ਕਰਤਾਰ ਸਿੰਘ ਫੌਜੀ ਨਮਿੱਤ ਪਾਠ ਦਾ ਭੋਗ, ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 28 ਸਤੰਬਰ ਨੂੰ।

213

ਸਰਦਾਰ ਕਰਤਾਰ ਸਿੰਘ ਫੌਜੀ ਇੱਕ ਅਜਿਹੇ ਕਰਮਯੋਗੀ ਸਨ ਜਿਨ੍ਹਾਂ ਨੇ ਜੀਵਨ ਭਰ ਦੇਸ਼ ਅਤੇ ਕੌਮ ਦੀ ਸੇਵਾ ਕੀਤੀ। ਆਪ ਜੀ ਦਾ ਜਨਮ 13.01.1939 ਨੂੰ ਪਿਤਾ ਤੇਜਾ ਸਿੰਘ ਦੇ ਘਰ ਮਾਤਾ ਸੰਤ ਕੌਰ ਦੀ ਕੁੱਖੋਂ ਪਿੰਡ ਠੱਟਾ ਨਵਾਂ ਵਿਖੇ ਹੋਇਆ। ਆਪ ਜੀ ਅਜੇ ਸਿਰਫ 4 ਸਾਲ ਦੇ ਹੀ ਸਨ ਕਿ ਆਪ ਜੀ ਦੇ ਮਾਤਾ ਜੀ ਦਾ ਅਕਾਲ ਚਲਾਣਾ ਹੋ ਗਿਆ।

ਆਪ ਜੀ ਦੇ ਪਿਤਾ ਜੀ ਪਿੰਡ ਖੈਰਾ ਮਾਝਾ ਜਿਲ੍ਹਾ ਜਲੰਧਰ ਦੇ ਗੁਰੂ ਘਰ ਦੇ ਵਜੀਰ ਸਨ। ਮਾਤਾ ਜੀ ਦੇ ਦਿਹਾਂਤ ਉਪਰੰਤ ਆਪ ਜੀ ਦੇ ਪਿਤਾ ਜੀ ਆਪ ਜੀ ਅਤੇ ਵੱਡੀ ਭੈਣ ਗਿਆਨ ਕੌਰ ਨੂੰ ਆਪਣੇ ਨਾਲ ਪਿੰਡ ਖੈਰਾ ਮਾਝਾ ਹੀ ਲੈ ਗਏ ਜਿਥੇ ਆਪ ਜੀ ਨੇ ਮੈਟ੍ਰਿਕ ਤੱਕ ਦੀ ਪੜ੍ਹਾਈ ਪੂਰੀ ਕੀਤੀ। ਸਕੂਲ ਸਮੇਂ ਆਪ ਜੀ ਵਾਲੀਬਾਲ ਦੀ ਟੀਮ ਦੇ ਕਪਤਾਨ ਵੀ ਰਹੇ ਸਨ।

ਸੰਨ 1953 ਵਿੱਚ ਆਪ ਦੀ ਸ਼ਾਦੀ ਪਿੰਡ ਮੇਵਾ ਸਿੰਘ ਵਾਲਾ ਦੇ ਸਰਦਾਰ ਭਗਤ ਸਿੰਘ ਅਤੇ ਬੀਬੀ ਇੰਦਰ ਕੌਰ ਦੀ ਸਪੁੱਤਰੀ ਗੁਰਦੀਪ ਕੌਰ ਨਾਲ ਹੋਈ। ਜਿਨ੍ਹਾਂ ਤੋਂ ਆਪ ਜੀ ਦੇ 3 ਬੱਚੇ ਗੁਰਵਿੰਦਰ ਕੌਰ, ਰੇਸ਼ਮ ਸਿੰਘ ਅਤੇ ਰਾਜਵਿੰਦਰ ਕੌਰ ਨੇ ਜਨਮ ਲਿਆ। ਆਪ ਜੀ ਨੇ ਆਪਣੇ ਬੱਚਿਆਂ ਨੂੰ ਵਧੀਆ ਤਾਲੀਮ ਦਿੱਤੀ ਅਤੇ ਸਮੇਂ ਦੇ ਹਾਣੀ ਬਣਾਇਆ। ਵਾਲੀਬਾਲ ਦੇ ਚੰਗੇ ਖਿਡਾਰੀ ਅਤੇ ਚੰਗਾ ਕੱਦ-ਕਾਠ ਹੋਣ ਕਰਕੇ 17.09.1958 ਨੂੰ ਆਪ ਜੀ ਭਾਰਤੀ ਫੌਜ ਵਿੱਚ ਬਤੌਰ ਸਿਪਾਹੀ ਭਰਤੀ ਹੋਏ। ਜਿਸ ਦੌਰਾਨ ਆਪ ਜੀ ਨੇ 1965 ਅਤੇ 1971 ਭਾਰਤ-ਪਾਕਿਸਤਾਨ ਦੀ ਜੰਗ ਵਿੱਚ ਹਿੱਸਾ ਲਿਆ ਅਤੇ ਦੁਸ਼ਮਣਾਂ ਦੇ ਦੰਦ ਖੱਟੇ ਕੀਤੇ। ਆਪ ਜੀ ਅਕਸਰ ਹੀ ਜਿਕਰ ਕਰਿਆ ਕਰਦੇ ਸਨ ਜੰਗ ਦੌਰਾਨ ਆਪ ਜੀ ਦੀ ਪਲਟਣ ਵਿੱਚ 5 ਜਵਾਨ ਸਨ ਤੇ ਆਪ ਜੀ ਟੈਂਕ ਚਲਾ ਰਹੇ ਸਨ। ਜੰਗ ਦੌਰਾਨ ਆਪ ਜੀ ਨੇ ਦੁਸ਼ਮਣਾਂ ਦਾ ਟਾਕਰਾ ਕਰਦਿਆਂ 3 ਟੈਂਕ ਬਦਲੇ ਪਰ ਦੁਸ਼ਮਣਾਂ ਦੀ ਵਾਹ ਨਾ ਚੱਲਣ ਦਿੱਤੀ। ਆਪ ਜੀ ਦੀ ਪਲਟਣ ਵਿੱਚੋਂ ਬਾਕੀ 4 ਜਵਾਨ ਸ਼ਹੀਦ ਹੋ ਗਏ। 29.05.1969 ਨੂੰ ਆਪ ਜੀ ਹਵਲਦਾਰ ਵਜੋਂ ਭਾਰਤੀ ਫੌਜ ਵਿੱਚੋਂ ਰਿਟਾਇਰ ਹੋਏ।

ਭਾਰਤੀ ਫੌਜ ਵਿੱਚ ਵਧੀਆ ਸੇਵਾਵਾਂ ਕਰਕੇ 05.08.1970 ਨੂੰ ਆਪ ਜੀ ਪੰਜਾਬ ਪੁਲਿਸ ਵਿੱਚ ਬਤੌਰ ਸਿਪਾਹੀ ਨਿਯੁਕਤ ਹੋਏ। ਜਿਸ ਦੌਰਾਨ ਆਪ ਜੀ ਸੁਲਤਾਨਪੁਰ ਲੋਧੀ, ਕਪੂਰਥਲਾ, ਭੁਲੱਥ, ਫਗਵਾੜਾ ਅਤੇ ਫਿਰੋਜਪੁਰ ਤਾਇਨਾਤ ਰਹੇ। 31.01.1997 ਨੂੰ ਆਪ ਜੀ ਦੀ ਪੰਜਾਬ ਪੁਲਿਸ ਤੋਂ ਬਤੌਰ ਹਵਲਦਾਰ ਰਿਟਾਇਰਮੈਂਟ ਹੋਈ। ਰਿਟਾਇਰਮੈਂਟ ਤੋਂ ਬਾਅਦ ਆਪ ਜੀ ਖੇਤੀਬਾੜੀ ਵਿੱਚ ਰੁੱਝ ਗਏ। ਪਿੰਡ ਵਿੱਚ ਵਿੱਚਰਦਿਆਂ ਆਪ ਜੀ ਸਾਫ-ਸਫਾਈ ਅਤੇ ਫੁੱਲਾਂ ਪ੍ਰਤੀ ਪ੍ਰੇਮ ਨਾਲ ਵਧੇਰੇ ਜਾਣੇ ਜਾਂਦੇ ਸਨ। ਹਰ ਵੇਲੇ ਪ੍ਰਮਾਤਮਾ ਨਾਲ ਜੁੜੇ ਰਹਿਣਾ ਅਤੇ ਘੱਟ ਬੋਲਣਾ ਉਹਨਾਂ ਦੇ ਸੁਭਾਅ ਦਾ ਹਿੱਸਾ ਸੀ। ਆਪ ਜੀ ਹਰ ਰੋਜ਼ ਸਵੇਰੇ 3 ਵਜੇ ਉੱਠ ਕੇ ਇਸ਼ਨਾਨ ਕਰਦੇ ਤੇ ਗੁਰੂ ਘਰ ਜਾ ਕੇ ਗ੍ਰੰਥੀ ਸਿੰਘ ਨਾਲ ਮਿਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਉਣਾ ਉਹਨਾਂ ਦੀ ਰੋਜ਼ਾਨਾ ਰੁਟੀਨ ਦਾ ਹਿੱਸਾ ਸੀ। ਗੁਰੂ ਘਰ ਤੋਂ ਪਰਤ ਕੇ ਆਪ ਜੀ ਨਿੱਤਨੇਮ / ਵਾਹਿਗੁਰੂ ਦਾ ਜਾਪ ਕਰਦੇ ਰਹਿੰਦੇ। ‘ਨੇਕੀ ਕਰੋ’ ਉਨ੍ਹਾਂ ਦੇ ਜੀਵਨ ਦਾ ਮੁੱਖ ਉਦੇਸ਼ ਸੀ। ਜੋ ਵੀ ਵਿਅਕਤੀ ਇੱਕ ਵਾਰ ਉਨ੍ਹਾਂ ਦੇ ਸੰਪਰਕ ਵਿੱਚ ਆਇਆ ਉਹ ਸਦਾ ਲਈ ਉਨ੍ਹਾਂ ਦਾ ਹੋ ਕੇ ਰਹਿ ਗਿਆ। 24.08.2019 ਨੂੰ ਆਪਣੀ ਜੀਵਨ ਸਾਥਣ ਬੀਬੀ ਗੁਰਦੀਪ ਕੌਰ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਆਪਣੇ ਆਪ ਨੂੰ ਅਡੋਲ ਰੱਖਿਆ ਅਤੇ ਪਰਿਵਾਰਕ ਮੈਂਬਰਾਂ ਨੂੰ ਪ੍ਰਮਾਤਮਾ ਦਾ ਹੁਕਮ ਮੰਨਣ ਲਈ ਕਿਹਾ। ਆਪ ਜੀ ਅਕਸਰ ਜਿਕਰ ਕਰਦੇ ਸਨ ਕਿ ਮੇਰੇ ਤੋਂ ਬਆਦ ਕਿਸੇ ਨੇ ਰੋਣਾ ਨਹੀਂ, ਸਿਰਫ ਗੁਰਬਾਣੀ ਦਾ ਪਾਠ ਕਰਦੇ ਰਹਿਣਾ। ਜੀਵਨ ਦੇ ਪਿਛਲੇ ਪਹਿਰ ਦੌਰਾਨ ਉਨ੍ਹਾਂ ਬੀਮਾਰੀ ਦਾ ਦਲੇਰੀ ਨਾਲ ਟਾਕਰਾ ਕੀਤਾ। ਕੁਝ ਦਿਨਾਂ ਦੀ ਸੰਖੇਪ ਬੀਮਾਰੀ ਮਗਰੋਂ ਮਿਤੀ 19.09.2019 ਨੂੰ ਸਵੇਰੇ 9:00 ਵਜੇ ਉਹ ਇਸ ਫ਼ਾਨੀ ਸੰਸਾਰ ਨੂੰ ਛੱਡ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ। ਉਨ੍ਹਾਂ ਵੱਲੋਂ ਕੀਤੇ ਉੱਤਮ ਕਾਰਜਾਂ ਕਰਕੇ ਉਹ ਹਮੇਸ਼ਾ ਲੋਕ ਮਨਾਂ ਵਿੱਚ ਵੱਸਦੇ ਰਹਿਣਗੇ। ਉਹਨਾਂ ਦੇ ਜਾਣ ਉਪਰੰਤ ਅੱਜ ਵੀ ਉਹਨਾਂ ਦੀ ਝਲਕ ਉਹਨਾਂ ਦੇ ਪਰਿਵਾਰ ਵਿੱਚ ਪੈਂਦੀ ਹੈ। ਉਹਨਾਂ ਦੇ ਹੋਣਹਾਰ ਸਪੁੱਤਰ ਰੇਸ਼ਮ ਸਿੰਘ, ਨੂੰਹ ਹਰਜਿੰਦਰ ਕੌਰ ਅਤੇ ਪੋਤਰੇ ਮਨਪ੍ਰੀਤ ਸਿੰਘ ਤੇ ਨਵਰਾਜ ਸਿੰਘ ਹੂ-ਬਹੂ ਉਹਨਾਂ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਨੂੰ ਅਪਣਾ ਕੇ ਜੀਵਨ ਸੇਧ ਲੈ ਰਹੇ ਹਨ।

ਆਪ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਮਿਤੀ 28.09.2019 ਨੂੰ ਸਵੇਰੇ 10:30 ਵਜੇ ਉਹਨਾਂ ਦੇ ਨਿਵਾਸ ਅਸਥਾਨ ਪਿੰਡ ਠੱਟਾ ਨਵਾਂ ਵਿਖੇ ਪਵੇਗਾ। ਉਪਰੰਤ ਵੈਰਾਗਮਈ ਕੀਰਤਨ, ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਸਵੇਰੇ 11:00 ਤੋਂ 1:00 ਵਜੇ ਤੱਕ ਗੁਰਦੁਆਰਾ ਸਾਹਿਬ ਠੱਟਾ ਨਵਾਂ, ਤਹਿਸੀਲ ਸੁਲਤਾਨਪੁਰ ਲੋਧੀ ਜਿਲ੍ਹਾ ਕਪੂਰਥਲਾ ਵਿਖੇ ਹੋਵੇਗਾ। ਸ਼ਰਧਾਂਜਲੀ ਸਮਾਗਮ ਵਿੱਚ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। (ਸੰਪਰਕ ਨੰਬਰ : 98158-09042, ਵੱਟਸਐਪ +971563314291)