Home / ਹੈਡਲਾਈਨਜ਼ ਪੰਜਾਬ / ਖ਼ਬਰਦਾਰ! ਸਿਲੇਬਸ ਵਿੱਚ ਤਬਦੀਲੀਆਂ ਅਤੇ ਅੈਨੀਮੇਟਡ ਫਿਲਮਾਂ ਨਾਲ ਤੁਹਾਡੀ ਰੂਹ ਦਾ ਕਤਲ ਕਰਨ ਦੀ ਤਿਆਰੀ।

ਖ਼ਬਰਦਾਰ! ਸਿਲੇਬਸ ਵਿੱਚ ਤਬਦੀਲੀਆਂ ਅਤੇ ਅੈਨੀਮੇਟਡ ਫਿਲਮਾਂ ਨਾਲ ਤੁਹਾਡੀ ਰੂਹ ਦਾ ਕਤਲ ਕਰਨ ਦੀ ਤਿਆਰੀ।

ਕੀ ਜੇਕਰ ਅਜੋਕੇ ਤਕਨੀਕੀ ਸਾਧਨਾਂ, ਫ਼ਿਲਮਾਂ ਰਾਹੀਂ ਅਸੀਂ ਆਪਣੇ ਗੁਰੂ ਸਾਹਿਬਾਨ ਦੇ ਜੀਵਨ ਅਤੇ ਸਿੱਖਿਆਵਾਂ ਜਾਂ ਸਿੱਖ ਇਤਿਹਾਸ ਦੇ ਨਾਇਕਾਂ ਸ਼ਹੀਦਾਂ-ਮੁਰੀਦਾਂ ਨੂੰ ਪੇਸ਼ ਨਹੀਂ ਕਰਦੇ ਤਾਂ ਸਾਡਾ ਧਰਮ ਸੱਚਮੁਚ ਪੱਛੜ ਕੇ ਰਹਿ ਜਾਵੇਗਾ? ਇਸ ਸਵਾਲ ਦੇ ਮੁਖਾਤਿਬ ਹੋਣ ਤੋਂ ਪਹਿਲਾਂ ਇਹ ਤੱਥ ਵਿਚਾਰਨਯੋਗ ਹੈ ਕਿ ਇਸਲਾਮ ਧਰਮ ਦੇ ਪੈਰੋਕਾਰਾਂ ਨੇ ਆਪਣੇ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦੀ ਅੱਜ ਤੱਕ ਤਸਵੀਰ ਤੱਕ ਨਹੀਂ ਬਣਨ ਦਿੱਤੀ,

ਫ਼ਿਲਮਾਂ ਤਾਂ ਬਹੁਤ ਦੂਰ ਦੀ ਗੱਲ ਹੈ। ਪਰ ਇਸਲਾਮ ਅੱਜ ਦੁਨੀਆ ‘ਚ ਸਭ ਤੋਂ ਤੇਜ਼ੀ ਨਾਲ ਫ਼ੈਲ ਰਿਹਾ ਧਰਮ ਹੈ। ਦੂਜੀ ਗੱਲ ਤਕਨੀਕੀ ਸਾਧਨਾਂ ‘ਤੇ ਧਰਮ ਪ੍ਰਚਾਰ ਦੀ ਨਿਰਭਰਤਾ ਦੀ, ਅੱਜ ਦੁਨੀਆ ਦੇ ਬਹੁਤ ਸਾਰੇ ਵਿਕਸਿਤ ਦੇਸ਼ਾਂ ‘ਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜੇ ਬੱਚੇ ਮਨਪ੍ਰਚਾਵੇ ਲਈ ਤਕਨੀਕੀ ਸਾਧਨ; ਕਾਰਟੂਨ, ਐਨੀਮੇਸ਼ਨ ਫ਼ਿਲਮਾਂ, ਲੜੀਵਾਰ ਨਾਟਕ ਅਤੇ ਵੀਡੀਓ ਗੇਮਾਂ ਖੇਡਦੇ ਹਨ, ਉਨ੍ਹਾਂ ਅੰਦਰ ਕਲਪਨਾ, ਸੁਪਨੇ ਅਤੇ ਸੱਚਾਈ ਵਿਚ ਅੰਤਰ ਕਰਨ ਦੀ ਸਮਰੱਥਾ ਨਹੀਂ ਰਹਿੰਦੀ।

ਸ਼ਬਦ-ਗੁਰੂ ਦੇ ਰੂਪ ‘ਚ ਗੁਰਬਾਣੀ ਅਤੇ ‘ਬਾਬਾਣੀਆਂ ਕਹਾਣੀਆਂ’ ਦੇ ਰੂਪ ‘ਚ ਜਦੋਂ ਕੋਈ ਸਿੱਖ ਬਾਲ ਅਵਸਥਾ ‘ਚ ਮਾਵਾਂ, ਦਾਦੀਆਂ ਤੋਂ ਸਾਖ਼ੀਆਂ ਅਤੇ ਵੱਡਾ ਹੋ ਕੇ ਗੁਰੂ-ਇਤਿਹਾਸ ਸੁਣਦਾ/ ਪੜ੍ਹਦਾ ਹੈ ਤਾਂ ਉਸ ਦੀ ਆਪਣੀ ਅਵਸਥਾ ਦੇ ਮੁਤਾਬਕ ਉਸ ਦੇ ਮਨ-ਮਸਤਕ ਅੰਦਰ ਗੁਰੂ ਜਾਂ ਮਹਾਨ ਸ਼ਹੀਦਾਂ-ਮੁਰੀਦਾਂ ਦੇ ਬਿੰਬ ਦੀ ਸਿਰਜਣਾ ਹੁੰਦੀ ਹੈ ਅਤੇ ਉਹ ਗੁਰੂ ਦੀ ਅਨੂਠੀ ਯਾਦ ‘ਚ ਆਤਮਕ ਅਹਿਸਾਸ ਦਾ ਅਨੰਦ ਮਾਣਦਾ ਹੈ। ਕਿਸੇ ਫ਼ਿਲਮ ‘ਚ ਕੈਦ ਹੋਇਆ ਦ੍ਰਿਸ਼ ਇਕ ਬੱਝਵਾਂ ਬਿੰਬ ਸਿਰਜ ਦਿੰਦਾ ਹੈ ਅਤੇ ਉਹ ਅਹਿਸਾਸ ਨੂੰ ਹੋਰ ਮੌਲਣ ਵਿਗਸਣ ਦੀ ਖੁੱਲ੍ਹ ਨਹੀਂ ਦਿੰਦਾ।

ਆਪਣੇ ਅਹਿਸਾਸ ਅਤੇ ਅਨੁਭਵ ਵਿਚੋਂ ਸਮਝ ਕੇ ਮੌਲਣ, ਵਿਗਸਣ ਅਤੇ ਰਹੱਸ ਨੂੰ ਮਾਣਨ ਦੀ ਖੁੱਲ੍ਹ ਸਿਰਫ਼ ਸ਼ਬਦ ਹੀ ਦਿੰਦਾ ਹੈ, ਕਿਉਂਕਿ ਸ਼ਬਦ ਦੀ ਅਸੀਮ ਡੂੰਘਾਈ ਹੈ ਅਤੇ ਇਸ ਅਥਾਹ ਸਾਗਰ ਵਿਚ ਮਨੁੱਖ ਆਪਣੇ ਅਨੁਭਵ ਮੁਤਾਬਕ ਚੁੱਭੀ ਲਾਉਂਦਾ ਤੇ ਆਨੰਦ ਮਾਣਦਾ ਹੈ। ਅਸੀਂ ਗੁਰਬਾਣੀ ਦੀਆਂ ਹੁਣ ਤੱਕ ਹੋਈਆਂ ਵੱਖ-ਵੱਖ ਵਿਆਖਿਆ ਪ੍ਰਣਾਲੀਆਂ ਤੋਂ ਵੀ ਇਹ ਗੱਲ ਸਮਝ ਸਕਦੇ ਹਾਂ ਕਿ ਬੇਅੰਤ ਵਿਆਖਿਆਕਾਰਾਂ ਵਲੋਂ ਗੁਰਬਾਣੀ ਦੇ ਅਰਥ ਬੋਧ ਕਰਨ ਦੇ ਬਾਵਜੂਦ ਕਿਸੇ ਵਿਆਖਿਆ ਦੇ ਅੰਤਮ ਹੋਣ ਦਾ ਦਾਅਵਾ ਨਹੀਂ ਕੀਤਾ ਜਾ ਸਕਦਾ ਅਤੇ ਇਸ ਰੱਬੀ ਸਾਗਰ ਦੀ ਅਸੀਮਤਾ ਬਰਕਰਾਰ ਹੈ।

ਗੁਰਬਾਣੀ ਨੂੰ ਪੜ੍ਹਨ ਵਾਲਾ ਹਰ ਮਨੁੱਖ ਆਪੋ ਆਪਣੇ ਅਨੁਭਵ ਅਨੁਸਾਰ ਇਸ ਅਥਾਹ ਸਾਗਰ ਵਿਚ ਚੁੱਭੀ ਮਾਰ ਕੇ ਅਨੰਦ ਮਾਣਦਾ ਹੈ। ਇਸੇ ਤਰ੍ਹਾਂ ਗੁਰ-ਇਤਿਹਾਸ ਜਾਂ ਸਿੱਖ ਇਤਿਹਾਸ ਪੜ੍ਹਨ/ ਸੁਣਨ ਨਾਲ ਜੋ ਅਹਿਸਾਸ ਅਤੇ ਵਿਗਾਸ ਹੁੰਦਾ ਹੈ, ਉਹ ਕਿਸੇ ਫ਼ਿਲਮੀ ਦ੍ਰਿਸ਼ ਵਿਚ ਬੰਨ੍ਹੇ ਕਿਸੇ ਇਤਿਹਾਸਕ ਪਲ ਨੂੰ ਵੇਖ ਕੇ ਨਹੀਂ ਹੋ ਸਕਦਾ।

ਇਸ ਤਰ੍ਹਾਂ ਗੁਰ-ਇਤਿਹਾਸ ਜਾਂ ਸਿੱਖ-ਇਤਿਹਾਸ ‘ਤੇ ਆਧਾਰਤ ਐਨੀਮੇਸ਼ਨ ਫ਼ਿਲਮਾਂ ਵੇਖਣ ਵਾਲੇ ਬੱਚਿਆਂ ਦੀ ਮਾਨਸਿਕਤਾ ‘ਚ ਆਪਣੇ ਗੁਰੂ ਸਾਹਿਬਾਨ ਅਤੇ ਇਤਿਹਾਸ ਨੂੰ ਲੈ ਕੇ ਜੋ ਮਿਜਾਜ਼ੀ ਅਕਸ ਉਕਰਿਆ ਜਾਵੇਗਾ, ਉਹੀ ਉਨ੍ਹਾਂ ਨੂੰ ਸੱਚਾਈ ਪ੍ਰਤੀਤ ਹੋਵੇਗਾ ਅਤੇ ਸਾਡੇ ਮਾਣਮੱਤੇ ਇਤਿਹਾਸ ਦੇ ਸਾਡੀ ਮਾਨਸਿਕਤਾ ਅੰਦਰ ਸੀਨਾ-ਬ-ਸੀਨਾ ਜਿਹੜੇ ਪਵਿੱਤਰ ਅਹਿਸਾਸ, ਬਿੰਬ ਅਤੇ ਭਾਵਨਾਵਾਂ ਦਾ ਪ੍ਰਵਾਹ ਚੱਲਿਆ ਆ ਰਿਹਾ ਹੈ, ਉਹ ਖ਼ਤਮ ਹੋ ਜਾਵੇਗਾ। ਕਿਉਂਕਿ ਕਲਪਨਾ, ਸੁਪਨੇ ਅਤੇ ਸੱਚਾਈ ਵਿਚ ਅੰਤਰ ਸਮਝਣ ਤੋਂ ਆਹਰੀ ਹੋਣ ਕਾਰਨ ਕਿਸੇ ਸਮੇਂ ਇਨ੍ਹਾਂ ਬੱਚਿਆਂ ਨੂੰ ਹਕੀਕਤ ਕਲਪਨਾ ਅਤੇ ਕਲਪਨਾ ਹਕੀਕਤ ਜਾਪਣ ਲੱਗੇਗੀ।

ਇਸ ਤਰ੍ਹਾਂ ਸਾਡੇ ਇਤਿਹਾਸ ਦੀ ਜਿੰਦ-ਜਾਨ ਅਤੇ ਸੱਚਾਈ ਸਮਾਂ ਪਾ ਕੇ ਅਗਲੀ ਪੀੜ੍ਹੀ ਦੇ ਸਿੱਖਾਂ ਨੂੰ ਹੀ ਮਿਥਿਹਾਸ ਹੋਣ ਦਾ ਭੁਲੇਖਾ ਪਾ ਦੇਵੇਗੀ। ਤਰ੍ਹਾਂ ਗੁਰੂ ਸਾਹਿਬਾਨ ਜਾਂ ਮਹਾਨ ਗੁਰਸਿੱਖਾਂ ਨੂੰ ਕਿਸੇ ਵੀ ਰੂਪ, ਐਨੀਮੇਸ਼ਨ ਜਾਂ ਮਨੁੱਖੀ ਰੂਪ ‘ਚ ਫ਼ਿਲਮਾਂ ਅੰਦਰ ਦਿਖਾਉਣਾ ਸਿੱਖ ਦੇ ਗੁਰੂ ਪ੍ਰਤੀ ਖ਼ਿਆਲ, ਉਸ ਦੀ ਚਿਤਰਣ ਸ਼ਕਤੀ, ਉਸ ਦੇ ਖ਼ਿਆਲਾਂ ਅਤੇ ਰੂਹ ਦੀ ਅਜ਼ਾਦੀ ਦਾ ਕਤਲ ਹੈ।

-ਤਲਵਿੰਦਰ ਸਿੰਘ ਬੁੱਟਰ

About thatta

Comments are closed.

Scroll To Top
error: