ਗੜ੍ਹੀ ਚਮਕੌਰ ਦੀ ਖੂਨ ਨਾਲ ਲਾਲ ਹੋਈ ਤੇ ਗੱਲ ਇਬਾਰਤ ਸਮੇਂ ਦੀ ਦੱਸਦੀ ਏ-ਰੂਬੀ ਟਿੱਬੇ ਵਾਲਾ

19

22

ਗੜ੍ਹੀ ਚਮਕੌਰ ਦੀ ਖੂਨ ਨਾਲ ਲਾਲ ਹੋਈ
ਤੇ ਗੱਲ ਇਬਾਰਤ ਸਮੇਂ ਦੀ ਦੱਸਦੀ ਏ…
ਜੀ ਲ਼ਾਸ਼ਾਂ ਵੇਖ ਕੇ ਢੇਰਾਂ ਦੇ ਢੇਰ ਲੱਗੇ
ਹੋਣੀ ਕਹਿਕਹੇ ਮਾਰ ਕੇ ਹੱਸਦੀ ਏ….
ਠੰਡੀ ਰਾਤ ਸੀ ਅੰਬਰ ਤੇ ਚੜ੍ਹੇ ਤਾਰੇ
ਤੇ ਹਵਾ ਵਾਂਗ ਨਾਗਨ ਦੇ ਡੱਸਦੀ ਏ….
ਜੀ ਕੌਤਕ ਵੇਖਣੇ ਨੂੰ ਦਸਵੇਂ ਪਾਤਸ਼ਾਹ ਦੇ
ਖੜ੍ਹੀ ਹੋਣੀ ਵੀ ਬਿਟ ਬਿਟ ਤੱਕਦੀ ਏ…..

ਪੁੱਤ ਵਾਰ ਕੇ ਦੋ ਸਿੱਖ ਕੌਮ ਉਤੋਂ……
ਦਸਵੇਂ ਪਾਤਸ਼ਾਹ ਅੱਜ ਦਰਵੇਸ਼ ਲੱਗਣ…….
ਜੁੱਤੀ ਪੈਰਾਂ ਚੋ ਲਾਹ ਵਗਾਹ ਮਾਰੀ
ਕਿ ਨਾਂ ਪੈਰਾਂ ਨੂੰ ਕਿਸੇ ਦੇ ਕੇਸ ਲੱਗਣ……

ਜੋੜੀ ਲਾਲ਼ਾਂ ਦੀ ਪਈ ਜਮੀਨ ਉੱਤੇ
ਜੀ ਮੁੱਖ ਵਾਂਗ ਗੁਲਾਬ ਦੇ ਚਮਕਦੇ ਨੇ
ਮੁੱਖ ਸੁਰਖ ਜੋ ਖਿੜੇ ਗੁਲਾਬ ਤਾਜ਼ਾ
ਨਾਗਣੀ ਦੇ ਵਾਂਗਰਾਂ ਚਮਕਦੇ ਨੇ………

ਸੀਸ ਪੱਟਾਂ ਤੇ ਦਇਆ ਸਿੰਘ ਰੱਖੇ
ਹੱਥ ਗਏ ਨੇ ਦੋਵੇਂ ਦਸਤਾਰ ਉਤੇ….
ਪੱਗ ਪਾੜ ਕੇ ਟੋਟੇ ਦੋ ਕਰਲਏ
ਇਕ ਅਜੀਤ ਉੱਤੇ ਇਕ ਜੁਝਾਰ ਉੱਤੇ…….

ਮੁੱਖ ਮੋੜ ਕੇ ਕੋਲ ਦੀ ਗੁਰੂ ਲੰਘੇ
ਦਇਆ ਸਿੰਘ ਪਿਆ ਹਾਕਾਂ ਮਾਰਦਾ ਏ
ਮੋਹ ਤਾਂ ਬੱਚਿਆਂ ਦਾ ਛੱਡਣ ਜਨੋਰ ਵੀ ਨਾ
ਪੱਥਰ ਚਿਤ ਕਿਓਂ ਹੋਇਆ ਸਰਕਾਰ ਦਾ ਏ..

ਬਿਨਾਂ ਵੇਖਿਆਂ ਗੁਰੂ ਜੀ ਕਹਿਣ ਲੱਗੇ
ਚਾਰੇ ਪਾਸੇ ਨਜ਼ਰ ਇਕ ਮਾਰ ਤਾਂ ਸਹੀ
ਕਿਵੇ ਸਿੰਘਾ ਤੋ ਪਿਆਰੇ ਪੁੱਤ ਆਂਖਾਂ
ਨਾਲ ਹੋਸ਼ ਦੇ ਜਰਾ ਵਿਚਾਰ ਤਾਂ ਸਹੀ……….

ਛਡ ਲਾਲਾਂ ਨੂੰ ਦਇਆ ਸਿੰਘ ਚੱਲੀਏ
ਨਾ ਕੋਈ ਸਾਨੂੰ ਫਰਜ਼ਾਂ ਦਾ ਚੋਰ ਸਮਝੇ
ਲੋਕੀ ਕਹਿਣ ਨਾਂ ਕਲਗੀਆਂ ਵਾਲੜੇ ਨੇ
ਸਿੰਘ ਹੋਰ ਸਮਝੇ ਪੁੱਤ ਹੋਰ ਸਮਝੇ

ਕੌਤਕ ਵੇਖ ਕੇ ਦਸਵੇਂ ਪਾਤਸ਼ਾਹ ਦੇ
ਖੜ੍ਹੀ ਹੋਣੀ ਸੀ ਹੋਣ ਹੈਰਾਨ ਲੱਗੀ
ਓਸੇ ਵੇਲੇ ਉਡਾਰੀ ਮਾਰ ਕੇ ਜੀ
ਓਹ ਫਰਸ਼ ਤੋ ਅਰਸ਼ ਨੂੰ ਜਾਣ ਲੱਗੀ
ਹੋਣੀ ਕਹਿੰਦੀ
ਜਾ ਕੇ ਪੁਛਾਂ ਤਾਂ ਸਹੀ ਡਾਹਢੇ ਰੱਬ ਕੋਲੋਂ
ਬੰਦੇ ਕਿਹੋ ਜਿਹੇ ਧਰਤ ਤੇ ਸਾਜ ਦਿੱਤੇ
ਸਿੱਖ ਕੌਮ ਨੂੰ ਰੱਖਣ ਲਈ ਕਾਇਮ ਜਿਨ੍ਹਾਂ
ਕਿਤੇ ਪਿਓ ਦਿਤਾ ਕਿਤੇ ਪੁੱਤ ਦਿੱਤੇ
ਕਿਤੇ ਤਾਜ਼ ਦਿਤੇ ਕਿਤੇ ਬਾਜ਼ ਦਿੱਤੇ

ਰੂਬੀ ਟਿੱਬੇ ਦਾ ਖੜ੍ਹਾ ਹੱਥ ਜੋੜ ਕੇ ਜੀ
ਕੋਈ ਸਾਨੂੰ ਵੀ ਗੁਣ ਤੇ ਗਿਆਨ ਬਖਸ਼ੋ
ਲਿਖੀਏ ਗੀਤ ਜੀ ਤੇਰੀਆਂ ਰਹਿਮਤਾਂ ਦੇ
ਗਾਈਏ ਸੋਹਲੜੇ ਸੁਰਾਂ ਦਾ ਦਾਨ ਬਖਸ਼ੋ
-ਰੂਬੀ ਟਿੱਬੇ ਵਾਲਾ