ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਸਤਾਈਆਂ ਜੋੜ ਮੇਲੇ ਦੀਆਂ ਤਿਆਰੀਆਂ ਦੇ ਸਬੰਧ ਵਿੱਚ ਮੀਟਿੰਗ ਹੋਈ

2

ਮਹਾਨ ਸ਼ਹੀਦ ਧੰਨ ਧੰਨ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਜੋੜ ਮੇਲਾ ਸਤਾਈਆਂ ਦੀਆਂ ਤਿਆਰੀਆਂ ਦੇ ਸਬੰਧ ਵਿੱਚ ਇਲਾਕੇ ਦੀਆਂ ਸਮੂਹ ਸੰਗਤਾਂ ਦੀ ਇਕੱਤਰਤਾ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਹੋਈ। ਮਿਤੀ 9 ਮਈ (27 ਵੈਸਾਖ) 2013 ਦਿਨ ਵੀਰਵਾਰ ਨੂੰ ਕਰਵਾਏ ਜਾ ਰਹੇ ਇਸ ਜੋੜ ਮੇਲੇ ਦੇ ਸਬੰਧ ਵਿੱਚ ਹੋਈ ਇਕੱਤਰਤਾ ਨੂੰ ਸੰਤ ਬਾਬਾ ਗੁਰਚਰਨ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਸੰਬੋਧਨ ਕਰਦਿਆਂ ਆਖਿਆ ਕਿ ਹਰ ਸਾਲ ਦੀ ਤਰਾਂ ਇਸ ਜੋੜ ਮੇਲੇ ਵਿੱਚ ਸੰਗਤਾਂ ਹੁੰਮ ਹੁੰਮਾ ਕੇ ਪਹੁੰਚਣ ਅਤੇ ਪਹਿਲਾਂ ਤੋਂ ਹੀ ਦਿੱਤੀ ਗਈ ਸੇਵਾ ਵਿੱਚ ਨਗਰ ਦੀਆਂ ਸੰਗਤਾਂ ਆਪਣਾ ਯੋਗਦਾਨ ਪਾਉਣ। ਮਿਤੀ 7 ਮਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਹੋਵੇਗੀ ਅਤੇ ਸ਼ਾਮ ਨੂੰ ਕਵੀ ਦਰਬਾਰ, ਮਿਤੀ 8 ਮਈ ਸ਼ਾਮ ਨੂੰ ਕੀਰਤਨ ਦਰਬਾਰ ਅਤੇ ਮਿਤੀ 9 ਮਈ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ। ਉਪਰੰਤ ਧਾਰਮਿਕ ਦੀਵਾਨ ਸੱਜੇਗਾ ਜਿਸ ਵਿੱਚ ਢਾਡੀ ਅਤੇ ਕਵੀਸ਼ਰੀ ਜੱਥੇ ਸੰਗਤਾਂ ਨੂੰ ਗੁਰੂ ਜੱਸ ਸਰਵਣ ਕਰਵਾਉਣਗੇ। ਲੰਗਰ ਦੀ ਸੇਵਾ ਗੁਰੂ ਨਾਨਕ ਜਥੇ ਵੱਲੋਂ, ਟੈਂਟ ਦੀ ਸੇਵਾ ਰਾਣਾ ਟੈਂਟ ਹਾਊਸ ਟਿੱਬਾ, ਐਸ.ਕੇ. ਟੈਂਟ ਹਾਊਸ ਉੱਚਾ ਅਤੇ ਗੁਰੂ ਨਾਨਕ ਟੈਂਟ ਹਾਊਸ ਠੱਟਾ ਨਵਾਂ ਵੱਲੋਂ, ਜੋੜਿਆਂ ਦੀ ਸੇਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਦਪੁਰ ਅਤੇ ਸਰਕਾਰੀ ਹਾਈ ਸਕੂਲ ਠੱਟਾ ਨਵਾਂ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਅਤੇ ਸਟੇਜ ਸੈਕਟਰੀ ਦੀ ਸੇਵਾ ਇੰਦਰਜੀਤ ਸਿੰਘ ਬਜਾਜ ਵੱਲੋਂ ਕੀਤੀ ਜਾਵੇਗੀ। ਤਿੰਨ ਦਿਨ ਚੱਲਣ ਵਾਲੇ ਇਸ ਸਮਾਗਮ ਦੀਆਂ ਤਸਵੀਰਾਂ ਅਤੇ ਵੀਡੀਓ ਪਿੰਡ ਦੀ ਵੈਬਸਾਈਟ www.thatta.in ਤੇ ਦੇਖੀਆਂ ਜਾ ਸਕਦੀਆਂ ਹਨ। ਸਮੂਹ ਵਿਦੇਸ਼ੀ ਵੀਰਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮਿਤੀ 9 ਮਈ ਦੇ ਦੀਵਾਨ ਦਾ ਸਿੱਧਾ ਪ੍ਰਸਾਰਣ ਵੈਬਸਾਈਟ www.thatta.in ਤੇ ਕੀਤਾ ਜਾਵੇਗਾ। ਇਸ ਮੌਕੇ ਠੱਟਾ ਪੁਰਾਣਾ, ਠੱਟਾ ਨਵਾਂ, ਕਾਲੂਭਾਟੀਆ, ਦੰਦੂਪੁਰ, ਮੰਗੂਪੁਰ, ਸੈਦਪੁਰ, ਟਿੱਬਾ, ਬੂਲਪੁਰ, ਠੱਟਾ ਨਵਾਂ, ਟੋਡਰਵਾਲ ਅਤੇ ਦਰੀਏਵਾਲ ਦੀਆਂ ਸੰਗਤਾਂ ਹਾਜ਼ਰ ਸਨ।