Home / ਹੈਡਲਾਈਨਜ਼ ਪੰਜਾਬ / ਗਿਆਨੀ ਕੇਵਲ ਸਿੰਘ ਜੀ ਦਾ PUNJAB ‘ਚ ਨਸ਼ਿਆਂ ‘ਤੇ ਆਇਆ ‘ਕਰਾਰਾ’ ਬਿਆਨ

ਗਿਆਨੀ ਕੇਵਲ ਸਿੰਘ ਜੀ ਦਾ PUNJAB ‘ਚ ਨਸ਼ਿਆਂ ‘ਤੇ ਆਇਆ ‘ਕਰਾਰਾ’ ਬਿਆਨ

ਦੁੱਧ ਦਹੀਂ ਨਾਲ ਪਲਨ ਵਾਲਾ ਪੰਜਾਬ ਪਿਛਲੇ ਕਈ ਦਹਾਕਿਆਂ ਤੋਂ ਨਸ਼ਿਆ ਦੇ ਛੇਵੇਂ ਦਰਿਆ ਵਿਚ ਗੋਤੇ ਖਾ ਰਿਹਾ ਹੈ। ਇੱਛਾ ਹੀਣ ਰਾਜਨੀਤੀ, ਨਸ਼ਾ ਮੁਕਤ ਕਰਨ ਦੇ ਕੂੜੇ ਦਾਵਿਆਂ ਦੀ ਘੁੰਮਣ-ਘੇਰੀ ਦਾ ਸ਼ਿਕਾਰ ਹੈ। ਬਹੁਤ ਸਾਰੇ ਸਵਾਲ ਨੇ ਨਸ਼ਿਆਂ ਦੇ ਬਾਰੇ ਵਿਚ ਜਿਨ੍ਹਾਂ ਨੂੰ ਧਿਆਨ ਨਾਲ ਵੀਚਾਰਨਾ ਬੜਾ ਜ਼ਰੂਰੀ ਹੈ। ਪਹਿਲਾ ਸਵਾਲ ਹੈ ਕਿ ਪੰਜਾਬੀਆਂ ਨੂੰ ਨਸ਼ਾ ਲੱਗਿਆ ਹੈ ਜਾਂ ਲਾਇਆ ਗਿਆ ਹੈ? ਇਸ ਸਵਾਲ ਦੇ ਦੋ ਹਿੱਸੇ ਹਨ ਕੀ ਪੰਜਾਬੀਆਂ ਨੂੰ ਨਸ਼ਾ ਲੱਗਿਆ ਹੈ? ਇਸ ਦੀਆਂ ਤਹਿਆਂ ਹੇਠ ਝਾਕਣਾ ਪਵੇਗਾ। ਦੂਜਾ ਹਿੱਸਾ ਹੈ ਕੀ ਪੰਜਾਬੀਆਂ ਨੂੰ ਨਸ਼ਾ ਲਾਇਆ ਗਿਆ ਹੈ? ਇਸ ਦੀਆਂ ਤਹਿਆਂ ਵੀ ਫਰੋਲਣੀਆਂ ਲਾਜ਼ਮੀ ਹਨ। ਜਿਥੇ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਪਹਿਲੇ ਜਾਮੇ ਵਿਚ ਜ਼ੋਰ-ਜੁਲਮ, ਅੰਧ-ਵਿਸ਼ਵਾਸ ਤੇ ਕਰਮ-ਕਾਂਡ ਨੂੰ ਵੰਗਾਰਦਿਆਂ ਰੱਬੀ ਗਿਆਨ ਦਾ ਇਨਕਲਾਬੀ ਸਿੰਘ ਨਾਦ ਬੁਲੰਦ ਕੀਤਾ ਸੀ। ਤਕਰੀਬਨ ਢਾਈ ਕੁ ਸਦੀਆਂ ਉਨ੍ਹਾਂ ਨੇ ਆਪਣੇ ਦਸਾਂ ਜਾਮਿਆਂ ਰਾਹੀਂ ਇਥੋਂ ਦੇ ਮਨੁੱਖ ਨੂੰ ਸਚਿਆਰ ਬਣਾਉਣ’ ਤੇ ਖਰਚ ਕਰਦਿਆਂ ਸਭ ਪ੍ਰਕਾਰ ਦੇ ਨਸ਼ਿਆ ਤੋਂ ਮੁਕਤੀ ਦਿਵਾ ਕੇ ਨਸ਼ਾ ਕੇਵਲ ਪ੍ਰਸ਼ਾਦੇ ਦਾ ਦੱਸ ਕੇ ਇਥੋਂ ਦੇ ਵਾਸੀ ਨੂੰ ‘ਨਾਮ ਖੁਮਾਰੀ’ ਦਾ ਐਸਾ ਨਸ਼ਾ ਚਾੜਿਆ ਸੀ ਜਿਸ ਦੇ ਨੇੜੇ ਦੁਨਿਆਵੀ ਕੂੜੇ ਨਸ਼ੇ ਫਟਕਦੇ ਵੀ ਨਹੀਂ ਸਨ। 1469 ਤੋਂ 1708 ਤੱਕ ਐਸਾ ਜਾਹਰੀ ਵਰਤਾਰਾ ਉਨ੍ਹਾਂ ਨੇ ਆਪਣੇ ਜੀਵਨ ਦੀ ਪਾਰਸ ਛੁਹ ਨਾਲ ਵਰਤਾਇਆ ਉਨ੍ਹਾਂ ਵੱਲੋਂ ਸਾਜਿਆ ਖਾਲਸਾ ਰੱਬੀ ਗਿਆਨ ਦੀ ਖੁਮਾਰੀ ਲੈ ਕੇ ਸਲਤਨਤਾ ਨੂੰ ਵੰਗਾਰਦਾ ਹੋਇਆ ਢਾਹ ਢੇਰੀ ਕਰਨ ਦੀ ਸਮਰੱਥਾ ਵਾਲਾ ਹੋ ਗਿਆ।

ਪੰਜਾਬੀ ਤੇ ਪਲਦਾ ਹੀ ਦੁੱਧ-ਘਿਓ ਤੇ ਦਹੀਂ ਲੱਸੀ ਤੇ ਸੀ। ਇਥੇ ਤਾਂ ਚਾਹ ਦਾ ਨਸ਼ਾ ਵੀ ਨਹੀਂ ਸੀ। ਇਹ ਵੀ ਗੋਰਿਆਂ ਨੇ ਆਪਣੇ ਵਪਾਰ ਚਲਾਉਣ ਲਈ ਸ਼ਹਿਰਾਂ ਦੇ ਚੌਂਕਾਂ ਵਿਚ ਮੁਫਤ ਪਿਆ ਪਿਆ ਕੇ ਪੰਜਾਬੀਆਂ ਨੂੰ ਲਾਈ ਸੀ। ਨਾਲ ਦੱਸਦੇ ਕਿ ਬਿਸਕੁਟ ਵੀ ਦਿੱਤੇ  ਜਾਂਦੇ ਸਨ। ਇਹ ਉਪਰੋਕਤ ਸੱਚਾ ਤੱਥ ਹੈ। ਇਥੋਂ ਹੀ ਵੀਚਾਰੀਏ ਜੇਕਰ ਵਪਾਰੀ ਬਿਰਤੀ ਵਾਲਾ ਹਾਕਮ ਆਪਣੇ ਕਾਰੋਬਾਰ ਲਈ ਚਾਹ ਵਰਗਾ ਨਸ਼ਾ ਮੁਫ਼ਤ ਪਿਆ ਕੇ ਤੇ ਬਿਸਕੁਟ ਖਵਾ ਕੇ ਲਾਉਣ ਦੀ ਮਨਸ਼ਾ ਰੱਖਦਾ ਸੀ। ਇਹ  ਬੜਾ ਹੀ ਸਪੱਸ਼ਟ ਹੈ ਬਾਕੀ ਦੇ ਨਸ਼ੇ ਵੀ ਵਪਾਰੀ ਬਿਰਤੀ ਨਾਲ ਲੋਕਾਂ ਤੋਂ ਧਨ ਇਕੱਠਾ ਕਰਨ ਦੀ ਮਾਰੂ ਸੋਚ ਨਾਲ ਲਾਏ ਹੀ ਗਏ ਹਨ। ਪੰਜਾਬੀ ਖੁਦ ਨਸ਼ੇ ਦੇ ਮਗਰ ਨਹੀਂ ਗਿਆ। ਨਸ਼ਾ ਇਸ ਦੇ ਮਗਰ ਲਾਇਆ ਗਿਆ ਹੈ। ਇਥੋਂ ਤੱਕ ਬਚਪਨ ਵਿਚ ਦੇਖਿਆ ਸੀ ਕਵੀ ਤੇ ਕਵੀਸ਼ਰ ਚਾਹ ਤੋਂ ਸਮਾਜ ਨੂੰ ਬਚਾਉਣ ਲਈ ਚਾਹ ਅਤੇ ਲੱਸੀ ਦੇ ਗੁਣ-ਅਵਗੁਣ ਦੀਆਂ ਕਵਿਤਾਵਾਂ ਬਣਾ ਕੇ ਸੁਣਾਇਆ ਕਰਦੇ ਸਨ।  ਚਾਹ ਦੇ ਨਸ਼ੇੜੀ ਵਲੋਂ ਘਰ ਵਾਲੀ ਨੂੰ ਇਹ ਵੀ ਬਿਆਨਿਆਂ ਜਾਂਦਾ ਸੀ ਕਿ ‘ਧਰ ਦੇ ਪਤੀਲਾ ਤੇਰੇ ਜੀਊਣ ਵੀਰ ਨੀ, ਪੀਤਿਆਂ ਬਗੈਰ ਹਿਲਦਾ ਸਰੀਰ ਨਹੀਂ’।

ਅੱਜ ਪੰਜਾਬ ਵਿਚਲੇ ਬਹੁਤੇ ਨਸ਼ੇ, ਜਿਹੜੇ ਵਾਪਾਰੀਆਂ ਦੇ ਵਾਰੇ ਨਿਆਰੇ ਕਰਦੇ ਹਨ। ਖੁਦ ਭਾਰਤ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਨਸ਼ੇ ਹਨ। ਤਮਾਕੂ ਦੇ ਕਈ ਪ੍ਰਕਾਰ ਦੇ ਮਨ ਲੁਭਾਉਣੇ ਰੂਪ ਬੱਚੇ ਤੋਂ ਲੈ ਨੌਜਵਾਨ ਤੇ ਬਜ਼ੁਰਗਾਂ (ਮਰਦ-ਇਸਤਰ੍ਰੀਆਂ) ਸਭ ਨੂੰ ਆਪਣੀ ਕੈਦ ਵਿਚ ਕਰੀ ਬੈਠੇ ਹਨ। ਕੀ ਸਿਹਤ ਮਾਹਿਰ ਇਸ ਨੂੰ ਸਿਹਤ ਲਈ ਨੁਕਸਾਨਦਾਇਕ ਨਸ਼ਾ ਨਹੀਂ ਮੰਨਦੇ? ਜੇ ਮੰਨਦੇ ਹਨ ਇਨ੍ਹਾਂ ਦੀ ਸਰਕਾਰੀ ਮਾਨਤਾ ਰਾਹੀਂ ਵਿਕਰੀ ਦੀ ਪੂਰੀ ਖੁੱਲ ਕਿਉਂ? ਸ਼ਰਾਬ ਜੋ ਸਮਾਜ ਨੂੰ ਸਭ ਤੋਂ ਵੱਧ ਪ੍ਰਭਾਵਤ ਕਰਦੀ ਹੈ। ਅਮੀਰ ਗਰੀਬ ਸਭ ਲਈ ਸਮਾਜਿਕ ਨੱਕ ਨਜੂਮ ਬਣ ਚੁੱਕੀ ਹੈ। ਸਰਕਾਰੀ ਮਾਨਤਾ ਰਾਹੀਂ ਤਿਆਰ ਹੋ ਰਹੀ ਹੈ ਅਤੇ ਅਰਬਾਂ ਦਾ ਵਾਪਾਰ ਦੇ ਰਹੀ ਹੈ। ਉਂਝ ਇਹ i ਸ਼ਰਾਰਤ ਦਾ ਪਾਣੀ ਹੈ। ਇਸ ਨੂੰ ਬਣਾਉਣ ਤੇ ਵਰਤੋਂ’ ਤੇ ਪਾਬੰਦੀ ਕਿਉਂ ਨਹੀਂ ਲਗਦੀ? ਇਕ ਪਾਸੇ ਸਰਕਾਰ ਆਪ ਸ਼ਰਾਬ ਕਢਵਾ ਰਹੀ ਹੈ ਤੇ ਦੂਜੇ ਪਾਸੇ ਜੇਕਰ ਕੋਈ ਖੁਦ ਇਸ ਸ਼ਰਾਬ ਨੂੰ ਆਪਣੇ ਢੰਗ ਤਰੀਕੇ ਨਾਲ ਤਿਆਰ ਕਰੇ ਤਾਂ ਗੁਨਾਹਗਾਰ ਬਣ ਕੇ ਸਾਲਾਖਾਂ ਪਿੱਛੇ ਚਲਾ ਜਾਂਦਾ ਹੈ। ਕੀ ਹੈ ਇਹ ਸਾਰਾ ਮਾਜਰਾ ਕੌਣ ਸਮਝੇਗਾ ਸਮਝਾਏਗਾ? ਭੰਗ, ਅਫੀਮ, ਪੋਸਤ, ਚਰਸ, ਗਾਂਜਾ, ਸਮੈਕ-ਹੈਰੋਇਨ, ਗੋਲੀਆਂ ਆਦਿ, ਇਹ ਸਭ ਸਮਾਜ ਮਾਰੂ ਹਨ। ਪੰਜਾਬ ਮੌਤ ਦੇ ਮੂੰਹ ਵਿਚ ਆਇਆ ਤ੍ਰਾਹ ਤ੍ਰਾਹ ਕਰ ਰਿਹਾ ਹੈ। ਇਸ ਤੇ ਕਿਸੇ ਨੂੰ ਵੀ ਤਰਸ ਨਹੀਂ ਆਉਂਦਾ। ਸਰਕਾਰੀ ਤੰਤਰ ਦੀ ਅਫ਼ਸਰਸ਼ਾਹੀ, ਰਾਜਸੀ ਆਕਾਵਾਂ ਦੀ ਕਠਪੁਤਲੀ ਹੈ। ਨਸ਼ਿਆਂ ਦੇ ਮੁੱਦੇ ਤੇ ਤਮਾਸ਼ਬੀਨ ਹੀ ਹੈ। ਪੰਜਾਬ ਨਸ਼ਾ ਮੁਕਤ ਹੋ ਸਕਦਾ ਹੈ ਜੇਕਰ ਸਰਹੱਦ ਦੇ ਪਾਰੋਂ ਜ਼ਮੀਨੀ, ਬੰਦਰਗਾਹੀ ਤੇ ਹਵਾਈ ਰਸਤੇ ਆਉਂਦੇ ਵਿਦੇਸ਼ੀ ਨਸ਼ੇ ਪ੍ਰਤੀ ਭਾਰਤੀ ਖੁਫ਼ੀਆ ਅਤੇ ਫੌਜੀ ਤੇ ਨੀਮ ਫੌਜੀ ਤਾਕਤਾਂ ਰੋਕਣ ਲਈ ਦ੍ਰਿੜ ਸੰਕਲਪ ਹੋਣ। ਕਿ ਅਸੀਂ ਆਉਣ ਹੀ ਨਹੀਂ ਦੇਣਾ।

ਪੰਜਾਬ ਦੇ ਸਾਰੇ ਪੰਚ ਸਰਪੰਚ ਨਸ਼ਾ ਤਿਆਗ ਦੇਣ ਇਸ ਦੀ ਵਰਤੋਂ ਸ਼ਾਦੀਆਂ, ਹੋਰ ਖੁਸ਼ੀ ਗਮੀ ਦੇ ਮੌਕਿਆਂ’ਤੇ ਬਿਲਕੁਲ ਰੋਕ ਦਿਤੀ ਜਾਵੇ। ਸਰਕਾਰੀ ਗੈਰ ਸਰਕਾਰੀ ਸਾਰੇ ਅਧਿਆਪਕ ਅਤੇ ਹੋਰ ਮੁਲਾਜ਼ਮ ਨਸ਼ਿਆਂ ਦੀ ਮਾਰ ਤੋਂ ਖੁਦ ਨੂੰ ਮੁਕਤ ਕਰਕੇ ਇਸ ਦੇ ਖਾਤਮੇ ਦੀ ਲੜਾਈ ਲੜਨ। ਨਸ਼ਾ ਕੱਲ੍ਹ ਨਹੀਂ, ਅੱਜ ਹੀ ਮੁਕ ਜਾਏਗਾ ਰੁਕ ਜਾਏਗਾ। ਪੁਲਿਸ ਵਿਭਾਗ ਜੋ ਸਭ ਦੀ ਜਾਨ ਮਾਲ ਦੀ ਰਾਖੀ ਲਈ ਸਭ ਤੋਂ ਵੱਧ ਜਿੰਮੇਵਾਰ ਹੈ ਉਹ ਖੁਦ ਨੂੰ ਨਸ਼ਾ ਮੁਕਤ ਐਲਾਨ ਕੇ, ਨਸ਼ੇ ਦੀ ਵਿਕਰੀ ਅਤੇ ਵਰਤੋਂ ਦੋਵਾਂ ਨੂੰ ਰੋਕਣ ਲਈ ਈਮਾਨਦਾਰੀ ਨਾਲ ਅੱਗੇ ਆਵੇ ਤਾਂ ਵੱਡੀ ਸਫਲਤਾ ਮਿਲੇਗੀ। ਪੰਜਾਬ ਅੰਦਰ ਹੀ ਨਹੀਂ, ਦੇਸ਼ ਅੰਦਰ, ਕਿਸੇ ਵੀ ਪ੍ਰਕਾਰ ਦੀ ਚੋਣ (ਪੰਚਾਇਤਾਂ, ਬਲਾਕ ਸੰਮਤੀਆਂ, ਜਿਲ੍ਹਾ ਪ੍ਰੀਸ਼ਦਾ, ਅਸੈਂਬਲੀਆਂ ਤੇ ਲੋਕ ਸਭਾਈ ਚੋਣਾਂ ਮੌਕੇ ਕੋਈ ਰਾਜਨੀਤਕ ਆਗੂ ਜਾਂ ਸਹਿਯੋਗੀ ਕਾਰਕੁਨ ਕਿਸੇ ਵੀ ਪ੍ਰਕਾਰ ਦੇ ਨਸ਼ੇ ਦੀ ਵਰਤੋਂ ਨ ਕਰੇ, ਨਾ ਹੀ ਪੈਸੇ ਹੀ ਵੰਡੇ ਜਾਣ ਤਾਂ ਨਸ਼ਿਆ ਦਾ ਖਾਤਮਾ ਬਹੁਤ ਹੱਦ ਤੱਕ ਸੰਭਵ ਹੈ।  ਕਿਧਰੇ ਵੀ ਨਸ਼ਿਆਂ ਦੀ ਵੰਡ ਜਾਂ ਵਰਤੋਂ ਬਾਰੇ ਸਖ਼ਤ ਤੋਂ ਸਖ਼ਤ ਕਾਨੂੰਨ ਬਣਾ ਦਿਤੇ ਜਾਣ ਤਾਂ ਸੁਧਾਰ ਦੀ ਵੱਡੀ ਆਸ ਹੈ। ਜੇਲਾਂ ਨੂੰ ਸੁਧਾਰ ਘਰ ਦਾ ਨਾਂ ਤੇ ਸ਼ਾਇਦ ਨੇਕ ਭਾਵਨਾ ਹੇਠ ਦਿਤਾ ਗਿਆ ਸੀ। ੳੁੱਥੇ ਲਾਏ ਜਾਂਦੇ ਨਿਗਰਾਨ (ਅਮਲਾ ਫ਼ੈਲਾ) ਨੇਕ ਭਾਵੀ ਨਹੀਂ ਤਿਆਰ ਕਰ ਸਕੇ। ਜਿਸ ਕਾਰਣ, ਜੇਲਾਂ ਵਿਗਾੜ ਘਰ ਦਾ ਕੰਮ ਕਰ ਰਹੀਆਂ ਹਨ। ਅੰਦਰ ਗਿਆ ਨਿਰਦੋਸ਼ ਜਾਂ ਸਾਫ ਸੁਥਰੀ ਸੋਚ ਵਾਲਾ ਬੰਦਾ, ਮਾੜੇ ਪ੍ਰਭਾਵ ਤੋਂ ਰੱਬੀਂ ਬਚ ਜਾਵੇ ਤਾਂ ਭਲ਼ਾ ਹੈ, ਪਰ ਬਚੇ ਰਹਿਣ ਦੀ ਉਮੀਦ ਬੇਆਸੀ ਹੀ ਹੁੰਦੀ ਹੈ। ਸਮਾਜ ਵਿਚਲੀਆਂ ਸਿਹਤ ਸੰਭਾਲ ਸੰਸਥਾਵਾਂ, ਵਿਦਿਅਕ ਅਤੇ ਸਮਾਜਿਕ ਸੰਸਥਾਵਾਂ ਇਹ ਸਭ ਨਸ਼ਿਆ ਦੇ ਖਾਤਮੇ ਲਈ ਜੁਟ ਜਾਣ ਤਾਂ ਨਸ਼ਿਆਂ ਵਿਰੁੱਧ ਲੜਾਈ ਜਿੱਤੀ ਜਾ ਸਕਦੀ ਹੈ।

ਪੁਲਿਸ ਦੇ ਨਾਲ ਨੇਕ ਨੀਅਤ ਸਮਾਜਿਕ ਸੇਵਕਾਂ ਨੂੰ ਅਧਿਕਾਰਤ ਤੌਰ ਤੇ ਤਇਨਾਤ ਕਰਨਾ ਨਸ਼ਾ, ਵਿਰੋਧੀ ਮੁਹਿੰਮ ਨੂੰ ਸਫਲਤਾ ਦਿਵਾ ਸਕਦਾ ਹੈ। ਵਿਦੇਸ਼ਾਂ ਚੋਂ ਪੰਜਾਬ ਆਉਣ ਵਾਲੇ, ਅਮੀਰੀ ਦਾ ਪੰਜਾਬ ਵਿਚ ਪ੍ਰਦਰਸ਼ਨ ਕਰਦਿਆਂ, ਨਸ਼ਿਆਂ ਦੀ ਖੁੱਲੀ ਵਰਤੋਂ ਕਰਦੇ ਹਨ। ਜੋ 100% ਗਲਤ ਹੈ। ਇਨ੍ਹਾਂ ਤੇ ਸਖ਼ਤ ਪਾਬੰਦੀ ਲਾਗੂ ਕੀਤੀ ਜਾਵੇ। ਕਵੀਆਂ, ਗਾਇਕਾਂ, ਸੰਗੀਤਕਾਰਾਂ ਤੇ ਫਿਲਮਕਾਰਾਂ’ ਤੇ ਪਾਬੰਦੀ ਹੋਵੇ। ਉਹ ਨਸ਼ਿਆਂ ਨੂੰ ਉਤਸ਼ਾਹਤ ਕਰਨ ਵਾਲੀਆਂ ਨਾ ਕਵਿਤਾਵਾਂ ਲਿਖਣ, ਨਾ ਹੀ ਗਾਇਨ ਕਰਨ ਨਾ ਹੀ ਫਿਲਮਾਉਣ। ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਲਿਖਿਆ ਤੇ ਗਾਇਆ ਜਾਵੇ। ਪੰਜਾਬੀਆਂ ਨੂੰ ਵੰਗਾਰ ਦਿੱਤੀ ਜਾਵੇ ਕਿ ਤੁਸੀਂ ਕਦੀ ਵੀ ਨਸ਼ਿਆਂ ਦੇ ਗੁਲਾਮ ਨਹੀਂ ਸੀ। ਸ੍ਰੀ ਗੁਰੂ ਨਾਨਕ ਜੀ ਨੇ ਰੱਬੀ ਨਾਮ ਖੁਮਾਰੀ ਦਾ ਨਸ਼ਾ ਦੇ ਕੇ ਤੁਹਾਡੇ ਵੱਡੇ ਵੱਡੇਰਿਆਂ ਰਾਹੀਂ ਜਾਲਮ ਰਾਜਾਂ ਦਾ ਅੰਤ ਕਰਵਾਇਆ ਸੀ। ਅੱਜ ਤੁਹਾਨੂੰ ਨਸ਼ਿਆਂ ਦੀ ਜਿਲੱਣ ਵਿਚ ਧੱਕਿਆ ਗਿਆ ਹੈ। ਪੰਜਾਬ ਦੇ ਸ਼ੇਰ ਪੁੱਤਰ ਬਣ ਕੇ ਨਸ਼ਿਆਂ ਦੇ ਦੈਂਤ ਨੂੰ ਸਿੰਗਾਂ ਤੋਂ ਫੜ ਕੇ ਨੇਸ ਤੋਂ ਨਬੂਦ ਕਰ ਦਿਓ। ਬੌਧਕ ਤੇ ਆਤਮਿਕ ਤੌਰ ਤੇ ੳੁੱਨਤੀ ਕਰਕੇ ਸਾਰੇ ਵਿਸ਼ਵ ਤੇ ਰਾਜ ਕਰਨ ਯੋਗ ਬਣੋ। ਆਓ! ਗੁਰੂਆਂ ਦਾ ਪੰਜਾਬ, ਮੁੜ ਗੁਰੂਆਂ ਦੇ ਨਾਂ ਜੀਊਣ ਵਾਲੀ ਭਾਵਨਾ ਦਾ ਵਾਰਸ ਸਾਰੇ ਰਲ ਕੇ ਬਣਾਈਐ। ਪੰਜਾਬ ਵਿਧਾਨ ਸਭਾ ਦਾ ਇਜਲਾਸ ਐਸਾ ਹੋਵੇ। ਜਿਸ ਵਿਚ ਜਿਲ੍ਹਾ ਪ੍ਰੀਸ਼ਦਾਂ ਬਲਾਕ ਸੰਮਤੀਆਂ ਦੇ ਚੋਣਵੇਂ ਨੁਮਾਇੰਦੇ, ਨਗਰ ਪਾਲਿਕਾਵਾਂ ਤੇ ਕਾਰਪੋਰੇਸ਼ਨਾ ਦੇ ਚੋਣਵੇਂ ਨੁਮਾਇੰਦੇ ਨਾਲ ਬੈਠਾਏ ਜਾਣ। ਸਮਾਜ ਸੇਵੀ ਸੰਸਥਾਵਾਂ ਵਿਚੋਂ, ਸਿਹਤ ਸੰਭਾਲ ਸੰਸਥਾਵਾਂ ਵਿਚੋਂ ਹੋਰ ਬੁੱਧੀਜੀਵੀ ਸਭ ਹਾਜ਼ਰ ਹੋਣ। 7 ਦਿਨ ਲਗਾਤਾਰ ਨਸ਼ਿਆਂ ਦੀ ਸਮੱਸਿਆ ਨੂੰ ਰਿੜਕਿਆ ਜਾਵੇ ਅਤੇ ਹੱਲ ਤਲਾਸ਼ ਕੀਤਾ ਜਾਵੇ।ਮੁੜ ਸਖਤੀ ਨਾਲ ਅਮਲਾਉਣ ਲਈ ਪਾਬੰਦੀ ਨਿਭੈ।

About thatta

Comments are closed.

Scroll To Top
error: