ਪੰਜਾਬੀਆਂ ਦੇ ਜੁਗਾੜ-ਟਰੈਕਟਰ ਕਰਾਹੇ ਨਾਲ ਟਰਾਲੀ ਭਰਨੀ

43

512981__tractor
ਕਹਿੰਦੇ ਨੇ ਕਿ ਲੋੜ ਕਾਢ ਦੀ ਮਾਂ ਹੈ। ਪੰਜਾਬ ਵਿਚ ਲੇਬਰ ਇਕ ਤਾਂ ਮਹਿੰਗੀ ਹੋ ਗਈ ਤੇ ਦੂਸਰਾ ਸਰਕਾਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਮੁਫਤ ਸਹੂਲਤਾਂ ਨੇ ਇਨ੍ਹਾਂ ਨੂੰ ਮਿੱਠਾ ਜ਼ਹਿਰ ਦੇ ਕੇ ਨਿਕੰਮੇ ਕਰ ਦਿੱਤਾ। ਜੱਟਾਂ ਦੇ ਮੁੰਡਿਆਂ ਨੂੰ ਵੀ ਚਿੱਟੇ ਕੱਪੜੇ ਪਾ ਕੇ ਵਿਹਲੇ ਰਹਿਣ ਦੀ ਆਦਤ ਪੈ ਗਈ। ਜਿਸ ਕਰਕੇ ਹੁਣ ਹੱਥੀਂ ਸਰੀਰਕ ਮਿਹਨਤ ਕਰਨੀ ਦੂਰ ਦੀ ਗੱਲ ਬਣ ਗਈ ਹੈ। ਜਿਵੇਂ ਜਿਵੇਂ ਲੋਕ ਹੱਥੀਂ ਕੰਮ ਕਰਨਾ ਛੱਡ ਰਹੇ ਹਨ ਤਿਵੇਂ ਤਿਵੇਂ ਉਸ ਕੰਮ ਨਾਲ ਸੰਬੰਧਤ ਕੋਈ ਨਾ ਕੋਈ ਜੁਗਾੜ ਤਿਆਰ ਕਰ ਲਿਆ ਜਾਂਦਾ ਹੈ ਜਿਸ ਨਾਲ ਕੰਮ ਸੁਖਾਲਾ ਤੇ ਛੇਤੀ ਹੋ ਜਾਂਦਾ ਹੈ। ਪੰਜਾਬੀਆਂ ਦਾ ਦਿਮਾਗ ਇਹੋ ਜਿਹੇ ਜੁਗਾੜ ਲਾਉਣ ਵਿਚ ਮੋਹਰੀ ਹੈ। ਇਹੋ ਜਿਹੇ ਇਕ ਦੇਸੀ ਜੁਗਾੜ ਨਾਲ ਅਸੀਂ ਪਹਿਲੀ ਕੜੀ ਵਜੋਂ ਜਾਣ ਪਛਾਣ ਕਰਾਵਾਂਗੇ। ਇਸ ਤਸਵੀਰ ਵਿਚ ਜੋ ਤੁਸੀਂ ਗਾਡਰਾਂ ਤੇ ਕਰਾਹਾ ਲੈ ਕੇ ਖੜ੍ਹਾ ਟਰੈਕਟਰ ਵੇਖ ਰਹੇ ਹੋ ਇਹ ਕਿਸੇ ਪੰਜਾਬੀ ਦਿਮਾਗ ਦੀ ਕਾਢ ਹੈ ਜਿਸ ਰਾਹੀਂ ਜ਼ਮੀਨ ਨੂੰ ਨੀਵਾਂ ਕਰਨ ਲਈ ਲੇਬਰ ਦੀ ਬਜਾਏ ਟਰੈਕਟਰ ਨਾਲ ਕਰਾਹੇ ਰਾਹੀਂ ਟਰਾਲੀਆਂ ਵਿਚ ਮਿੱਟੀ ਭਰੀ ਜਾਂਦੀ ਹੈ। ਜੋ ਪਹਿਲਾਂ ਹੱਥੀਂ ਕਹੀਆਂ ਨਾਲ 4-5 ਬੰਦੇ ਇਹ ਕੰਮ ਕਰਦੇ ਸਨ। ਇਹ ਜੁਗਾੜ 25 ਫੁੱਟ ਲੰਬੇ 4 ਗਾਡਰ ਲੈ ਕੇ ਦੋ ਦੋ ਗਾਡਰਾਂ ਨੂੰ ਬਰਾਬਰ ਵੈਲਡਿੰਗ ਨਾਲ ਜੋੜਕੇ ਅਤੇ ਵਿਚਕਾਰ ਟੇਢੀਆਂ ਨੇੜੇ ਲੋਹੇ ਦੀਆਂ ਪੱਤੀਆਂ ਲਾ ਕੇ ਉੱਪਰ ਦੀ ਟਰੈਕਟਰ ਦੇ ਟਾਇਰ ਸੁਖਾਲੇ ਲੰਘਣ ਲਈ ਤਿਆਰ ਕੀਤਾ ਜਾਂਦਾ ਹੈ। ਵਿਚਕਾਰ ਟਰਾਲੀ ਦੀ ਚੌੜਾਈ ਜਿੰਨਾ ਥਾਂ ਮਿੱਟੀ ਥੱਲੇ ਟਰਾਲੀ ਵਿਚ ਪੈਣ ਲਈ ਖਾਲੀ ਛੱਡਿਆ ਜਾਂਦਾ ਹੈ ਅਤੇ ਬਾਕੀ ਸਾਈਡਾਂ ਤੋਂ ਲੋਹੇ ਦੀ ਚਾਦਰ ਨਾਲ ਕਵਰ ਕਰ ਦਿੱਤਾ ਜਾਂਦਾ ਹੈ। ਜ਼ਮੀਨ ਵਿਚ ਟਰਾਲੀ ਖੜ੍ਹਨ ਜਿੰਨੀ ਚੌੜੀ ਝਰੀ ਕਰਾਹੇ ਨਾਲ ਹੀ ਮਾਰ ਲਈ ਜਾਂਦੀ ਹੈ ਅਤੇ ਉੱਪਰ ਇਹ ਜੁਗਾੜ ਸਾਈਡਾਂ ਤੇ ਮਿੱਟੀ ਦੇ ਗੱਟੇ (ਬੋਰੇ) ਭਰ ਕੇ ਜਾਂ ਕੰਧਾਂ ਕੱਢ ਕੇ ਫਿੱਟ ਕਰ ਦਿੱਤਾ ਜਾਂਦਾ ਹੈ ਅਤੇ ਟਰਾਲੀਆਂ ਮਿੱਟੀ ਨਾਲ ਭਰੀਆਂ ਜਾਂਦੀਆਂ ਹਨ। ਇਹ ਜੁਗਾੜ 15-20 ਹਜ਼ਾਰ ਰੁਪਏ ਵਿਚ ਤਿਆਰ ਹੋ ਜਾਂਦਾ ਹੈ ਜਿਸ ਨਾਲ ਲੇਬਰ ਖਰਚ ਦੀ ਬੱਚਤ ਹੋ ਜਾਂਦੀ ਹੈ ਅਤੇ ਕੰਮ ਵੀ ਜਲਦੀ ਨਿਪਟਦਾ ਹੈ।

-ਗੁਰਭੇਜ ਸਿੰਘ ਚੌਹਾਨ
ਮੋਬਾਈਲ : 98143 0654
(source Ajit)