Home / ਸੁਣੀ-ਸੁਣਾਈ / ਨਵੇਂ ਗੁਰਦੁਆਰਾ ਸਾਹਿਬਾਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਗੀ ਲੈਣੀ ਜ਼ਰੂਰੀ

ਨਵੇਂ ਗੁਰਦੁਆਰਾ ਸਾਹਿਬਾਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਗੀ ਲੈਣੀ ਜ਼ਰੂਰੀ

  • ਤੱਥ ਪ੍ਰਮਾਣਿਤ ਹੋਣ ਪਿੱਛੋਂ ਹੀ ਵਡਭਾਗ ਸਿੰਘ ਨੂੰ ਸਿੱਖ ਵਜੋਂ ਮਾਨਤਾ ਦਿੱਤੀ ਜਾ ਸਕੇਗੀ-ਜਥੇਦਾਰ

ਹਰਪ੍ਰੀਤ ਸਿੰਘ ਗਿੱਲ
ਅੰਮਿ੍ਤਸਰ, 10 ਸਤੰਬਰ-ਵਡਭਾਗ ਸਿੰਘ ਨੂੰ ਸਿੱਖ ਵਜੋਂ ਮਾਨਤਾ ਦਿੱਤੀ ਗਈ ਹੈ ਜਾਂ ਨਹੀਂ ਦੇ ਸਬੰਧ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਅੱਜ ਸਪੱਸ਼ਟ ਕੀਤਾ ਕਿ ਇਤਿਹਾਸਕ ਤੱਥਾਂ ‘ਚ ਮਤਭੇਦ ਹੋਣ ਕਾਰਨ ਅਜੇ ਇਹ ਨਿਸਚਿਤ ਨਹੀਂ ਹੋਇਆ ਕਿ ਵਡਭਾਗ ਸਿੰਘ ਨੇ ਅੰਮਿ੍ਤ ਪਾਨ ਕੀਤਾ ਸੀ ਕਿ ਨਹੀਂ, ਜਿਸ ਕਾਰਨ ਤੱਥਾਂ ਦੀ ਪ੍ਰਮਾਣਿਤ ਘੋਖ ਹੋਣ ਤੱਕ ਉਨ੍ਹਾਂ ਨੂੰ ਸਿੱਖ ਵਜੋਂ ਫਿਲਹਾਲ ਮਾਨਤਾ ਨਹੀਂ ਦਿੱਤੀ ਜਾ ਸਕਦੀ | ਉਕਤ ਪ੍ਰਗਟਾਵਾ ਸਿੰਘ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਡੇਰਾ ਵਡਭਾਗ ਸਿੰਘ ਬਾਰੇ ਚੱਲ ਰਿਹਾ ਵਿਵਾਦ ਸਿੱਖ ਰਹਿਤ ਮਰਿਯਾਦਾ ਨੂੰ ਆਧਾਰ ਮੰਨ ਕੇ ਹੱਲ ਕਰਨਾ ਬਣਦਾ ਹੈ ਅਤੇ ਮਰਿਯਾਦਾ ਦੇ ਪੰਨਾ ਨੰਬਰ 31 ਮੱਦ (ਠ) ਅਨੁਸਾਰ ਮੀਣੇ, ਮਸੰਦ, ਧੀਰ ਮੱਲੀਏ, ਰਾਮ ਰਾਈਏ ਨਾਲ ਵਰਤਣ ਵਾਲਾ ਤਨਖਾਹੀਆ ਹੋ ਜਾਂਦਾ ਹੈ ਪਰ ਇਸੇ ਪੰਨੇ ‘ਤੇ ਫੁੱਟ ਨੋਟ ‘ਚ ਦਰਜ ਹੈ ਕਿ ਸਿੱਖ ਰਹਿਤ ਦਾ ਧਾਰਨੀ ਬਣ ਕੇ ਅੰਮਿ੍ਤ ਛਕਣ ਵਾਲੇ ਨਾਲ ਬਰਾਦਰੀ ਸਬੰਧ ਬਣਾਏ ਜਾ ਸਕਦੇ ਹਨ ਕਿਉਂਕਿ ਗੁਰੂ ਸਾਹਿਬ ਦੇ ਨਿਰਦੇਸ਼ ਪੰਥ ਨੂੰ ਇਕ ਰੱਖਣ ਦੇ ਹਨ ਨਾ ਕਿ ਵੱਖਰੇ ਵੱਖਰੇ ਅੱਡੇ ਬਣਾਉਣਾ | ਪਿਛਲੇ ਸਮੇਂ ਦੌਰਾਨ ਦਿਵਯ ਜਯੋਤੀ ਜਾਗ੍ਰਤੀ ਸੰਸਥਾ ਦੇ ਮੁਖੀ ਆਸ਼ੂਤੋਸ਼ ਦੇ ਪੈਰਾਂ ‘ਚ ਬੈਠ ਕੇ ਉਸ ਦੀ ਉਸਤਤ ਕਰਨ ਵਾਲੇ ਸ਼ੋ੍ਰਮਣੀ ਰਾਗੀ ਖਿਤਾਬ ਨਾਲ ਸਨਮਾਨਿਤ ਭਾਈ ਬਲਬੀਰ ਸਿੰਘ ਦੇ ਮਾਮਲੇ ‘ਤੇ ਵਿਚਾਰ ਕਰਦਿਆਂ ਪੰਜ ਸਿੰਘ ਸਾਹਿਬਾਨ ਨੇ ਇਸ ਨੂੰ ਬੱਜਰ ਗਲਤੀ ਦੱਸਿਆ ਹੈ, ਜਿਸ ਬਾਰੇ ਡੂੰਘੀ ਵਿਚਾਰ ਤੱਕ ਰਾਗੀ ‘ਤੇ ਕੀਰਤਨ ਕਰਨ ਜਾਂ ਬੋਲਣ ‘ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ | ਇਸ ਮੌਕੇ ਪੱਤਰਕਾਰਾਂ ਵੱਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਵੱਲੋਂ ਸਿੱਖਾਂ ਵਿਰੁੱਧ ਗਲਤ ਧਾਰਨਾ ਰੱਖਣ ਵਾਲੇ ਸੰਘ ਮੁਖੀ ਮੋਹਨ ਭਾਗਵਤ ਨਾਲ ਮੰਚ ਸਾਂਝਾ ਕਰਨ ਬਾਰੇ ਪੁੱਛਣ ‘ਤੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਅਤੇ ਗਿਆਨੀ ਇਕਬਾਲ ਸਿੰਘ ਵੱਲੋਂ ਕੋਈ ਉੱਤਰ ਦੇਣ ਤੋਂ ਸਿੱਧਾ ਇਨਕਾਰ ਕਰ ਦਿੱਤਾ ਗਿਆ | ਇਸ ਦੌਰਾਨ ਹਰੇਕ ਆਮ ਮੁੱਦੇ ਨੂੰ ਸਿੱਧਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਲਿਆਉਣ ਦੇ ਵੱਧਦੇ ਪ੍ਰਚਲਣ ‘ਤੇ ਰੋਕ ਲਈ ਸਿੰਘ ਸਾਹਿਬਾਨ ਨੇ ਆਮ ਪੰਥਕ ਮੁੱਦਿਆਂ ਨੂੰ ਯੋਗ ਹੱਲ ਲਈ ਧਰਮ ਪ੍ਰਚਾਰ ਕਮੇਟੀ ਕੋਲ ਭੇਜਣ ਦੀ ਹਦਾਇਤ ਕੀਤੀ ਹੈ ਅਤੇ ਬੇਹੱਦ ਅਹਿਮ ਮੁੱਦਿਆਂ ਨੂੰ ਕਮੇਟੀ ਦੀ ਰਾਏ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜਣ ਦੀ ਤਾਕੀਦ ਕੀਤੀ ਹੈ | ਸਿੰਘ ਸਾਹਿਬ ਨੇ ਕਾਨੂੰਨੀ ਮਾਮਲਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜਣ ‘ਤੇ ਮੁਕੰਮਲ ਰੋਕ ਲਗਾਈ ਹੈ | ਬੈਠਕ ਦੌਰਾਨ ਜਵੱਦੀ ਕਲਾਂ ਡੇਰੇ ਦੇ ਮੁਖੀ ਸਵਰਗਵਾਸੀ ਬਾਬਾ ਸੁੱਚਾ ਸਿੰਘ ਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ 31 ਰਾਗਾਂ ‘ਚ ਗਾਇਨ ਕਰਨ ਅਤੇ ਤੰਤੀ ਸਾਜ਼ ਦੇ ਰਾਗੀ ਤਿਆਰ ਕਰਨ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ‘ਸ਼ੋ੍ਰਮਣੀ ਗੁਰਮਤਿ ਸੰਗੀਤ ਪ੍ਰਚਾਰਕ’ ਦੀ ਉਪਾਧੀ ਦੇਣ ਦਾ ਫ਼ੈਸਲਾ ਹੋਇਆ ਹੈ | ਸਿੰਘ ਸਾਹਿਬਾਨ ਨੇ ਗੁਰਬਾਣੀ ਮੂਲ ਰੂਪ ‘ਚ ਲਿਖਣ ਮੌਕੇ ਕੋਲੋਂ ਲਗਾਈਆਂ ਜਾਂਦੀਆਂ ਬਿੰਦੀਆਂ, ਟਿੱਪੀਆਂ ਵਿਰੁੱਧ ਸਖਤ ਤਾੜਨਾ ਕਰਦਿਆਂ ਗੁਰਬਾਣੀ ਲਿਖਤ ‘ਚ ਕਿਸੇ ਵਿਸ਼ੇਸ਼ ਰੰਗ ਦੀ ਵਰਤੋਂ ‘ਤੇ ਵੀ ਪਾਬੰਦੀ ਲਗਾਈ ਹੈ | ਦੇਸ਼ਾਂ ਵਿਦੇਸ਼ਾਂ ‘ਚ ਉਸਰ ਰਹੇ ਨਵੇਂ ਗੁਰਦੁਆਰਾ ਸਾਹਿਬਾਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਬਕਾਇਦਾ ਪ੍ਰਵਾਨਗੀ ਉਪਰੰਤ ਹੀ ਉਸਾਰਨ ਦੀ ਤਾਕੀਦ ਵੀ ਸਿੰਘ ਸਾਹਿਬ ਵੱਲੋਂ ਕੀਤੀ ਗਈ | ਇਸ ਦੇ ਨਾਲ ਹੀ ਸਿੱਖ ਸੰਗਤ ਤੇ ਗੁਰਦੁਆਰਾ ਕਮੇਟੀਆਂ ਨੂੰ ਹਦਾਇਤ ਕੀਤੀ ਕਿ ਬਿਰਧ ਪਾਵਨ ਸਰੂਪ ਤੇ ਧਾਰਮਿਕ ਸਾਹਿਤ ਉਸ ਵਿਅਕਤੀ ਨੂੰ ਨਾ ਦਿੱਤਾ ਜਾਵੇ, ਜਿਸ ਕੋਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਵਾਨਗੀ ਬਾਰੇ ਚਿੱਠੀ ਨਾ ਹੋਵੇ | ਇਸੇ ਤਰ੍ਹਾਂ ਹੀ ਗੁਰਬਾਣੀ ਸ਼ਬਦਾਂ ਦੀਆਂ ‘ਰਿੰਗ ਟੋਨ’ ਨੂੰ ਕੰਪਨੀਆਂ ਵੱਲੋਂ ਗਾਣਾ ਦੱਸੇ ਜਾਣ ਦਾ ਪ੍ਰਚਲਣ ਰੋਕ ਕੇ ਗੁਰਬਾਣੀ ਸ਼ਬਦ ਵਰਤਣ ਲਈ ਹਦਾਇਤਾਂ ਕੀਤੀਆਂ ਗਈਆਂ |ਇਸ ਮੌਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਲਾਵਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਗ੍ਰੰਥੀ ਭਾਈ ਰਾਮ ਸਿੰਘ ਨੇ ਇਕੱਤਰਤਾ ‘ਚ ਸ਼ਮੂਲੀਅਤ ਕੀਤੀ |

About thatta

Comments are closed.

Scroll To Top
error: