Home / ਢਾਡੀ ਸ. ਰਤਨ ਸਿੰਘ ਨਿਧੜਕ

ਢਾਡੀ ਸ. ਰਤਨ ਸਿੰਘ ਨਿਧੜਕ

RS Nidhadakਢਾਡੀ ਰਤਨ ਸਿੰਘ ਨਿਧੜਕ ਪਿੰਡ ਠੱਟਾ ਨਵਾਂ ਦੀ ਧਰਤੀ ਤੇ ਜੰਮਿਆ ਪਲਿਆ ਉਹ ਇਨਸਾਨ ਹੈ, ਜਿਸ ਨੇ ਆਪਣੀ ਢਾਡੀ ਕਲਾ ਰਾਹੀਂ ਆਪਣਾ ਅਤੇ ਆਪਣੇ ਨਗਰ ਦਾ ਨਾਂ ਦੁਨੀਆਂ ਦੇ ਕੋਨੇ ਕੋਨੇ ਵਿੱਚ ਪਹੁੰਚਾਇਆ। ਪਿਛਲੇ ਲਗਭਗ ਪੰਜ ਦਹਾਕੇ ਤੋਂ ਢਾਡੀ ਕਲਾ ਨੂੰ ਸਮਰਪਿਤ ਨਿਧੜਕ ਸਾਹਿਬ ਆਪਣੀ ਵਿਦਵਤਾ ਰਾਹੀਂ ਸਿੱਖ ਕੌਮ ਦੇ ਬਾਗ ਨੂੰ ਮਹਿਕਾ ਰਹੇ ਹਨ। ਮਾਝੇ, ਮਾਲਵੇ ਤੇ ਦੁਆਬੇ ਦੀ ਧਰਤੀ ਨੂੰ ਮਾਣ ਹੈ ਕਿ ਇਹਨਾਂ ਖੇਤਰਾਂ ਵਿੱਚ ਉੱਚ ਕੋਟੀ ਦੇ ਢਾਡੀ ਸਿੰਘ ਪੈਦਾ ਹੋਏ, ਪਰ ਦੁਆਬੇ ਦੀ ਧਰਤੀ ਦਾ ਮਾਣ ਗਿਆਨੀ ਦਇਆ ਸਿੰਘ ਦਿਲਬਰ ਤੇ ਅਮਰ ਸਿੰਘ ਸ਼ੌਂਕੀ ਦਾ ਨਾਂ ਰਹਿੰਦੀ ਦੁਨੀਆਂ ਤੱਕ ਲਿਆ ਜਾਂਦਾ ਰਹੇਗਾ। ਏਸੇ ਲੜੀ ਨੂੰ ਅੱਗੇ ਤੋਰਦਿਆਂ ਜੇ ਗੱਲ ਕਰੀਏ ਤਾਂ ਇਤਿਹਾਸਕ ਨਗਰ ਠੱਟਾ ਨਵਾਂ ਨੂੰ ਮਾਣ ਹੈ ਜਿੱਥੇ ਸ. ਉਜਾਗਰ ਸਿੰਘ ਤੇ ਮਾਤਾ ਪੂਰਨ ਕੌਰ ਦੀ ਕੁਖੌਂ 31 ਮਾਰਚ 1933 ਨੂੰ ਸ. ਰਤਨ ਸਿੰਘ ਨਿਧੜਕ ਦਾ ਜਨਮ ਹੋਇਆ। ਉਹਨਾਂ ਚੌਥੀ ਜਮਾਤ ਤੱਕ ਦੀ ਤਾਲੀਮ ਪਿੰਡ ਦੇ ਮਦਰੱਸੇ ਵਿੱਚ ਤੇ ਅੱਠਵੀਂ ਤੱਕ ਦੀ ਪੜ੍ਹਾਈ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਵਿਖੇ ਹਾਸਲ ਕੀਤੀ। 1960-61 ਵਿੱਚ ਆਪ ਨੇ ਆਪਣੀ ਗਾਇਕੀ ਦਾ ਪ੍ਰਗਟਾਵਾ ਕਰਦਿਆਂ ਪਹਿਲੀ ਵਾਰ ਤੂੰਬੀ ਨਾਲ ਗਾਉਣਾ ਸ਼ੁਰੂ ਕੀਤਾ। ਜਿਸ ਨੇ ਲੋਕ ਮਨਾਂ ਉੱਤੇ ਆਪਣੀ ਗਹਿਰੀ ਛਾਪ ਛੱਡੀ। ਸਰੋਤਿਆਂ ਵੱਲੋਂ ਮਿਲੇ ਮਾਣ ਸਦਕਾ 1965 ਵਿੱਚ ਆਪਣਾ ਢਾਡੀ ਜੱਥਾ ਬਣਾ ਕੇ ਪੰਜਾਬ ਤੇ ਸਾਰੇ ਦੇਸ਼ਾਂ ਦੇ ਕੋਨੇ-ਕੋਨੇ ਵਿੱਚ ਸਿੱਖ ਸੰਗਤਾਂ ਦੀ ਇਤਿਹਾਸ ਰਾਹੀਂ ਸੇਵਾ ਕਰਨੀ ਆਰੰਭ ਕੀਤੀ। 1979 ਵਿੱਚ ਆਪ ਨੂੰ ਪਹਿਲੀ ਵਾਰ ਜੱਥੇ ਸਮੇਤ ਇੰਗਲੈਂਡ ਜਾਣ ਦਾ ਮੌਕਾ ਮਿਲਿਆ। ਵਿਦੇਸ਼ਾਂ ਦੇ ਟੂਰ ਲੱਗਦੇ ਰਹੇ, ਪਰ ਆਪ 1987 ਵਿੱਚ ਪੱਕੇ ਤੌਰ ਤੇ ਕਨੇਡਾ ਵਿੱਚ ਟਿਕ ਗਏ। ਆਪ ਨੇ ਆਪਣੇ ਪਰਿਵਾਰ ਦੀ ਗੁਰਬਤ ਕੱਢਣ ਲਈ ਕਨੇਡਾ ਦੀ ਧਰਤੀ ਤੇ ਸਖਤ ਮਿਹਨਤ ਕੀਤੀ। ਏਸੇ ਮਿਹਨਤ ਸਦਕਾ ਅੱਜ ਆਪ ਜੀ ਦੇ ਬੱਚੇ ਕਨੇਡਾ ਤੇ ਪੰਜਾਬ ਦੀ ਧਰਤੀ ਤੇ ਖੁਸ਼ੀਆਂ ਭਰੇ ਦਿਨ ਬਤੀਤ ਕਰ ਰਹੇ ਹਨ। ਮਿੱਟੀ ਦਾ ਮੋਹ ਅੱਜ ਵੀ ਉਹਨਾਂ ਦੇ ਮਨਾਂ ਵਿੱਚ ਠਾਠਾਂ ਮਾਰ ਰਿਹਾ ਹੈ। ਪਿੱਛੇ ਜਿਹੇ ਸ਼ਹੀਦ ਊਧਮ ਸਿੰਘ ਯੂਥ ਕਲੱਬ ਠੱਟਾ ਨਵਾਂ ਦੇ ਪ੍ਰਬੰਧਕਾਂ ਦੇ ਵਿਸ਼ੇਸ਼ ਸੱਦੇ ਤੇ ਪਿੰਡ ਪਹੁੰਚੇ, ਜਿੱਥੇ ਸ਼ਹੀਦ ਊਦਮ ਸਿੰਘ ਦੀ ਯਾਦ ਨੂੰ ਸਮਰਪਿਤ ਸਮਾਗਮ ਲਈ 11 ਹਜ਼ਾਰ ਰੁਪਏ ਤੇ ਸਰਕਾਰੀ ਹਾਈ ਸਕੂਲ ਦੀ ਇਮਾਰਤ ਦੀ ਚਾਰਦੀਵਾਰੀ ਲਈ 30,000 ਰੁਪਏ ਦੇ ਕੇ ਆਪਣੀ ਜਨਮ ਭੂਮੀ ਨੂੰ ਸਿੱਜਦਾ ਕੀਤਾ। ਉਹਨਾਂ ਦੀ ਢਾਡੀ ਕਲਾ ਵਿੱਚ ਮੁਹਾਰਤ ਤੇ ਸਮਰਪਣ ਭਾਵਨਾ ਨੂੰ ਦੇਖ ਕੇ ਇੰਟਰਨੈਸ਼ਨਲ ਢਾਡੀ ਸਭਾ ਦੇ ਸਰਪਰਸਤ ਗਿਆਨੀ ਨਿਰਮਲ ਸਿੰਘ ਨੂਰ ਵੱਲੋਂ ਆਪ ਨੂੰ ਇੰਟਰਨੈਸ਼ਨਲ ਢਾਡੀ ਸਭਾ ਕਨੇਡਾ ਦੇ ਪ੍ਰਧਾਨ ਥਾਪਿਆ ਗਿਆ। ਅੱਜ ਉਹ ਕਨੇਡਾ ਵਿੱਚ ਢਾਡੀ ਜੱਥੇ ਨਾਲ ਸੰਗਤਾਂ ਦੀ ਸੇਵਾ ਕਰ ਰਹੇ ਹਨ। ਉਹਨਾਂ ਦੇ ਜੱਥੇ ਵਿੱਚ ਉਹਨਾਂ ਦਾ ਸਪੁੱਤਰ ਸ ਨਛੱਤਰ ਸਿੰਘ, ਸਾਥੀ ਪਰਮਿੰਦਰ ਸਿੰਘ ਮਾਣਕ ਅਤੇ ਬਿਕਰਮ ਸਿੰਘ ਢੁੱਗਾ ਆਪ ਜੀ ਦਾ ਸਾਥ ਦੇ ਰਹੇ ਹਨ। ਉਹਨਾਂ ਜਿੱਥੇ ਕਵੀਸ਼ਰਾਂ ਢਾਡੀਆਂ ਵਿੱਚ ਆਪਣੀ ਨਿਵੇਕਲੀ ਪਛਾਣ ਬਣਾਈ, ਉੱਥੇ ਇਤਿਹਾਸਕ ਨਗਰ ਠੱਟਾ ਦੀ ਸ਼ਾਨ ਨੂੰ ਵੀ ਚਾਰ ਚੰਨ ਲਾਏ ਹਨ। ਅੰਤ ਵਿੱਚ ਮੈਂ ਇਸ ਬਜੁਰਗ ਢਾਡੀ ਲਈ ਕਾਮਨਾ ਕਰਦਾ ਹਾਂ ਕਿ ਉਹ ਭਵਿੱਖ ਵਿੱਚ ਹੋਰ ਮਿਹਨਤ ਕਰਕੇ ਆਪਣੀ ਕੌਮ ਦੂ ਸੇਵਾ ਕਰਕੇ ਆਪਣਾ ਤੇ ਆਪਣੇ ਨਗਰ ਦਾ ਨਾਂ ਦੁਨੀਆ ਦੇ ਕੋਨੇ ਕੋਨੇ ਵਿੱਚ ਚਮਕਾਉਂਦਾ ਰਹੇ।

ਪ੍ਰੋ. ਜਸਵੰਤ ਸਿੰਘ ਮੋਮੀ,

ਐਮ.ਏ.(ਪੰਜਾਬੀ), ਐਮ. ਫਿਲ.

ਅਮਰੀਕਾ।

Leave a Reply

Scroll To Top
error:
%d bloggers like this: