ਠੱਟਾ ਨਵਾਂ ਦੀ ਪੰਜਾਬੀ ਵੈੱਬਸਾਈਟ ਨਾਲ 14 ਹੋਰ ਪਿੰਡ ਦੁਨੀਆ ਦੇ ਸੰਪਰਕ ‘ਚ *

12

ਜਿੱਥੇ ਦੁਨੀਆਂ ਭਰਦੇ ਵਿਗਿਆਨੀ ਨਵੀਆਂ ਨਵੀਆਂ ਖੋਜਾਂ ਕਰਕੇ ਦੇਸ਼ ਨੂੰ ਸਮਰਪਿਤ ਕਰਦੇ ਰਹਿੰਦੇ ਹਨ ਉਥੇ ਪਿੰਡਾਂ ਵਿੱਚ ਵੱਸਦੇ ਪੜੇ ਲਿਖੇ ਸੂਝਵਾਨ ਨੌਜਵਾਨ ਵੀ ਹੁਣ ਕਿਸੇ ਤੋ ਘੱਟ ਨਹੀਂ ਰਹੇ ਜਿਸ ਦੀ ਮਿਸਾਲ ਪਿੰਡ ਠੱਟਾ ਨਵਾਂ ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਦੇ ਹਰਜਿੰਦਰ ਸਿੰਘ ਤੇ ਉਸ ਦੇ ਸਾਥੀਆਂ ਵੱਲੋਂ ਪਿੰਡ ਦੀ ਵੈੱਬਸਾਈਟ ਮਾਂ ਬੋਲੀ ਪੰਜਾਬੀ ਵਿਚ ਤਿਆਰ ਦੇਖਣ ਤੋਂ ਮਿਲਦੀ ਹੈ ਤੇ ਜਿਨ੍ਹਾਂ ਨੇ ਇਕ ਹੋਰ ਪਹਿਲ ਕਦਮੀ ਕਰਦਿਆਂ ਨੇੜਲੇ 14 ਪਿੰਡਾਂ ਨੂੰ ਇਸ ਪੰਜਾਬੀ ਵੈੱਬਸਾਈਟ ਨਾਲ ਜੋੜ ਕੇ ਨਵਾਂ ਇਤਿਹਾਸ ਰਚਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵੈੱਬਸਾਈਟ ਦੇ ਸੰਚਾਲਕ ਸ਼੍ਰੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਠੱਟਾ ਨਵਾਂ ਦੀ ਪੰਜਾਬੀ ਵਿਚ ਵੈੱਬਸਾਈਟ ਫਰਵਰੀ 2008 ਵਿਚ ਸ਼ੁਰੂਆਤ ਕੀਤੀ ਗਈ ਸੀ ਇਸ ਵੈੱਬਸਾਈਟ ਦਾ ਮੁੱਖ ਉਦੇਸ਼ ਹਰ ਉਸ ਪੰਜਾਬੀ ਤੇ ਪ੍ਰਵਾਸੀ ਭਾਰਤੀ ਤੱਕ ਪੰਜਾਬ ਦੇ ਪਿੰਡਾਂ ਦਾ ਮੋਹ ਪਹੁੰਚਾਉਣਾ ਸੀ, ਇਸ ਮਕਸਦ ਵਿਚ ਅਸੀਂ ਕਾਫ਼ੀ ਹੱਦ ਤੱਕ ਸਫਲ ਵੀ ਹੋਏ ਹਾਂ ਤੇ ਹੁਣ ਇਸ ਦੇ ਨੇੜਲੇ ਪਿੰਡਾਂ ਜਿਨ੍ਹਾਂ ਵਿਚ ਬੂਲਪੁਰ, ਅਮਰਕੋਟ, ਬੂੜੇਵਾਲ, ਦੰਦੂਪੁਰ, ਦਰੀਏਵਾਲ, ਕਾਲੂਭਾਟੀਆ, ਮੰਗੂਪੁਰ, ਸਾਬੂਵਾਲ, ਸੈਦਪੁਰ, ਸੁਜੋਕਾਲੀਆ, ਤਲਵੰਡੀ ਚੌਧਰੀਆਂ, ਟਿੱਬਾ, ਟੋਡਰਵਾਲ ਅਤੇ ਵਲਣੀ ਆਦਿ ਪਿੰਡਾਂ ਸਬੰਧੀ ਸਾਰੀ ਜਾਣਕਾਰੀ ਠੱਟਾ ਨਵਾਂ ਦੀ ਪੰਜਾਬੀ ਵੈੱਬਸਾਈਟ ਡਬਲਯੂ ਡਬਲਯੂ ਡਬਲਯੂ ਡੋਟ ਠੱਟਾ ਡੋਟ ਇਨਾਂ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਮੌਕੇ ਸੰਚਾਲਕ ਹਰਜਿੰਦਰ ਸਿੰਘ, ਆਪਿੰਦਰ ਸਿੰਘ, ਸਰਵਣ ਸਿੰਘ ਚੰਦੀ, ਅਮਨਦੀਪ ਸਿੰਘ ਵਲਣੀ, ਹਰਵਿੰਦਰ ਸਿੰਘ ਮਰਵਾਹਾ, ਊਧਮ ਸਿੰਘ ਦਰੀਏਵਾਲ, ਅਵਤਾਰ ਸਿੰਘ ਚੰਦੀ, ਗੁਰਪ੍ਰੀਤ ਸਿੰਘ ਧੰਜੂ, ਸਤਵਿੰਦਰ ਸਿੰਘ, ਗੁਰਨਾਮ ਸਿੰਘ ਟੋਡਰਵਾਲ ਆਦਿ ਹਾਜ਼ਰ ਸਨ।