Home / ਸੁਣੀ-ਸੁਣਾਈ / ਧੰਨ ਜਿਗਰਾ ਕਲਗੀਆਂ ਵਾਲੇ ਦਾ, ਪੁੱਤ ਚਾਰ ਧਰਮ ਤੋਂ ਵਾਰ ਗਿਆ-Lyrics

ਧੰਨ ਜਿਗਰਾ ਕਲਗੀਆਂ ਵਾਲੇ ਦਾ, ਪੁੱਤ ਚਾਰ ਧਰਮ ਤੋਂ ਵਾਰ ਗਿਆ-Lyrics

Dhan Jigra Kalgian Wale Da Lyrics

Dhan Jigra Kalgian Wale Da Lyrics

ਮਾਂ ਗੁਜਰੀ ਕਰਮਾਂ ਵਾਲੀ ਏ,
ਜਿਸ ਮਰਦ ਸੂਰਮਾ ਜਣਿਆ ਏ।
ਨੇਕੀ ਦੀ ਖਾਤਰ ਲੜਦਾ ਰਿਹਾ,
ਮਾੜੇ ਦਾ ਹਾਮੀ ਬਣਿਆ ਏ।
ਮਜ਼ਲੂਮ ਦੀ ਇੱਜਤ ਰਾਖੀ ਲਈ,
ਲਾ ਸਾਰਾ ਹੀ ਪਰਿਵਾਰ ਗਿਆ,
ਧੰਨ ਜਿਗਰਾ ਕਲਗੀਆਂ ਵਾਲੇ ਦਾ,
ਪੁੱਤ ਚਾਰ ਧਰਮ ਤੋਂ ਵਾਰ ਗਿਆ।
ਸਧਰਾਂ ਦੇ ਬਾਗ ਬਗੀਚੇ ਜੋ,
ਬਿਨ ਕਦਰਾਂ ਤੋਂ ਮੁਰਝਾ ਗਏ ਸੀ,
ਲੈ ਆਇਆ ਕਿਰਨਾਂ ਨੂਰ ਦੀਆਂ।
ਫੁੱਲਾਂ ਤੇ ਜੋਬਨ ਛਾ ਗਏ ਸੀ।
ਘਰ ਪਹੁੰਚੇ ਪੀਰ ਫਕੀਰਾਂ ਦੇ,
ਮਿਹਨਤ ਨਾਲ ਧਰਮ ਨਿਵਾਰ ਗਿਆ।
ਧੰਨ ਜਿਗਰਾ ਕਲਗੀਆਂ ਵਾਲੇ ਦਾ,
ਪੁੱਤ ਚਾਰ ਧਰਮ ਤੋਂ ਵਾਰ ਗਿਆ।
ਰਹਿਮਤ ਦੀਆਂ ਨਜ਼ਰਾਂ ਪਾਈਆਂ ਨੇ,
ਸਭ ਜਾਤਾਂ ਤੇ ਸਭ ਵਰਨਾਂ ਤੇ,
ਜਦ ਤੱਕਿਆ ਜਲਵਾ ਸ਼ਿਵਦੱਤ ਨੇ,
ਧਰ ਸੀਸ ਤੋਂ ਰੱਖਿਆਂ ਚਰਨਾਂ ਤੇ।
ਜਦ ਕੀਤਾ ਯਾਦ ਪ੍ਰੀਤਮ ਨੂੰ,
ਵੈਰੀ ਦੀ ਗੋਦ ਸ਼ਿੰਗਾਰ ਗਿਆ,
ਧੰਨ ਜਿਗਰਾ ਕਲਗੀਆਂ ਵਾਲੇ ਦਾ,
ਪੁੱਤ ਚਾਰ ਧਰਮ ਤੋਂ ਵਾਰ ਗਿਆ।
ਜਦ ਚੱਕੀ ਤੇਗ ਔਰੰਗੇ ਨੇ,
ਸਾਹ ਛੱਤਰੀਆਂ ਦੇ ਸੁੱਕ ਗਏ,
ਪੰਡਿਤ ਛੱਡ ਸੁੰਨੇ ਮੰਦਰਾਂ ਨੂੰ,
ਜਾ ਵਿੱਚ ਪਹਾੜੀਂ ਰੁੱਕ ਗਏ।
ਦੇ ਸੀਸ ਪਿਤਾ ਦਾ ਦਿੱਲੀ ਵਿੱਚ,
ਕਰ ਹਿੰਦੂਆਂ ਤੇ ਉਪਕਾਰ ਗਿਆ,
ਧੰਨ ਜਿਗਰਾ ਕਲਗੀਆਂ ਵਾਲੇ ਦਾ,
ਪੁੱਤ ਚਾਰ ਧਰਮ ਤੋਂ ਵਾਰ ਗਿਆ।
ਹੱਥ ਬਾਜ ਨਿਸ਼ਾਨੀ ਗੈਰਤ ਦੀ,
ਲਾ ਕਲਗੀ ਤਖਤ ਸਜਾਉਂਦਾ ਰਿਹਾ,
ਮੰਗ ਮੁਰਲੀ ਐਸੀ ਛਾਂ ਬਣੀ,
ਇੰਦਰ ਵੀ ਸੀਸ ਝੁਕਾਉਂਦਾ ਰਿਹਾ।
ਛਕ ਮੁਰਦੇ ਅੰਮ੍ਰਿਤ ਜੀ ਪੈਂਦੇ,
ਗਿੱਦੜਾਂ ਤੋਂ ਛੇਰ ਬਣਾ ਗਿਆ।
ਧੰਨ ਜਿਗਰਾ ਕਲਗੀਆਂ ਵਾਲੇ ਦਾ,
ਪੁੱਤ ਚਾਰ ਧਰਮ ਤੋਂ ਵਾਰ ਗਿਆ।
ਪੁੱਤਰਾਂ ਦੀਆਂ ਲਾਸ਼ਾਂ ਲੰਘ ਲੰਘ ਕੇ,
ਸੂਲਾਂ ਦੀਆਂ ਸੇਜਾਂ ਸੌਂਦਾ ਰਿਹਾ,
ਵਿੱਚ ਜੰਗਲੀਂ ਛਾਵੇਂ ਤਾਰਿਆਂ ਦੀ,
ਮਾਲਕ ਦੀਆਂ ਸਿਫਤਾਂ ਗਾਉਂਦਾ ਰਿਹਾ,
ਪੱਥਰਾਂ ਦੇ ਜਿਗਰੇ ਡੋਲੇ ਸੀ,
ਅੰਬਰ ਵੀ ਦਾਹਾਂ ਮਾਰ ਗਿਆ।
ਧੰਨ ਜਿਗਰਾ ਕਲਗੀਆਂ ਵਾਲੇ ਦਾ,
ਪੁੱਤ ਚਾਰ ਧਰਮ ਤੋਂ ਵਾਰ ਗਿਆ।
ਗੁਰਬਾਣੀ ਦੀ ਜੀਵਨ ਸ਼ਕਤੀ ਨੇ,
ਲੱਖਾਂ ਨਾਲ ਇੱਕ ਲੜਾ ਦਿੱਤਾ।
ਸੀ ਖਾਤਰ ਦੇਸ਼ ਅਜ਼ਾਦੀ ਲਈ,
ਪੁੱਤਰਾਂ ਦਾ ਨਿਓਂਦਾ ਪਾ ਦਿੱਤਾ।
ਜਦ ਦੇਖਿਆ ਡਿੱਗ ਫਕੀਰ ਪਿਆ,
ਲਾ ਪੁੱਤਰ ਤੋਰ ਜੁਝਾਰ ਗਿਆ,
ਧੰਨ ਜਿਗਰਾ ਕਲਗੀਆਂ ਵਾਲੇ ਦਾ,
ਪੁੱਤ ਚਾਰ ਧਰਮ ਤੋਂ ਵਾਰ ਗਿਆ।
ਜਦ ਦਰਦ ਕਹਾਣੀ ਨਿੱਕਿਆਂ ਦੀ,
ਰੋ ਰੋ ਕੇ ਦੱਸੀ ਨੂਰੇ ਨੇ,
ਮੱਥੇ ਤੇ ਪਾਇਆ ਵੱਟ ਨਹੀਂ,
ਉਸ ਮਾਂ ਗੁਜ਼ਰੀ ਦੇ ਸੂਰੇ ਨੇ।
ਹੁਣ ਜਾਲਮ ਦੀ ਜੜ੍ਹ ਪੱਟੀ ਜਾਊ,
ਇਓਂ ਹੱਸ ਕੇ ਬਚਨ ਉਚਾਰ ਗਿਆ,
ਧੰਨ ਜਿਗਰਾ ਕਲਗੀਆਂ ਵਾਲੇ ਦਾ,
ਪੁੱਤ ਚਾਰ ਧਰਮ ਤੋਂ ਵਾਰ ਗਿਆ।
ਜੁਲਮਾਂ ਦੀ ਰਹੀ ਨਾਂ ਕਸਰ ਕੋਈ,
ਹੋ ਜਾਮਾਂ ਲੀਰੋ-ਲੀਰ ਗਿਆ,
ਪੈਰਾਂ ਵਿੱਚ ਛਾਲੇ ਪੈ ਗਏ ਸੀ,
ਤਾਹੀਓਂ ਬਣ ਉੱਚ ਦਾ ਪੀਰ ਗਿਆ।
ਭਾਰਤ ਦੀ ਇੱਜਤ ਬਚਾਵਣ ਲਈ,
ਲੱਖਾਂ ਹੀ ਦੁੱਖ ਸਹਾਰ ਗਿਆ,
ਧੰਨ ਜਿਗਰਾ ਕਲਗੀਆਂ ਵਾਲੇ ਦਾ,
ਪੁੱਤ ਚਾਰ ਧਰਮ ਤੋਂ ਵਾਰ ਗਿਆ।
ਉਸ ਮਰਦ ਅਗੰਮੜੇ ਯੋਧੇ ਦੀ,
ਕੀ ਲਿਖਣਾ ਹੈ ਕੁਰਬਾਨੀ ਨੂੰ।
ਜੁੱਗਾਂ ਤੱਕ ਦੁਨੀਆਂ ਝੁਕਦੀ ਰਹੂ,
ਉਸ ਧੰਨ ਪੁੱਤਰਾਂ ਦੇ ਦਾਨੀ ਨੂੰ।
ਜੋਗਾ ਸਿੰਘ ਭਾਗੋਵਾਲੀਆ ਵੀ,
ਤਰ ਭਵ ਸਾਗਰ ਚੋਂ ਪਾਰ ਗਿਆ,
ਧੰਨ ਜਿਗਰਾ ਕਲਗੀਆਂ ਵਾਲੇ ਦਾ,
ਪੁੱਤ ਚਾਰ ਧਰਮ ਤੋਂ ਵਾਰ ਗਿਆ।
ਮਾਂ ਗੁਜਰੀ ਕਰਮਾਂ ਵਾਲੀ ਏ,
ਜਿਸ ਮਰਦ ਸੂਰਮਾ ਜਣਿਆ ਏ।
ਨੇਕੀ ਦੀ ਖਾਤਰ ਲੜਦਾ ਰਿਹਾ,
ਮਾੜੇ ਦਾ ਹਾਮੀ ਬਣਿਆ ਏ।
ਮਜ਼ਲੂਮ ਦੀ ਇੱਜਤ ਰਾਖੀ ਲਈ,
ਲਾ ਸਾਰਾ ਹੀ ਪਰਿਵਾਰ ਗਿਆ,
ਧੰਨ ਜਿਗਰਾ ਕਲਗੀਆਂ ਵਾਲੇ ਦਾ,
ਪੁੱਤ ਚਾਰ ਧਰਮ ਤੋਂ ਵਾਰ ਗਿਆ।
ਪੁੱਤ ਚਾਰ ਧਰਮ ਤੋਂ ਵਾਰ ਗਿਆ।
ਪੁੱਤ ਚਾਰ ਧਰਮ ਤੋਂ ਵਾਰ ਗਿਆ।

About thatta

Comments are closed.

Scroll To Top
error: