Home / ਅੰਨਦਾਤਾ ਲਈ / ਘਰੇਲੂ ਬਗ਼ੀਚੀ- ਫਾਇਦਾ ਹੀ ਫਾਇਦਾ

ਘਰੇਲੂ ਬਗ਼ੀਚੀ- ਫਾਇਦਾ ਹੀ ਫਾਇਦਾ

Potager-1024x768

ਅੱਜ ਦੇ ਯੁਗ ਵਿਚ ਜਿੱਥੇ ਬਜ਼ਾਰ ਵਿਚੋਂ ਤਾਜ਼ੀਆਂ, ਮਿਆਰੀ ਅਤੇ ਸਿਹਤ ਵਰਧਕ ਸਬਜ਼ੀਆਂ ਮਿਲਣੀਆਂ ਔਖੀਆਂ ਹਨ, ਉੱਥੇ ਅੱਤ ਦੀ ਮਹਿੰਗਾਈ ਹੋਣ ਕਾਰਣ ਇਨ੍ਹਾਂ ਨੂੰ ਖ਼ਰੀਦਣਾ ਹਰ ਕਿਸੀ ਦੇ ਵੱਸ ਵਿਚ ਵੀ ਨਹੀਂ ਹੈ। ਅਸੀਂ ਜਾਣਦੇ ਹਾਂ ਕਿ ਸਬਜ਼ੀਆਂ ਦੀ ਕਾਸ਼ਤ ਵੇਲੇ ਇਨ੍ਹਾਂ ਉਪਰ ਯੂਰੀਆ ਢੇਰ, ਕੀਟਨਾਸ਼ਕ ਅਤੇ ਨਦੀਨ ਨਾਸ਼ਕਾਂ ਦੀ ਸਪ੍ਰੇਅ ਹੁੰਦੀ ਹੈ ਅਤੇ ਇਹ ਜ਼ਹਿਰ ਹੌਲੀ-ਹੌਲੀ ਸਾਡੇ ਸਰੀਰ ਅੰਦਰ ਵੀ ਦਾਖਲ ਹੁੰਦੇ ਰਹਿੰਦੇ ਹਨ, ਜਿਸ ਨਾਲ ਅਸੀਂ ਕਈ ਬਿਮਾਰੀਆਂ ਦੇ ਸ਼ਿਕਾਰ ਵੀ ਹੁੰਦੇ ਹਾਂ ਅਤੇ ਸਾਡੇ ਜਿਸਮ ਦੀ ਰੋਗ ਪ੍ਰਤੀਰੋਧਕ ਤਾਕਤ ਵੀ ਘੱਟ ਹੁੰਦੀ ਜਾਂਦੀ ਹੈ। ਇਸ ਸਮੱਸਿਆ ਦਾ ਹੱਲ ਘਰੇਲੂ ਬਗ਼ੀਚੀ ਹੈ ਅਤੇ ਹਰ ਘਰੇਲੂ ਔਰਤ ਆਪ ਥੋੜੀ ਜਿਹੀ ਮਿਹਨਤ ਕਰਕੇ ਤਾਜ਼ੀਆਂ ਅਤੇ ਪੌਸ਼ਟਿਕ ਸਬਜ਼ੀਆਂ ਪੈਦਾ ਕਰ ਸਕਦੀ ਹੈ। ਇਸ ਲਈ ਥੋੜ੍ਹੀ ਮਿਹਨਤ ਅਤੇ ਥੋੜ੍ਹੀ ਜਗ੍ਹਾ (ਦੋ ਮੰਜਿਆਂ ਜਿੰਨੀ) ਦੀ ਜ਼ਰੂਰਤ ਹੈ ਅਤੇ ਇਸ ਜਗ੍ਹਾ ਵਿਚ ਆਮ ਸਬਜ਼ੀਆਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ । ਇਸ ਜਗ੍ਹਾ ਵਿਚ ਮਿੱਟੀ ਗੁੱਡ ਕੇ, ਵੱਟਾਂ ਪਾ ਕੇ ਪੰਜ ਕੁ ਬੂਟੇ ਹਰੀਆਂ ਮਿਰਚਾਂ ਦੇ, ਪੰਜ ਕੁ ਬੂਟੇ ਸ਼ਿਮਲਾ ਮਿਰਚ, ਦੋ ਪੌਦੇ ਟਮਾਟਰਾਂ ਦੇ, ਪੰਜ ਬੂਟੇ ਭਿੰਡੀ ਤੋਰੀ ਦੇ ਅਤੇ ਤਿੰਨ ਕੁ ਬੂਟੇ ਬੈਂਗਣਾਂ ਦੇ ਉਗਾਏ ਜਾ ਸਕਦੇ ਹਨ । ਇਸੇ ਤਰ੍ਹਾਂ ਇਕ ਇਕ ਵੇਲ ਕਰੇਲਿਆਂ ਦੀ, ਰਾਮ ਤੋਰੀ ਦੀ ਅਤੇ ਚੱਪਣ ਕੱਦੂਆਂ ਦੀ ਉਗਾਈ ਜਾ ਸਕਦੀ ਹੈ ਅਤੇ ਇਨ੍ਹਾਂ ਵੇਲਾਂ ਨੂੰ ਘਰਾਂ ਦੀਆਂ ਕੰਧਾਂ ‘ਤੇ ਜਾਂ ਜਾਲ ਉਪਰ ਵੀ ਚੜ੍ਹਾਇਆ ਜਾ ਸਕਦਾ ਹੈ । ਕਿਆਰੀਆਂ ਦੀਆਂ ਵੱਟਾਂ ‘ਤੇ ਧਨੀਆਂ, ਮੇਥੀ ਅਤੇ ਪੁਦੀਨਾ ਆਦਿ ਉਗਾਏ ਜਾ ਸਕਦੇ ਹਨ। ਇੰਨੀਆਂ ਕੁ ਸਬਜ਼ੀਆਂ ਆਮ ਪਰਿਵਾਰ ਲਈ ਬੜੀਆਂ ਹਨ ਅਤੇ ਬੜੇ ਆਰਾਮ ਨਾਲ ਉਗਾ ਕੇ ਵਰਤੀਆਂ ਜਾ ਸਕਦੀਆਂ ਹਨ । ਮੌਸਮ ਅਤੇ ਰੁੱਤਾਂ ਦੇ ਹਿਸਾਬ ਨਾਲ ਇਹ ਸਬਜ਼ੀਆਂ ਬਦਲ ਬਦਲ ਕੇ ਉਗਾਈਆਂ ਜਾ ਸਕਦੀਆਂ ਹਨ । ਇਸ ਦੀ ਕਾਸ਼ਤ ਕਰਨ ਵੇਲੇ ਗੋਬਰ ਦੀ ਖ਼ਾਦ ਜਾਂ ਜੈਵਿਕ ਖ਼ਾਦ ਅਤੇ ਕੀਟ ਨਾਸ਼ਕਾਂ ਲਈ ਘਰੇਲੂ ਉਪਚਾਰ ਕੀਤੇ ਜਾ ਸਕਦੇ ਹਨ ਜਿਸ ਨਾਲ ਨੁਕਸਾਨਦੇਹ ਜ਼ਹਿਰਾਂ ਤੋਂ ਵੀ ਬਚਿਆ ਜਾ ਸਕਦਾ ਹੈ। ਘਰੇਲੂ ਬਗ਼ੀਚੀ ਉਗਾਉਣ ਨਾਲ ਜਿੱਥੇ ਗ੍ਰਹਿਣੀਆਂ ਦੇ ਵਾਧੂ ਸਮੇਂ ਦਾ ਸਦ ਉਪਯੋਗ ਹੋ ਸਕੇਗਾ ਉੱਥੇ ਮਿਹਨਤ ਕਰਨ ਨਾਲ ਸਿਹਤ ਵੀ ਠੀਕ ਰਹੇਗੀ ਅਤੇ ਬੱਚਿਆਂ ਸਮੇਤ ਸਾਰੇ ਪਰਿਵਾਰ ਨੂੰ ਪੌਸ਼ਟਿਕ ਅਤੇ ਤਾਜ਼ਾ ਸਬਜ਼ੀਆਂ ਵੀ ਸਾਰਾ ਸਾਲ ਮਿਲ ਸਕਣਗੀਆਂ ਜੋ ਕਿ ਨੁਕਸਾਨਦੇਹ ਸਬਜ਼ੀਆਂ ਨਾਲੋਂ ਜ਼ਰੂਰ ਬਿਹਤਰ ਹੋਣਗੀਆਂ।

ਗੁਰਇਕਬਾਲ ਸਿੰਘ ਬੋਦਲ
-ਮੋਬਾਈਲ : 9815205360
gsbodal@gmail.com

(source Ajit)

About thatta

Comments are closed.

Scroll To Top
error: