ਪਿੰਡ ਠੱਟਾ ਨਵਾਂ ਵਿਖੇ ਹਰੀਜਨ ਬਸਤੀ ਵਿੱਚ ਚੱਲ ਰਹੇ ਗੁਰਦੁਆਰਾ ਸਾਹਿਬ ਦੇ ਵਿਵਾਦ ਤੇ ਟਕਰਾਅ ਹੋਣੋ ਬਚਿਆ।

27

ਪਿੰਡ ਠੱਟਾ ਨਵਾਂ ਵਿੱਚ ਹਰੀਜਨ ਬਸਤੀ ਵਿੱਚ ਗੁਰਦੁਆਰਾ ਸਾਹਿਬ ਦਾ ਵਿਵਾਦ ਉਸ ਵੇਲੇ ਗੰਭੀਰ ਰੂਪ ਇਖਤਿਆਰ ਕਰ ਗਿਆ ਜਦੋਂ ਵਾਲਮੀਕ ਭਾਈਚਾਰੇ ਵੱਲੋਂ ਵਿਵਾਦ ਵਾਲੀ ਥਾਂ ਤੇ ਇੱਕ ਧਾਰਮਿਕ ਸਮਾਗਮ ਰੱਖ ਲਿਆ ਗਿਆ। ਇਸ ਦਾ ਗੰਭਿਰ ਨੋਟਿਸ ਲੈਂਦਿਆਂ ਸੰਤ ਬਾਬਾ ਗੁਰਚਰਨ ਸਿੰਘ ਜੀ ਕਾਰ ਸੇਵਾ ਵਾਲੇ, ਸੰਤ ਬਾਬਾ ਲੀਡਰ ਸਿੰਘ ਜੀ ਸੈਫਲਾਬਾਦ ਵਾਲੇ, ਸੰਤ ਬਾਬਾ ਦਇਆ ਸਿੰਘ ਜੀ ਟਾਹਲੀ ਸਾਹਿਬ ਵਾਲੇ, ਸੰਤ ਬਾਬਾ ਅਮਰੀਕ ਸਿੰਘ ਜੀ ਖੁਖਰੈਣ ਵਾਲੇ, ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਬਹੁਤ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਇਸ ਸਮਾਗਮ ਨੂੰ ਰੋਕਣ ਸਬੰਧੀ ਮੈਮੋਰੈਂਡਮ ਦਿੱਤਾ ਗਿਆ। ਪ੍ਰਸਾਸ਼ਨ ਨੇ ਇਸ ਤੇ ਸਖਤ ਕਾਰਵਾਈ ਕਰਦਿਆਂ 300 ਪੁਲਿਸ ਮੁਲਾਜਮ ਪਿੰਡ ਠੱਟਾ ਨਵਾਂ ਵਿਖੇ ਤਾਇਨਾਤ ਕਰ ਦਿੱਤਾ। ਵਾਲਮੀਕ ਭਾਈਚਾਰੇ ਦੇ ਇੱਕ ਬੁਲਾਰੇ ਵੱਲੋਂ ਦੱਸਿਆ ਗਿਆ ਕਿ ਉਲੀਕੇ ਪ੍ਰੋਗਰਾਮ ਮੁਤਾਬਕ ਸਤਿਸੰਗ ਤਾਂ ਨਹੀਂ ਹੋ ਸਕਿਆ ਪਰ ਬਾਕੀ ਸਾਰਾ ਪ੍ਰੋਗਰਾਮ ਸਫਲਤਾ ਪੂਰਵਕ ਸੰਪੰਨ ਹੋ ਗਿਆ। ਦੂਸਰੇ ਪਾਸੇ ਸਮੂਹ ਪਿੰਡ ਵਾਸੀਆਂ ਵੱਲੋਂ ਸੰਤ ਬਾਬਾ ਗੁਰਚਰਨ ਸਿੰਘ ਜੀ ਦੀ ਅਗਵਾਈ ਵਿੱਚ ਮਜ੍ਹਬੀ ਸਿੰਘ ਚੌਂਕ ਵਿੱਚ ਇਕੱਤਰ ਹੋ ਕੇ ਮੌਕੇ ਤੇ ਹਾਜ਼ਰ ਅਫਸਰਾਂ ਕੋਲੋਂ ਇਸ ਮਸਲੇ ਨੂੰ ਜਲਦ ਤੋਂ ਜਲਦ ਨਿਪਟਾਉਣ ਦੀ ਮੰਗ ਉਠਾਈ। ਡੀ.ਅੇਸ.ਪੀ. ਸ.ਮਨਦੀਪ ਸਿੰਘ ਵੱਲੋਂ ਭਰੋਸਾ ਦਿਵਾਏ ਜਾਣ ਤੇ ਪਿੰਡ ਵਾਸੀਆਂ ਵੱਲੋਂ ਧਰਨਾ ਵਾਪਸ ਲੈ ਲਿਆ ਗਿਆ। ਡਿਪਟੀ ਕਮਿਸ਼ਨਰ ਕਪੂਰਥਲਾ ਵੱਲੋਂ ਦੋਨਾਂ ਧਿਰਾਂ ਅਤੇ ਪੰਚਾਇਤ ਦੇ ਨੁਮਾਇੰਦਿਆਂ ਦੀ ਇੱਕ ਮੀਟਿੰਗ ਮਿਤੀ 4 ਸਤੰਬਰ ਨੂੰ ਬੁਲਾਈ ਗਈ ਹੈ। ਉਮੀਦ ਕੀਤੀ ਜਾਂਦੀ ਹੈ ਕਿ ਕੱਲ੍ਹ ਇਸ ਮਸਲੇ ਦਾ ਕੋਈ ਨਾ ਕੋਈ ਹੱਲ ਨਿਕਲ ਆਵੇਗਾ।