Home / ਹੈਡਲਾਈਨਜ਼ ਪੰਜਾਬ / ਦਮਦਮਾ ਸਾਹਿਬ ਠੱਟਾ ਵਿਖੇ ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦਾ ਜਨਮ ਦਿਹਾੜਾ-ਦੇਖੋ ਤਸਵੀਰਾਂ

ਦਮਦਮਾ ਸਾਹਿਬ ਠੱਟਾ ਵਿਖੇ ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦਾ ਜਨਮ ਦਿਹਾੜਾ-ਦੇਖੋ ਤਸਵੀਰਾਂ

ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਸੰਤ ਬਾਬਾ ਬੀਰ ਸਿੰਘ ਦਾ ਜਨਮ ਦਿਹਾੜਾ ਅੱਜ ਮਿਤੀ 13 ਅਗਸਤ 2018 ਦਿਨ ਸੋਮਵਾਰ ਨੂੰ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ। ਮਿਤੀ 10 ਅਗਸਤ ਤੋਂ 13 ਸ੍ਰੀ ਅਖੰਡ ਪਾਠ ਸਾਹਿਬ ਦੇ ਜਾਪ ਆਰੰਭ ਹੋਏ ਜਿਨ੍ਹਾਂ ਦੇ ਭੋਗ ਅੱਜ ਨਿਰਵਿਘਨਤਾ ਸਹਿਤ ਪਏ। ਭੋਗ ਉਪਰੰਤ ਸੁੰਦਰ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿੱਚ ਪੰਥ ਦੇ ਨਾਮਵਰ ਰਾਗੀ ਢਾਗੀ ਅਤੇ ਕਵੀਸ਼ਰੀ ਜਥਿਆਂ ਨੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ। ਇਸ ਮੌਕੇ ਸੰਤ ਬਾਬਾ ਗੁਰਰਾਜਪਾਲ ਸਿੰਘ ਰਾਜ ਅੰਮਿ੍ਤਸਰ ਵਾਲੇ, ਬਾਬਾ ਬਲਬੀਰ ਸਿੰਘ ਸੀਚੇਵਾਲ ਵਾਲੇ, ਸੰਤ ਬਾਬਾ ਲੀਡਰ ਸਿੰਘ ਸੈਫਲਾਬਾਦ ਵਾਲੇ, ਸੰਤ ਬਾਬਾ ਦਇਆ ਸਿੰਘ ਟਾਹਲੀ ਸਾਹਿਬ ਵਾਲੇ, ਬਾਬਾ ਨਿਰਮਲ ਦਾਸ ਬੂੜੇਵਾਲ ਵਾਲੇ, ਸੰਤ ਬਾਬਾ ਅਮਰੀਕ ਸਿੰਘ ਖੁਖਰੈਣ ਵਾਲੇ, ਸੰਤ ਬਾਬਾ ਹਰਜੀਤ ਸਿੰਘ ਨੋਰੰਗਾਬਾਦੀ ਅਤੇ ਸੰਤ ਬਾਬਾ ਸੁਰਿੰਦਰ ਸਿੰਘ ਗੱਗੋ ਬੂਆ ਵਾਲਿਆ ਨੇ ਵੀ ਹਾਜ਼ਰੀ ਭਰੀ। ਸਾਈਕਲਾਂ ਅਤੇ ਜੋੜਿਆਂ ਦੀ ਸੇਵਾ ਸਰਕਾਰੀ ਸਕੂਲ ਠੱਟਾ, ਟਿੱਬਾ ਅਤੇ ਸੈਦਪੁਰ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ, ਸਟੇਜ ਸਜਾਉਣ ਦੀ ਸੇਵਾ ਸੰਤ ਕਰਤਾਰ ਸਿੰਘ ਯੂਥ ਕਲੱਬ ਵੱਲੋਂਂ, ਟੈਂਟ ਦੀ ਸੇਵਾ ਰਾਣਾ ਟੈਂਟ ਹਾਊਸ ਸੈਦਪੁਰ ਵੱਲੋਂ, ਲਾਈਟ ਦੀ ਸੇਵਾ ਮਨਜੀਤ ਸਿੰਘ ਨਸੀਰਪੁਰ ਵੱਲੋਂ, ਲੰਗਰ ਦੀ ਸੇਵਾ ਗੁਰੂ ਨਾਨਕ ਸੇਵਕ ਜੱਥੇ ਵੱਲੋਂ ਅਤੇ ਸਟੇਜ ਸਕੱਤਰ ਦੀ ਸੇਵਾ ਸ. ਇੰਦਰਜੀਤ ਸਿੰਘ ਸਾਬਕਾ ਸਰਪੰਚ ਵੱਲੋਂ ਬਾਖੂਬੀ ਨਿਭਾਈ ਗਈ। ਇਸ ਸਾਰੇ ਸਮਾਗਮ ਦੀਆਂ ਤਸਵੀਰਾਂ ਅਤੇ ਵੀਡੀਓ ਇਤਿਹਾਸਕ ਪਿੰਡ ਠੱਟਾ ਦੀ ਵੈਬਸਾਈਟ www.thatta.in ‘ਤੇ ਦੇਖੀਆਂ ਜਾ ਸਕਦੀਆਂ ਹਨ।

ਜਿਸ ਸਮੇਂ ਬਾਬਾ ਬੀਰ ਸਿੰਘ ਜੀ ਦੋਆਬੇ ਦੇ ਦੌਰੇ ਤੇ ਆਏ ਤਾਂ ਉਹ ਕਪੂਰਥਲਾ ਪਹੁੰਚ ਗਏ ਜਿਥੇ ਸਰਦਾਰ ਨਿਹਾਲ ਸਿੰਘ ਨੇ ਆਪ ਜੀ ਦੀ ਬੜੀ ਸੇਵਾ ਕੀਤੀ। ਸਰਦਾਰਨੀ ਮਾਈ ਹੀਰਾ ਆਪ ਜੀ ਵਾਸਤੇ ਪ੍ਰਸਾਦ ਤਿਆਰ ਕਰਕੇ ਭੇਜਦੀ ਰਹੀ। ਇਸ ਤੋਂ ਬਾਅਦ ਆਪ ਮਲਸੀਆਂ ਤੋ ਹੁੰਦੇ ਹੋਏ ਠੱਟੇ ਪਹੁੰਚ ਗਏ ਅਤੇ ਉਹ ਇਸ ਜਗਾ ਦੀ ਪਰਕ੍ਰਮਾ ਕਰਕੇ ਬੈਠ ਗਏ ਜਿੱਥੇ ਇਸ ਸਮੇਂ ਗੁਰਦੁਆਰਾ ਦਮਦਮਾ ਸਾਹਿਬ ਸ਼ੁਸ਼ੋਭਿਤ ਹੈ। ਫਿਰ ਇਲਾਕੇ ਦੇ ਲੋਕ ਬਾਬਾ ਜੀ ਦੇ ਦਰਸ਼ਨ ਕਰਨ ਨੂੰ ਭਾਰੀ ਗਿਣਤੀ ਵਿੱਚ ਆਉਣ ਲੱਗ ਪਏ ਪਰ ਸਭ ਹੁੱਕਾ ਪੀਣ ਵਾਲੇ ਸਨ। ਇਸਤਂੋ ਉਹ ਦੂਰ ਖੜੇ ਹੀ ਬੇਨਤੀਆਂ ਕਰਨ ਲੱਗੇ ਕਿ ਬਾਬਾ ਜੀ ਅਸੀਂ ਬੜੇ ਦੁਖੀ ਹਾਂ। ਸਾਰਾ ਦਿਨ ਧਰਤੀ ਫੋਲਦੇ ਹੀ ਮਰੇ ਰਹਿੰਦੇ ਹਾਂ ਫਿਰ ਵੀ ਸਾਡੇ ਬਾਲ ਬੱਚੇ ਅੰਨ ਵੱਲੋ ਭੁੱਖੇ ਹੀ ਰਹਿੰਦੇ ਹਨ। ਲੋਕਾਂ ਦੀ ਇਹੋ ਜਿਹੀ ਗਰੀਬੀ ਵਾਲੀ ਦਸ਼ਾ ਦੇਖ ਕੇ ਬਾਬਾ ਜੀ ਨੇ ਆਖਿਆ ਭਾਈ ਤੁਸੀ ਗੁਰੂ ਪ੍ਰਮੇਸ਼ਰ ਤੋਂ ਭੁੱਲੇ ਹੋਏ ਹੋ। ਏਸੇ ਕਰਕੇ ਹੀ ਤੁਹਾਡੀ ਇਹ ਦਸ਼ਾ ਹੋ ਰਹੀ ਹੈ। ਅੱਗੇ ਇੱਕ ਦੋ ਨੰਬਰਦਾਰਾਂ ਆਖਿਆ, ਬਾਬਾ ਜੀ ਅਸੀਂ ਤਾਂ ਭੁੱਖੇ ਮਰਦੇ ਵੀ ਰਾਮ ਰਾਮ ਹੀ ਕਰਦੇ ਰਹਿੰਦੇ ਤਾਂ ਬਾਬਾ ਜੀ ਨੇ ਪੁਛਿਆ ਕਿ ਤੁਹਾਡਾ ਗੁਰੂ ਕੋਣ ਹੈ ਜਿਸ ਨੇ ਤੁਹਾਨੂੰ ਰਾਮ ਰਾਮ ਜੱਪਣਾ ਦੱਸਿਆ ਹੈ ਤਾ ਅੱਗੋ ਉਹਨਾ ਨੇ ਆਖਿਆ ਕਿ ਬਾਬਾ ਜੀ ਗੁਰੂ ਦਾ ਤਾਂ ਸਾਨੂੰ ਪਤਾ ਨਹੀ ਅਸੀ ਤਾਂ ਦੇਖਾ ਦੇਖੀ ਰਾਮ ਰਾਮ ਕਹਿੰਦੇ ਹਾਂ। ਫਿਰ ਬਾਬਾ ਜੀ ਨੇ ਨਾਮ ਪੁੱਛੇ ਕਿ ਤੁਹਾਡੇ ਨਾਮ ਕੀ ਹਨ ਤਾਂ ਕਿਸੇ ਨੇ ਬਾਗ ਸਿੰਘ, ਕਿਸੇ ਨੇ ਲਾਭ ਸਿੰਘ, ਖੁਸ਼ਹਾਲ ਸਿੰਘ ਆਦਿ ਦੱਸਿਆ ਤਾਂ ਬਾਬਾ ਜੀ ਨੇ ਆਖਿਆ ਕਿ ਉਹ ਕੰਬੋਵੋ ਤਦੇ ਹੀ ਤਾਂ ਤੁਸੀ ਭੁੱਖੇ ਮਰਦੇ ਹੋ ਕਿਊਕਿ ਨਾਮ ਤਾਂ ਗੁਰੂ ਦੇ ਸਿੱਖਾ ਦੇ ਰਖਾਉਂਦੇ ਹੋ ਤੇ ਪੀਂਦੇ ਤੁਸੀ ਹੁੱਕੀਆਂ ਹੋ। ਆਊ ਹੁਣ ਅਮ੍ਰਿਤ ਛੱਕ ਕੇ ਪੂਰਣ ਗੁਰੂ ਸਿੱਖ ਬਣੋ ਤੁਹਾਡੀ ਭੁੱਖ ਦਾ ਦੁੱਖ ਦੂਰ ਕਰ ਦੇਵਾਂਗਾ। ਜਾਵੋ ਹੁੱਕੀਆ ਭੰਨ ਕੇ ਦੋ ਦੋ ਕਛਹਿਰੇ ਲੈ ਕੇ ਆਵੋ। ਅਗਲੇ ਦਿਨ ਹੀ ਇਹਨਾਂ ਲੋਕਾਂ ਨੇ ਹੁੱਕੀਆ ਭੰਨ ਕੇ ਅੰਮ੍ਰਿਤ ਛੱਕ ਲਿਆ। ਕਈ ਪੈਲੀਆਂ ਵਿੱਚ ਹੁੱਕੇ ਰੱਖ ਕੇ ਦੇਖਣ ਆਏ ਤਾਂ ਬਾਬਾ ਜੀ ਨੇ ਆਖਿਆ ਕਿ ਓਏ ਭਾਈ ਜਿਹੜੇ ਤੁਸੀਂ ਪੈਲੀਆਂ ਵਿੱਚ ਰੱਖ ਕੇ ਆਏ ਹੋ ਉਹਨਾ ਨੂੰ ਭੰਨ ਕੇ ਤੁਸੀਂ ਵੀ ਅਮ੍ਰਿਤ ਛੱਕ ਲਵੋ। ਇਸਤੇਂ ਉਹਨਾ ਨੇ ਵੀ ਬਾਬਾ ਜੀ ਦੀ ਅੰਤਰਯਾਮਤਾ ਦੀ ਸ਼ਕਤੀ ਦੇਖਕੇ ਹੁੱਕੀਆਂ ਭੰਨ ਕੇ ਅਗਲੇ ਦਿਨ ਹੀ ਅੰਮ੍ਰਿਤ ਛੱਕ ਲਿਆ। ਬਾਬਾ ਜੀ ਨੇ ਦੋ ਚਾਰ ਦਿਨ ਇੱਥੇ ਹੀ ਸਾਰਾ ਜੱਥਾ ਰੱਖ ਕੇ ਦੀਵਾਨ ਤੇ ਪ੍ਰਚਾਰ ਨਾਲ ਸਾਰੇ ਇਲਾਕੇ ਨੂੰ ਅੰਮ੍ਰਿਤ ਛਕਾ ਕੇ ਆਖਿਆ ਕਿ ਚਲੋ ਭਾਈ ਨੰਬਰਦਾਰੋ ਤੁਸੀ ਆਪਣੀ ਹੱਦ ਦਿਖਾਓ ਕਿ ਬਿਆਸ ਤੋਂ ਕਿਤਨੀ ਦੂਰ ਨੇੜੇ ਹੈ। ਇਸਤੋਂ ਬਾਅਦ ਬਾਬਾ ਜੀ ਘੋੜੀ ਉੱਪਰ ਬੈਠ ਕੇ ਬਿਆਸਾ ਵੱਲ ਤੱਕ ਕੇ ਹੱਥ ਨਾਲ ਇਛਾਰਾ ਕਰਕੇ ਆਖਿਆ ਕਿ ਇਥੋਂ ਨਾਲਾ ਨਿਕਲ ਕੇ ਕੱਲਰ ਧੋ ਕੇ ਜਮੀਨ ਬਣਾਏਗਾ। ਸਿੰਘਾਂ ਨੇ ਪੁਛਿਆ ਕਿ ਬਾਬਾ ਜੀ ਇਸ ਦਾ ਨਾਂ ਵੀ ਦੱਸ ਦਿਓ ਤਾਂ ਬਾਬਾ ਜੀ ਨੇ ਕਿਹਾ ਕਿ ਇਸਦਾ ਨਾਮ ਕਾਲਣਾ ਹੋਵੇਗਾ ਸੋ ਵੈਸੇ ਹੀ ਹੈ। ਬਾਬਾ ਜੀ ਨੇ ਆਖਿਆ ਭਾਈ ਤੁਸੀਂ ਸਿੱਖੀ ਨਾਲ ਜਿਨੀ ਦੇਰ ਪਿਆਰ ਰੱਖੋਗੇ ਉਨੀ ਦੇਰ ਤੁਹਾਡੇ ਅੰਨ ਦਾ ਕਾਲ ਨਹੀਂ ਪਵੇਗਾ ਕਿਊਕਿ ਇਥੇ ਹਮੇਸ਼ਾ ਹੀ ਗੁਰੂ ਕਾ ਅੰਮ੍ਰਿਤ ਵਰਸੇਗਾ। ਬਾਬਾ ਜੀ ਦੇ ਵਰ ਨਾਲ ਹੁਣ ਤੱਕ ਅੰਮ੍ਰਿਤ ਪ੍ਰਚਾਰ ਹੁੰਦਾ ਹੀ ਰਹਿੰਦਾ ਹੈ। ਇਸ ਪਿਛੋਂ ਬਾਬਾ ਜੀ ਨੇ ਸੰਗਤਾਂ ਨੂੰ ਹੁਕਮ ਦਿੱਤਾ ਕਿ ਤੁਸੀਂ ਇਸ ਅਸਥਾਨ ਦੀ ਸੇਵਾ ਕਰਿਆ ਕਰੋ। ਤੁਹਾਨੂੰ ਕਦੇ ਕਿਸੇ ਚੀਜ ਦੀ ਤੋਟ ਨਹੀ ਰਹੇਗੀ। ਇਸ ਪਿਛੋ ਬਾਬਾ ਜੀ ਇਸ ਇਲਾਕੇ ਨੂੰ ਭਾਗ ਲਗਾਉਦੇ ਹੋਏ ਸੈਦਪੁਰ ਤੋ ਜੱਟਾ ਦੀ ਸਰਾ ਹੁੰਦੇ ਹੋਏ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਚਲੇ ਗਏ।

About thatta

Comments are closed.

Scroll To Top
error: