Home / ਖਬਰਾਂ ਸਿੱਖ ਜਗਤ ਦੀਆਂ / ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੀ ਡਿਓੜ੍ਹੀ ਨੂੰ ਦਿੱਤੀ ਵਿਲੱਖਣ ਦਿੱਖ

ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੀ ਡਿਓੜ੍ਹੀ ਨੂੰ ਦਿੱਤੀ ਵਿਲੱਖਣ ਦਿੱਖ

ਵਿਸਾਖੀ ਮੌਕੇ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ ‘ਤੇ ਜਾਣ ਵਾਲੇ ਸਿੱਖ ਯਾਤਰੂ ਜਥਿਆਂ ਲਈ ਪਾਕਿਸਤਾਨ ਵਿਦੇਸ਼ ਮੰਤਰਾਲੇ ਵਲੋਂ ਅੱਜ ਰੂਟ-ਪਲਾਨ ਜਾਰੀ ਕੀਤਾ ਗਿਆ, ਜਿਸ ਦੇ ਚਲਦਿਆਂ ਭਾਰਤੀ ਯਾਤਰੂਆਂ ਲਈ 10 ਦਿਨਾਂ ਦਾ ਵੀਜ਼ਾ ਜਾਰੀ ਕੀਤਾ ਗਿਆ | 12 ਅਪ੍ਰੈਲ ਨੂੰ ਯਾਤਰੂ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਅਟਾਰੀ ਤੋਂ ਵਾਹਗਾ ਲਈ ਰਵਾਨਾ ਹੋਣਗੇ ਤੇ ਉਥੋਂ ਯਾਤਰੂਆਂ ਨੂੰ ਭਾਰੀ ਸੁਰੱਖਿਆ ਹੇਠ ਸਿੱਧਾ ਹਸਨ ਅਬਦਾਲ ਪਹੁੰਚਾਇਆ ਜਾਵੇਗਾ, 13 ਅਪ੍ਰੈਲ ਨੂੰ ਯਾਤਰੂ ਵਲੀ ਕੰਧਾਰੀ ਦੀ ਦਰਗਾਹ ‘ਤੇ ਮੱਥਾ ਟੇਕਣ ਜਾਣਗੇ ਅਤੇ 14 ਅਪ੍ਰੈਲ ਨੂੰ ਵਿਸਾਖੀ ਮੌਕੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ‘ਚ ਰੱਖੇ ਅਖੰਡ ਪਾਠ ਦੇ ਭੋਗ ਪਾਏ ਜਾਣਗੇ | 15 ਅਪ੍ਰੈਲ ਨੂੰ ਬਾਅਦ ਦੁਪਹਿਰ ਯਾਤਰੂਆਂ ਨੂੰ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਸ੍ਰੀ ਨਨਕਾਣਾ ਸਾਹਿਬ ਲਈ ਰਵਾਨਾ ਕੀਤਾ ਜਾਵੇਗਾ | 16 ਅਪ੍ਰੈਲ ਨੂੰ ਸੰਗਤ ਗੁਰਦੁਆਰਾ ਸ੍ਰੀ ਜਨਮ ਅਸਥਾਨ ਨਨਕਾਣਾ ਸਾਹਿਬ ਸਮੇਤ ਗੁਰਦੁਆਰਾ ਸ੍ਰੀ ਬਾਲ ਲੀਲ੍ਹਾ ਸਾਹਿਬ, ਗੁਰਦੁਆਰਾ ਸ੍ਰੀ ਮਾਲ ਜੀ ਸਾਹਿਬ, ਗੁਰਦੁਆਰਾ ਸ੍ਰੀ ਤੰਬੂ ਸਾਹਿਬ, ਗੁਰਦੁਆਰਾ ਪੱਟੀ ਸਾਹਿਬ, ਗੁਰਦੁਆਰਾ ਪੰਜਵੀਂ-ਛੇਵੀਂ ਪਾਤਸ਼ਾਹੀ ਅਤੇ ਗੁਰਦੁਆਰਾ ਸ੍ਰੀ ਕਿਆਰਾ ਸਾਹਿਬ ਆਦਿ ਦੇ ਦਰਸ਼ਨ ਕਰੇਗੀ |


ਅਗਲੇ ਦਿਨ 17 ਅਪ੍ਰੈਲ ਨੂੰ ਸੰਗਤ ਬੱਸਾਂ ਰਾਹੀਂ ਫਾਰੂਖਾਬਾਦ ਸਥਿਤ ਗੁਰਦੁਆਰਾ ਸੱਚਾ ਸੌਦਾ ਦੇ ਦਰਸ਼ਨ ਕਰਨ ਪਹੁੰਚੇਗੀ, 18 ਅਪ੍ਰੈਲ ਨੂੰ ਸੰਗਤ ਨੂੰ ਰੇਲ ਗੱਡੀਆਂ ਰਾਹੀਂ ਲਾਹੌਰ ਲਈ ਰਵਾਨਾ ਕੀਤਾ ਜਾਵੇਗਾ | ਉਸੇ ਦਿਨ ਲਾਹੌਰ ਪਹੁੰਚਣ ਉਪਰੰਤ ਸੰਗਤ ਅਗਲੇ ਦਿਨ 19 ਅਪ੍ਰੈਲ ਨੂੰ ਬੱਸਾਂ ਤੇ ਪ੍ਰਾਈਵੇਟ ਟੈਕਸੀਆਂ ਰਾਹੀਂ ਨਾਰੋਵਾਲ ਸਥਿਤ ਗੁਰਦੁਆਰਾ ਡੇਰਾ ਸਾਹਿਬ (ਕਰਤਾਰਪੁਰ ਸਾਹਿਬ) ਦੇ ਦਰਸ਼ਨ ਕਰੇਗੀ ਅਤੇ ਉਸ ਦੇ ਬਾਅਦ ਗੁਜ਼ਰਾਂਵਾਲਾ ਦੇ ਏਮਨਾਬਾਦ ਕਸਬੇ ਵਿਚਲੇ ਗੁਰਦੁਆਰਾ ਰੋੜ੍ਹੀ ਸਾਹਿਬ, ਗੁਰਦੁਆਰਾ ਚੱਕੀ ਸਾਹਿਬ ਅਤੇ ਖੂਹੀ ਭਾਈ ਲਾਲੋ ਦੇ ਦਰਸ਼ਨ ਕਰਵਾਏ ਜਾਣਗੇ |

20 ਅਪ੍ਰੈਲ ਨੂੰ ਸੰਗਤ ਦੇ ਲਾਹੌਰ ਰੁਕਣ ਉਪਰੰਤ 21 ਅਪ੍ਰੈਲ ਨੂੰ ਵਾਪਸ ਭਾਰਤ ਪਰਤਣ ਲਈ ਰਵਾਨਾ ਕੀਤਾ ਜਾਵੇਗਾ | ਲਾਹੌਰ ਤੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਬਾਬਰ ਜਲੰਧਰੀ ਨੇ ‘ਅਜੀਤ’ ਨੂੰ ਦੱਸਿਆ ਕਿ ਵਿਸਾਖੀ ਮੇਲੇ ਨੂੰ ਲੈ ਕੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਸਮੇਤ ਹੋਰਨਾਂ ਇਤਿਹਾਸਕ ਗੁਰਦੁਆਰਿਆਂ ਦੀਆਂ ਡਿਓੜ੍ਹੀਆਂ ਨੂੰ ਵਿਲੱਖਣ ਦਿਖ ਦਿੱਤੀ ਗਈ ਹੈ ਅਤੇ ਨਵੀਆਂ ਸਰਾਵਾਂ ਉਸਾਰੀਆਂ ਗਈਆਂ ਹਨ | ਜਦਕਿ ਲਾਹੌਰ ‘ਚ ਗੁਰਦੁਆਰਾ ਸਾਹਿਬ ਦੀ ਕਾਰਸੇਵਾ ਦੇ ਚਲਦਿਆਂ ਸੰਗਤ ਦੀ ਅਸਥਾਈ ਰਿਹਾਇਸ਼ ਤੇ ਲੰਗਰ ਦਾ ਪ੍ਰਬੰਧ ਲਾਹੌਰ ਨਜ਼ਦੀਕੀ ਤਿੰਨ ਸਕੂਲਾਂ ‘ਚ ਕੀਤਾ ਗਿਆ ਹੈ | ਸੰਗਤ ਦੇ ਲਾਹੌਰ ਰੁਕਣ ਦੌਰਾਨ ਤਿੰਨ ਦਿਨ ਤੱਕ ਉਕਤ ਸਕੂਲਾਂ ‘ਚ ਛੁੱਟੀ ਰੱਖੇ ਜਾਣ ਦਾ ਐਲਾਨ ਕੀਤਾ ਗਿਆ ਹੈ | ਉਧਰ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਅਧਿਕਾਰੀਆਂ ਅਨੁਸਾਰ ਭਾਰਤ ਸਮੇਤ ਹੋਰਨਾਂ ਦੇਸ਼ਾਂ ਤੋਂ ਪਾਕਿਸਤਾਨ ਪਹੁੰਚਣ ਵਾਲੀ ਸਿੱਖ ਸੰਗਤ ਦੀ ਸੁਰੱਖਿਆ ਲਈ ਵਿਸਾਖੀ ਮੇਲੇ ਦੌਰਾਨ ਗੁਰਦੁਆਰਿਆਂ ‘ਚ ਪਾਕਿਸਤਾਨੀ ਆਮ ਤੇ ਖ਼ਾਸ ਮੁਸਲਮਾਨ ਨਾਗਰਿਕਾਂ ਦੇ ਜਾਣ ‘ਤੇ ਮਨਾਹੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਅਤੇ ਗੁਰਦੁਆਰਿਆਂ ਵਿਚ ਜਾਣ ਸਮੇਂ ਸਿੰਧੀ ਹਿੰਦੂਆਂ ਲਈ ਵੀ ਗਲੇ ਵਿਚ ਐਨ. ਆਈ. ਸੀ. ਕਾਰਡ ਪਾਉਣਾ ਲਾਜ਼ਮੀ ਹੋਵੇਗਾ | ਈ. ਟੀ. ਪੀ. ਬੀ. ਦੇ ਐਡੀਸ਼ਨਲ ਸਕੱਤਰ ਤਾਰਿਕ ਵਜ਼ੀਰ ਨੇ ਦੱਸਿਆ ਕਿ ਇਸ ਵਾਰ ਵਿਸਾਖੀ ‘ਤੇ 3000 ਤੋਂ ਵਧੇਰੇ ਭਾਰਤੀ ਸਿੱਖ ਸ਼ਰਧਾਲੂਆਂ ਅਤੇ ਵੱਡੀ ਗਿਣਤੀ ‘ਚ ਇੰਗਲੈਂਡ, ਅਮਰੀਕਾ, ਇਟਲੀ, ਹਾਂਗਕਾਂਗ ਤੇ ਆਸਟ੍ਰੇਲੀਆ ਆਦਿ ਦੇਸ਼ਾਂ ਦੇ ਸਿੱਖਾਂ ਲਈ ਵੀਜ਼ੇ ਜਾਰੀ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਬੀਤੇ ਦਿਨ 34 ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਹੋਈ ਬੈਠਕ ‘ਚ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਵਿਸਾਖੀ ਮੇਲੇ ਜਾਂ ਹੋਰ ਗੁਰਪੁਰਬਾਂ ਦੌਰਾਨ ਕਿਸੇ ਵੀ ਸੰਸਥਾ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਕਰਮਾ ‘ਚ ਲੰਗਰ ਦੇ ਇਲਾਵਾ ਹੋਰ ਕੋਈ ਸਟਾਲ ਲਗਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ |


ਯਾਤਰਾ ਲਈ ਵਾਹਗਾ ਸਟੇਸ਼ਨ ਤੋਂ ਲੈਣੀ ਹੋਵੇਗੀ 1850 ਰੁਪਏ ਦੀ ਟਿਕਟ
ਈ. ਟੀ. ਪੀ. ਬੀ. ਅਤੇ ਲਹਿੰਦੇ ਪੰਜਾਬ ਦੀ ਸੂਬਾ ਸਰਕਾਰ ਵਲੋਂ ਪਿਛਲੇ ਕਰੀਬ 3 ਵਰਿ੍ਹਆਂ ਤੋਂ ਲਗਾਤਾਰ ਗੁਰਪੁਰਬਾਂ ਜਾਂ ਹੋਰਨਾਂ ਦਿਹਾੜਿਆਂ ਮੌਕੇ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ ‘ਤੇ ਜਾਣ ਵਾਲੇ ਸਿੱਖ ਜਥਿਆਂ ਨੂੰ ਮੁਫ਼ਤ ਯਾਤਰਾ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਜਾ ਰਿਹਾ ਹੈ | ਜਦਕਿ ਪਿਛਲੀ ਵਾਰ ਪ੍ਰਤੀ ਯਾਤਰੂ ਕੋਲੋਂ ਰੇਲ ਸਫ਼ਰ ਦਾ 850 ਰੁਪਏ ਕਿਰਾਇਆ ਅਤੇ ਇਸ ਵਾਰ ਪਾਕਿਸਤਾਨੀ ਕਰੰਸੀ ਮੁਤਾਬਕ 1850 ਰੁਪਏ (ਭਾਰਤੀ ਕਰੰਸੀ ਦੇ 1200 ਰੁਪਏ) ਲਏ ਜਾਣਗੇ |

About thatta

Comments are closed.

Scroll To Top
error: