ਠੰਢ ਵਿੱਚ ਇੰਝ ਕਰੋ ਬੂਟਿਆਂ ਦੀ ਸਾਂਭ ਸੰਭਾਲ

16

404713__thand

ਮਨੁੱਖ ਦੇ ਜਨਮ ਤੋਂ ਲੈ ਕੇ ਮਰਨ ਤੱਕ ਰੁੱਖ ਉਸ ਦਾ ਸਾਥ ਨਿਭਾਉਂਦੇ ਹਨ। ਗਰਮੀ ਵਿਚ ਛਾਂ ਕਰਕੇ ਅੱਗ ਵਰ੍ਹਾਉਂਦੀ ਧੁੱਪ ਤੋਂ ਹਰ ਪ੍ਰਾਣੀ ਨੂੰ ਬਚਾਉਂਦੇ ਹਨ ਜਦੋਂਕਿ ਠੰਢ ਦੇ ਦਿਨਾਂ ਵਿਚ ਮਨੁੱਖ ਇਨ੍ਹਾਂ ਦੀ ਲੱਕੜ ਬਾਲ ਕੇ ਆਪਣੇ-ਆਪ ਨੂੰ ਸਰਦੀ ਤੋਂ ਬਚਾਉਂਦਾ ਹੈ। ਇਸ ਤੋਂ ਇਲਾਵਾ ਦਰੱਖਤਾਂ ਦੇ ਹੋਰ ਬਹੁਤ ਸਾਰੇ ਲਾਭ ਹਨ ਜੋ ਮਨੁੱਖੀ ਜ਼ਿੰਦਗੀ ਵਿਚ ਸਹਾਈ ਹੁੰਦੇ ਹਨ। ਦਰੱਖ਼ਤ ਮਨੁੱਖ ਲਈ ਹੀ ਨਹੀਂ, ਸਗੋਂ ਇਨ੍ਹਾਂ ‘ਤੇ ਪੰਛੀ ਆਪਣਾ ਰੈਣ ਬਸੇਰਾ ਕਰ ਆਪਣੀ ਜ਼ਿੰਦਗੀ ਬਤੀਤ ਕਰਦੇ ਹਨ। ਇਸ ਲਈ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਦੀ ਲੋੜ ਹੈ। ਪੰਜਾਬ ਦੀ ਧਰਤੀ ‘ਤੇ ਦਰੱਖਤਾਂ ਦਾ ਰਕਬਾ ਵਧਾਉਣ ਲਈ ਪੰਜਾਬ ਸਰਕਾਰ ਅਤੇ ਹੋਰ ਅਦਾਰਿਆਂ ਵੱਲੋਂ ਪਿਛਲੇ ਸਾਲਾਂ ਤੋਂ ਵੱਡੀ ਮੁਹਿੰਮ ਆਰੰਭੀ ਹੋਈ ਹੈ, ਇਨ੍ਹਾਂ ਅਦਾਰਿਆਂ ‘ਚੋਂ ਅਜੀਤ ਵੱਲੋਂ ਸ਼ੁਰੂ ਕੀਤੀ ਗਈ ‘ਅਜੀਤ ਹਰਿਆਵਲ ਲਹਿਰ’ ਇਕ ਅਹਿਮ ਕੜੀ ਹੈ, ਜਿਸ ਨੇ ਮੋਹਰੀ ਹੋ ਕੇ ਹਰ ਵਰਗ ਨੂੰ ਨਾਲ ਲੈ ਕੇ ਵੱਧ ਤੋਂ ਵੱਧ ਬੂਟੇ ਲਗਾਉਣ ਵਿਚ ਪਹਿਲਕਦਮੀ ਦਿਖਾਈ ਹੈ ਤੇ ਇਸ ਵਾਰ ਵੀ ਵੱਡੀ ਗਿਣਤੀ ਵਿਚ ਬੂਟੇ ਲਗਾਏ ਗਏ ਹਨ ਤੇ ਇਨ੍ਹਾਂ ਬੂਟਿਆਂ ਦੀ ਦੇਖਭਾਲ ਲਈ ਢੁਕਵੇਂ ਹੱਲ ਕੱਢੇ ਗਏ ਹਨ। ਉੱਤਰੀ ਭਾਰਤ ਵਿਚ ਇਸ ਵੇਲੇ ਸਰਦੀ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਮੌਸਮ ਦੌਰਾਨ ਬੂਟਿਆਂ ਨੂੰ ਬਚਾਉਣਾ ਜ਼ਰੂਰੀ ਹੈ। ਬੂਟੇ ਲਗਾਉਣ ਤੋਂ ਪਹਿਲੇ ਸਾਲ ਇਨ੍ਹਾਂ ਦੀ ਦੇਖਭਾਲ ਕਰਨੀ ਜ਼ਰੂਰੀ ਬਣਦੀ ਹੈ, ਖ਼ਾਸ ਕਰ ਸਰਦੀ ਦੇ ਮੌਸਮ ਵਿਚ। ਸਰਦੀ ਦੇ ਮੌਸਮ ਦੌਰਾਨ ਕਈ ਕਿਸਮ ਦੇ ਬੂਟਿਆਂ ਦੇ ਪੱਤੇ ਝੜ ਜਾਂਦੇ ਹਨ। ਇਸ ਤਰ੍ਹਾਂ ਨਵੇਂ ਲਗਾਏ ਬੂਟਿਆਂ ਦੇ ਜਦੋਂ ਪੱਤੇ ਝੜਦੇ ਹਨ ਤਾਂ ਇਹ ਬੂਟੇ ਛੋਟੇ ਹੋਣ ਕਾਰਨ ਜਾਂ ਫਿਰ ਇਨ੍ਹਾਂ ਦੀ ਸੁਰੱਖਿਆ ਵੱਲ ਧਿਆਨ ਨਾ ਦੇਣ ਕਾਰਨ ਰਾਹਗੀਰਾਂ, ਵਾਹਨਾਂ ਜਾਂ ਫਿਰ ਹੋਰ ਸਮੱਸਿਆਵਾਂ ਦੀ ਲਪੇਟ ‘ਚ ਆ ਕੇ ਦਮ ਵੀ ਤੋੜ ਜਾਂਦੇ ਹਨ। ਸਰਦੀ ਦੇ ਮੌਸਮ ‘ਚ ਪੈਂਦੇ ਜ਼ਿਆਦਾ ਕੋਹਰੇ ਦੀ ਮਾਰ ਤੋਂ ਬਚਾਉਣ ਲਈ ਬੂਟਿਆਂ ਨੂੰ ਆਪੋ-ਆਪਣੇ ਤਰੀਕੇ ਨਾਲ ਬਚਾਇਆ ਜਾ ਸਕਦਾ ਹੈ। ਜਿਸ ਕਿਸੇ ਵੀ ਬੂਟੇ ਦੇ ਪੱਤੇ ਝੜਦੇ ਹਨ, ਉਸ ਬੂਟੇ ਨੂੰ ਬਚਾਉਣ ਲਈ ਕੰਡਿਆਲੀ ਝਾੜੀਆਂ, ਡੰਡਿਆਂ ਦਾ ਸਹਾਰਾ ਦਿਓ। ਜ਼ਿਆਦਾ ਕੋਹਰਾ ਪੈਣ ਦੀ ਸੂਰਤ ਵਿਚ ਇਨ੍ਹਾਂ ਬੂਟਿਆਂ ਨੂੰ ਝੋਨੇ ਦੀ ਪਰਾਲੀ ਲਗਾ ਕੇ ਬਚਾਇਆ ਜਾ ਸਕਦਾ ਹੈ। ਕੋਹਰਾ ਝੋਨੇ ਦੀ ਪਰਾਲੀ ‘ਤੇ ਹੀ ਪਵੇਗਾ, ਜਦੋਂਕਿ ਬੂਟਾ ਪਰਾਲੀ ਦੇ ਹੇਠਾਂ ਸਹੀ ਸਲਾਮਤ ਖੜ੍ਹਿਆ ਰਹੇਗਾ। ਸੁੱਕੀ ਜਗ੍ਹਾ ‘ਤੇ ਕੋਹਰਾ ਬੂਟਿਆਂ ਨੂੰ ਜ਼ਿਆਦਾ ਅਸਰ ਕਰਦਾ ਹੈ, ਕੋਹਰੇ ਨਾਲ ਬੂਟਾ ਝੁਲਸ ਵੀ ਸਕਦਾ ਹੈ। ਇਕ ਵਾਰ ਕੋਹਰੇ ਦੀ ਮਾਰ ਦਾ ਝੰਬਿਆ ਬੂਟਾ ਆਪਣੀ ਹੋਂਦ ਵੀ ਗਵਾ ਸਕਦਾ ਹੈ। ਸਮੇਂ-ਸਮੇਂ ‘ਤੇ ਪਾਣੀ ਦੇਣ ਨਾਲ ਵੀ ਕੋਹਰਾ ਬੂਟੇ ‘ਤੇ ਜ਼ਿਆਦਾ ਮਾਰ ਨਹੀਂ ਕਰ ਸਕੇਗਾ। ਇਸ ਲਈ ਨਵੇਂ ਲਗਾਏ ਬੂਟਿਆਂ ਨੂੰ ਪਹਿਲੀ ਸਰਦੀ ਤੋਂ ਬਚਾਉਣਾ ਜ਼ਰੂਰੀ ਹੈ, ਕਿਉਂਕਿ ਇਹ ਬੂਟੇ ਨਵੇਂ ਲਗਾਏ ਹੋਣ ਅਤੇ ਇਨ੍ਹਾਂ ਦਾ ਕੱਦ ਛੋਟਾ ਹੋਣ ਕਾਰਨ ਇਨ੍ਹਾਂ ‘ਤੇ ਕਈ ਤਰ੍ਹਾਂ ਦੇ ਹਮਲੇ ਹੋ ਸਕਦੇ ਹਨ। ਸਰਦੀ ਤੋਂ ਬਚੇ ਬੂਟੇ ਗਰਮੀ ਦੇ ਮੌਸਮ ਵਿਚ ਤੇਜ਼ੀ ਨਾਲ ਵਧਦੇ ਫੁੱਲਦੇ ਹਨ। ਅਗਲੀ ਸਰਦੀ ਦੇ ਮੌਸਮ ਤੱਕ ਬੂਟੇ ਕਾਫ਼ੀ ਹੱਦ ਤੱਕ ਵੱਡੇ ਹੋ ਜਾਂਦੇ ਹਨ ਅਤੇ ਕਈ ਤਰ੍ਹਾਂ ਦੀ ਔਖਿਆਈਆਂ ਵਿਚੋਂ ਲੰਘ ਜਾਂਦੇ ਹਨ। ਇਸ ਲਈ ਹਰ ਵਿਅਕਤੀ ਦਾ ਫ਼ਰਜ਼ ਬਣਦਾ ਹੈ ਕਿ ਉਸ ਨੂੰ ਜਿੱਥੇ ਕਿਤੇ ਵੀ ਛੋਟੇ ਬੂਟੇ ਸਰਦੀ ਦੀ ਮਾਰ ਝੱਲਦੇ ਦਿਖਾਈ ਦੇਣ, ਉਨ੍ਹਾਂ ਨੂੰ ਬਚਾਉਣ ‘ਚ ਪਹਿਲਕਦਮੀ ਦਿਖਾਉਣੀ ਚਾਹੀਦੀ ਹੈ।

ਦਵਿੰਦਰ ਸਿੰਘ ਸਨੌਰ
-ਬੋਸਰ ਰੋਡ, ਸਨੌਰ (ਪਟਿਆਲਾ)

(source Ajit)