Home / ਅੰਨਦਾਤਾ ਲਈ / ਖੇਤੀ ਖਰਚਿਆਂ ਨੂੰ ਨਾਮਾਤਰ ਕਰ ਦਿੰਦੀ ਹੈ ਜ਼ੀਰੋ ਡਰਿੱਲ।

ਖੇਤੀ ਖਰਚਿਆਂ ਨੂੰ ਨਾਮਾਤਰ ਕਰ ਦਿੰਦੀ ਹੈ ਜ਼ੀਰੋ ਡਰਿੱਲ।

images

ਪੰਜਾਬ ਦੀ ਕਿਸਾਨੀ ਦੀ ਮੁੱਖ ਸਮੱਸਿਆ ਖੇਤੀ ਖਰਚਿਆਂ ਦੇ ਵਧਣ ਕਾਰਨ ਆਮਦਨ ਘਟਣਾ ਹੈ। ਇਸ ਦਿਸ਼ਾ ਵੱਲ ਸੂਬਾ ਸਰਕਾਰ ਵੀ ਗੰਭੀਰਤਾ ਨਾਲ ਸੋਚ ਰਹੀ ਹੈ। ਖੇਤੀ ਖਰਚਿਆਂ ਨੂੰ ਘਟਾਉਣ ਲਈ ਨਵੇਂ ਔਜ਼ਾਰ ਤਕਨੀਕ ਨਾਲ ਤਿਆਰ ਕਰਵਾਏ ਜਾ ਰਹੇ ਹਨ। ਕੁਝ ਸਾਲ ਪਹਿਲਾਂ ਜ਼ੀਰੋ ਡਰਿੱਲ (ਬਿਨਾਂ ਵਾਹੀ ਦੇ ਬਿਜਾਈ) ਵਾਲੀ ਮਸ਼ੀਨ ਤਿਆਰ ਕੀਤੀ ਗਈ ਪਰ ਇਹ ਮਸ਼ੀਨ ਪੰਜਾਬ ਦੇ ਕਿਸਾਨਾਂ ਨੇ ਬਹੁਤਾ ਪਸੰਦ ਨਹੀਂ ਕੀਤੀ। ਜਦਕਿ ਇਸ ਨਾਲ ਕਣਕ ਦੀ ਬਿਜਾਈ ‘ਤੇ ਨਾ ਮਾਤਰ ਖਰਚ ਆਉਂਦਾ ਸੀ। ਇਸ ਮਸ਼ੀਨ ਨਾਲ ਵੱਡੀ ਮਿਸਾਲ ਪੈਦਾ ਕੀਤੀ ਹੈ ਰਾਜ ਸਿੰਘ ਸਿੱਧੂ ਪਿੰਡ ਸ਼ੇਰੋਂ (ਸੰਗਰੂਰ) ਨੇ। ਜਿਥੇ ਉਸ ਨੇ ਖੇਤੀ ਲਾਗਤ ਦੇ ਵੱਡੇ ਖਰਚੇ ਦੀ ਬੱਚਤ ਕੀਤੀ ਹੈ, ਉਥੇ ਪੈਦਾਵਾਰ ਵਿਚ ਵਾਧਾ ਕਰਕੇ ਬਾਕੀ ਕਿਸਾਨਾਂ ਲਈ ਖੇਤੀ ਮਾਹਰਾਂ ਅਨੁਸਾਰ ਚਲਣ ਦੀ ਉਦਾਹਰਨ ਦਿੱਤੀ ਹੈ। ਰਾਜ ਸਿੰਘ ਪੰਜਾਹ ਏਕੜ ਦੀ ਖੇਤੀ ਕਰਦਾ ਹੈ ਅਤੇ ਪੰਦਰਾਂ ਸਾਲ ਤੋਂ ਲਗਾਤਾਰ ਸਾਰੀ ਕਣਕ ਦੀ ਬਿਜਾਈ ਜ਼ੀਰੋ ਡਰਿੱਲ ਨਾਲ ਕਰ ਰਿਹਾ ਹੈ। ਜਿਥੇ ਪੁਰਾਤਨ ਰਵਾਇਤ ਅਨੁਸਾਰ ਵਹਾਈ ਉਤੇ ਪੰਦਰਾਂ ਤੋਂ ਵੀਹ ਲੀਟਰ ਪ੍ਰਤੀ ਏਕੜ ਖਰਚਾ ਆਉਂਦਾ ਹੈ, ਉਥੇ ਜ਼ੀਰੋ ਡਰਿੱਲ ਨਾਲ 2 ਤੋਂ ਢਾਈ ਲੀਟਰ ਪ੍ਰਤੀ ਏਕੜ ਖਰਚ ਆਉਂਦਾ ਹੈ। ਜਿਥੇ ਝੋਨੇ ਦੀ ਰਹਿੰਦ-ਖੂੰਹਦ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ, ਜਿਸ ਨਾਲ ਕਣਕ ਦਾ ਝਾੜ ਪੰਜ ਤੋਂ ਅੱਠ ਮਣ ਪ੍ਰਤੀ ਏਕੜ ਵਧ ਗਿਆ ਹੈ। ਜਿਸ ਨਾਲ ਕਣਕ ਦੀ ਡਿਗਣ ਦੀ ਸਮੱਸਿਆ ਤੋਂ ਵੀ ਮੁਕਤੀ ਮਿਲ ਗਈ ਹੈ। ਪਾਣੀ ਵੀ ਵੱਧ ਜੀਰਦਾ ਹੈ, ਖੜ੍ਹਦਾ ਨਹੀਂ, ਜਿਸ ਨਾਲ ਕਣਕ ‘ਤੇ ਪੀਲਾਪਨ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਸ਼ੁਰੂ ਦੇ ਸਾਲਾਂ ਵਿਚ ਉਹ ਬਾਕੀ ਕਿਸਾਨਾਂ ਦੇ ਮਜ਼ਾਕ ਦਾ ਕਾਰਨ ਵੀ ਬਣੇ ਜਦਕਿ ਅਸੀਂ ਲਗਾਤਾਰ ਜ਼ੀਰੋ ਡਰਿੱਲ ਨਾਲ ਬਿਜਾਈ ਕਰਕੇ ਸੋਹਣੀ ਫਸਲ ਪੈਦਾ ਕਰਕੇ ਲੋਕਾਂ ਨੂੰ ਆਪਣੇ ਪਿੱਛੇ ਚੱਲਣ ਲਈ ਮਜਬੂਰ ਕਰ ਦਿੱਤਾ। ਇਸ ਨਾਲ ਸਾਡੇ ਖੇਤਾਂ ਦੇ ਆਲੇ-ਦੁਆਲੇ 200 ਏਕੜ ਜ਼ੀਰੋ ਡਰਿੱਲ ਨਾਲ ਕਿਸਾਨਾਂ ਨੇ ਬਿਜਾਈ ਕੀਤੀ ਹੈ। ਕਿਸਾਨਾਂ ਨੇ ਨਵੀਆਂ ਜ਼ੀਰੋ ਡਰਿੱਲ ਮਸ਼ੀਨਾਂ ਲੈ ਲਈਆਂ ਹਨ ਜਿਸ ਨਾਲ ਉਨ੍ਹਾਂ ਨੇ ਖੇਤੀ ਖਰਚੇ ਘਟਾ ਕੇ ਭਾਰੀ ਮੁਨਾਫ਼ਾ ਪਹਿਲਾਂ ਹੀ ਕਮਾ ਲਿਆ ਹੈ। ਖੇਤੀਬਾੜੀ ਮਹਿਕਮੇ ਨੂੰ ਅਜਿਹੇ ਕਿਸਾਨਾਂ ਦੇ ਖੇਤਾਂ ਵਿਚ ਪ੍ਰਦਰਸ਼ਨੀ ਪਲਾਟ ਲਗਾ ਕੇ ਇਲਾਕੇ ਦੇ ਕਿਸਾਨਾਂ ਨੂੰ ਦਿਖਾਉਣਾ ਚਾਹੀਦਾ ਹੈ ਤਾਂ ਕਿ ਉਹ ਵੀ ਅਜਿਹੇ ਸਫ਼ਲ ਕਿਸਾਨ ਤੋਂ ਅੱਖੀਂ ਦੇਖ ਕੇ ਸੇਧ ਲੈ ਸਕਣ।

ਮਾਲਵਿੰਦਰ ਸਿੰਘ ਸਿੱਧੂ
-ਪੱਤਰਕਾਰ ਕੌਹਰੀਆਂ (ਸੰਗਰੂਰ)
ਮੋਬਾਈਲ : 94632-15291

source Ajit

About thatta

Comments are closed.

Scroll To Top
error: