਬੇ ‘ਚ ਪੜ੍ਹੇ-ਲਿਖੇ ਲੋਕਾਂ ‘ਚ ਜੁਰਮ ਦੀ ਪ੍ਰਵਿਰਤੀ ਵਧਣ ਦੇ ਕਿਹੜੇ ਸਮਾਜਿਕ ਜਾਂ ਗੈਰ-ਸਮਾਜਿਕ ਕਾਰਨ ਹੋ ਸਕਦੇ ਹਨ ਤੇ ਕੀ ਲੱਖਾਂ ਦੇ ਤਨਖਾਹ ਪੈਕੇਜ ਦਿਵਾਉਣ ‘ਚ ਸਮਰੱਥ ਅਜੋਕੀ ਸਿੱਖਿਆ ਪ੍ਰਣਾਲੀ, ਮਾਨਵੀ ਜ਼ਿਹਨ ‘ਚ ਚੰਗੀਆਂ ਕਦਰਾਂ-ਕੀਮਤਾਂ ਭਰਨ ਦੇ ਸਮਰੱਥ ਹੈ?
ਅੰਕੜੇ ਦੱਸਦੇ ਹਨ ਕਿ ਸਾਲ 2013-14 ਦੌਰਾਨ ਪੰਜਾਬ ਦੀਆਂ ਜੇਲ੍ਹਾਂ ‘ਚ ਕੈਦ ਕੀਤੇ ਗਏ ਮਰਦ ਕੈਦੀਆਂ ਦੀ ਗਿਣਤੀ 25,985 ਸੀ, ਜਿਨ੍ਹਾਂ ‘ਚੋਂ 19,365 ਮਰਦ ਪੜ੍ਹੇ-ਲਿਖੇ ਸਨ, ਜਦਕਿ 8,467 ਅਨਪੜ੍ਹ ਸਨ। ਇਸੇ ਤਰ੍ਹਾਂ ਉਪਰੋਕਤ ਵਰ੍ਹੇ ਦੌਰਾਨ ਕੈਦ ਕੀਤੀਆਂ ਗਈਆਂ ਔਰਤ ਕੈਦੀਆਂ ਦੀ ਗਿਣਤੀ 1,464 ਸੀ, ਜਿਨ੍ਹਾਂ ‘ਚੋਂ 1,265 ਔਰਤਾਂ ਪੜ੍ਹੀਆਂ-ਲਿਖੀਆਂ ਸਨ, ਜਦਕਿ 420 ਔਰਤਾਂ ਅਨਪੜ੍ਹ ਸਨ।
ਪਿਛਲੇ 10 ਸਾਲਾਂ ‘ਚ ਜਿਉਂ-ਜਿਉਂ ਪੰਜਾਬ ‘ਚ ਪੜ੍ਹੇ-ਲਿਖਿਆਂ ਦੀ ਦਰ ਵਧੀ ਹੈ, ਉਸੇ ਤਰ੍ਹਾਂ ਹੀ ਪਿਛਲੇ 10 ਸਾਲਾਂ ‘ਚ ਪੜ੍ਹੇ-ਲਿਖੇ ਮਰਦ-ਔਰਤਾਂ ਦੇ ਜੇਲ੍ਹ ਜਾਣ ਦਾ ਰੁਝਾਨ ਲਗਭਗ ਦਸ ਗੁਣਾ ਵੱਧ ਚੁੱਕਾ ਹੈ। ਸਾਲ 1999-2000 ਦੌਰਾਨ ਪੜ੍ਹ ਲਿਖ ਸਕਣ ‘ਚ ਸਮਰੱਥ 2,295 ਮਰਦਾਂ ਨੂੰ ਜੇਲ੍ਹ ਹੋਈ ਸੀ, ਜਦਕਿ 15 ਸਾਲਾਂ ਬਾਅਦ ਇਹ ਗਿਣਤੀ ਲਗਭਗ 9 ਗੁਣਾ ਦੇ ਵਾਧੇ ਨਾਲ 19,365 ਹੋ ਗਈ। ਇਸੇ ਤਰ੍ਹਾਂ 1999-2000 ਦੌਰਾਨ ਜੇਲ੍ਹ ਜਾਣ ਵਾਲੀਆਂ ਪੜ੍ਹੀਆਂ ਲਿਖੀਆਂ ਔਰਤਾਂ ਕੇਵਲ 105 ਸਨ, ਜੋਕਿ ਡੇਢ ਦਹਾਕੇ ਮਗਰੋਂ ਦਸ ਗੁਣਾ ਤੋਂ ਵੀ ਜ਼ਿਆਦਾ ਵਾਧੇ ਨਾਲ 1,265 ਹੋ ਗਈ। ਇਹ ਵੀ ਦੱਸ ਦਈਏ ਕਿ ਜੇਲ੍ਹ ਜਾਣ ਵਾਲਿਆਂ ‘ਚ ਬਹੁਤੇ ਵਿਅਕਤੀ 22 ਤੋਂ 40 ਸਾਲ ਉਮਰ ਵਰਗ ਦੇ ਹਨ। ਸੂਬੇ ‘ਚ ਫੈਲੀ ਬੇਰੁਜ਼ਗਾਰੀ, ਨਸ਼ਾਖੋਰੀ ਤੇ ਸਮਾਜਿਕ ਅਸਥਿਰਤਾ ਨੂੰ ਵੀ ਇਸ ਦਾ ਕਾਰਨ ਮੰਨਿਆ ਜਾ ਸਕਦਾ ਹੈ। ਇਸ ਵਰਤਾਰੇ ਬਾਰੇ ਉੱਘੇ ਸਮਾਜ ਵਿਗਿਆਨੀ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ‘ਚ ਸਮਾਜ ਵਿਗਿਆਨ ਵਿਭਾਗ ਦੇ ਸਾਬਕਾ ਚੇਅਰਮੈਨ ਪ੍ਰੋ: ਮਨਜੀਤ ਸਿੰਘ ਦਾ ਕਹਿਣਾ ਹੈ ਕਿ ਪੜ੍ਹਾਈ-ਲਿਖਾਈ ਇਕ ਔਜ਼ਾਰ ਹੈ, ਜੋ ਸਾਡੀ ਹੁਨਰ ਸਮਰੱਥਾ ‘ਚ ਵਾਧਾ ਕਰਦੀ ਹੈ, ਪ੍ਰੰਤੂ ਸਮਾਜ ਦੇ ਬਦਲ ਰਹੇ ਸਰੂਪ ਕਾਰਨ ਲੋਕ ਉਸ ਸਮਰੱਥਾ ਨੂੰ ਗ਼ਲਤ ਪਾਸੇ ਵਰਤ ਰਹੇ ਹਨ। ਉਨ੍ਹਾਂ ਕਿਹਾ ਕਿ ਪੜ੍ਹਾਈ ਦਾ ਪੱਧਰ ਇੰਨਾ ਡਿੱਗ ਗਿਆ ਹੈ ਕਿ ਡਿਗਰੀ ਤਾਂ ਹੈ ਪਰ ਨੌਕਰੀ ਨਹੀਂ, ਇਸ ਲਈ ਦੇਹ-ਵਪਾਰ ਦੀ ਪ੍ਰਵਿਰਤੀ ਵੀ ਬਹੁਤ ਵੱਡੇ ਪੱਧਰ ‘ਤੇ ਵੱਧ ਰਹੀ ਹੈ।

About thatta

Comments are closed.

Scroll To Top
error: