Home / ਹੈਡਲਾਈਨਜ਼ ਪੰਜਾਬ / ਕਮਜ਼ੋਰ ਦਿਲ ਵਾਲੇ ਇਸ ਖਬਰ ਨੂੰ ਨਾ ਪੜ੍ਹਨ: ਪਿੰਡ ਦੇ 2 ਮਾਸੂਮ ਬੱਚਿਆਂ ਦੀ ਦਰਦਨਾਕ ਮੌਤ

ਕਮਜ਼ੋਰ ਦਿਲ ਵਾਲੇ ਇਸ ਖਬਰ ਨੂੰ ਨਾ ਪੜ੍ਹਨ: ਪਿੰਡ ਦੇ 2 ਮਾਸੂਮ ਬੱਚਿਆਂ ਦੀ ਦਰਦਨਾਕ ਮੌਤ

‘ਨਿੱਕੀਆਂ ਜਿੰਦਾਂ ਤੇ ਲੰਮੀਆਂ ਯਾਰੀਆਂ’

ਪਰਸੋਂ ਮੇਰੇ ਪਿੰਡ ਦੇ ਦੋ ਜੁਆਕਾਂ ਦੀ ਰੇਲ ਗੱਡੀ ਹੇਠਾਂ ਆ ਕੇ ਮੌਤ ਹੋ ਗਈ।। ਸਾਡੇ ਪਿੰਡ ਤੇ ਆਲੇ ਦੁਆਲੇ ਦਿਆਂ ਪਿੰਡਾਂ ‘ਚ ਸੋਗ ਪਿਆ ਹੋਇਆ, ਇਸ ਦਰਦਨਾਕ ਹਾਦਸੇ ਦਾ। ਤੇ ਇਹਨਾਂ ਜੁਆਕਾਂ ਦੇ ਟੱਬਰ ਵਾਲਿਆਂ ਨੂੰ ਤਾਂ ਰੋਟੀ ਦੀ ਬੁਰਕੀ ਵੀ ਜ਼ਹਿਰ ਲੱਗਦੀ ਹੈ। ਗੁਰੂਘਰ ਤੋਂ ਮੱਥਾ ਟੇਕ ਕੇ ਵਾਪਿਸ ਆ ਰਹੇ ਸੀ। ਦੋਨੋਂ ਜੁਆਕ ਚਾਅ ਨਾਲ ਰੱਬ ਦੇ ਰਾਹ ਤੇ ਲੱਗੇ ਹੋਏ ਸੀ। ਇੱਕ ਦਾ ਅੰਮ੍ਰਿਤ ਛਕਿਆ ਹੋਇਆ ਸੀ ਤੇ ਦੂਜਾ ਪ੍ਰਵਾਸੀ ਟੇਲਰ ਦਾ ਮੁੰਡਾ ਜੋ ਯੂ ਪੀ ਤੋਂ ਮੂਲ ਨਿਵਾਸੀ ਹੈ ਤੇ ਬ੍ਰਾਹਮਣ ਧਰਮ ਤੋਂ ਸੰਬੰਧ ਰੱਖਦੇ ਨੇ, ਜਿਸਦਾ ਨਾਮ ਗੌਰਵ ਸੀ, ਉਹ ਵੀ ਆਪਣੇ ਯਾਰ ‘ਰਾਜ’ ਵਾਂਗੂੰ ਅੰਮ੍ਰਿਤ ਛਕਣ ਵਾਲਾ ਸੀ, ਤੇ ਉਹ ਪੱਗ ਸਭ ਤੋਂ ਸੋਹਣੀ ਬੰਨਦਾ ਸੀ। ਗੌਰਵ ਪੱਗ ਮੁਕਾਬਲੇ ‘ਚੋਂ ਪਹਿਲਾ ਇਨਾਮ ਚਾਰ ਹਜ਼ਾਰ ਰੁਪਏ ਵੀ ਜਿੱਤ ਕੇ ਲਿਆਇਆ ਸੀ। ਦੋਵੇਂ ਪੱਕੇ ਯਾਰ ਸੀ। ਇਕੱਠਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਸ਼ੁਰੂ ਕੀਤਾ ਤੇ ਦੋਵੇਂ ਜਾਣੇ ਇੱਕ ਹਜ਼ਾਰ ਅੰਗ ਤੇ ਪਹੁੰਚ ਗਏ ਸੀ।

ਮੇਰਿਆਂ ਹੱਥਾਂ ‘ਚ ਪਲੇ ਹੋਏ ਸੀ ਦੋਨੋਂ ਜੁਆਕ। ਜਿੱਥੇ ਮਿਲਣਾ ਹੱਸ ਕੇ ‘ਵੀਰੇ ਸਤਿ ਸ਼੍ਰੀ ਅਕਾਲ’ ਕਹਿਣਾ। ਚੰਦਰੇ ਰੂਹ ਕੱਢ ਲੈਂਦੇ ਸੀ ਮੋਹ ਨਾਲ। ਜਿੱਥੇ ਜਾਣਾ ਦੋਨਾਂ ਨੇ ਇਕੱਠਿਆਂ ਜਾਣਾ। ਪਰਸੋਂ ਵੀ ਗੌਰਵ ਨੇ ਆਪਣੇ ਬਾਪੂ ਦੇ ਨਾਲ ਗੁਰੂਦੁਆਰੇ ਜਾਣ ਤੋਂ ਮਨਾ ਕੀਤਾ, ਕਿ ਮੈਂ ਤਾਂ ਆਪਣੇ ਆੜੀ’ ਰਾਜ’ ਨਾਲ ਹੀ ਜਾਊਂਗਾ। ਦੋਨੋਂ ਜਾਣੇ ਸੋਹਣੀਆਂ ਸੋਹਣੀਆਂ ਪੱਗਾਂ ਬੰਨ੍ਹ ਕੇ ਚਲੇ ਗਏ ਘਰੋਂ ਇਕੱਠੇ ਹੀ ਜੋਟੀਆਂ ਫੜ ਕੇ। ਚੰਦਰੇ ਜਾਣ ਲੱਗੇ ਆਖਰੀ ਵਾਰੀ ਆਪਦੀਆਂ ਮਾਵਾਂ ਦੇ ਗਲ਼ ਲੱਗਕੇ ਇਹ ਵੀ ਨਹੀਂ ਕਹਿ ਕੇ ਗਏ ਹੋਣੇ ਕਿ ਮਾਂ ਅਸੀਂ ਅੱਜ ਤੋਂ ਮੁੜ ਕੇ ਨਹੀਂ ਆਵਾਂਗੇ, ਸਾਡੀ ਉਡੀਕ ਨਾ ਕਰਿਓ, ਤੇ ਨਾਂ ਹੀ ਸਾਡੇ ਹਿੱਸੇ ਦੀ ਰੋਟੀ ਦਾ ਆਟਾ ਗੁੰਨਿਓ ਅੱਜ ਤੋਂ।

ਆਖਰੀ ਵਾਰੀ ਮੱਥਾ ਟੇਕਿਆ ਉਸ ਦਿਨ ਰੱਬ ਮੂਹਰੇ ਦੋਨਾਂ ਨੇ ਇਕੱਠਿਆਂ ਇੱਕ ਸਾਰ। ਵਾਪਿਸ ਆਉਣ ਲੱਗੇ ਰਾਹ ‘ਚ ਪੈਂਦੀ ਰੇਲ ਦੀ ਪਟੜੀ ਤੇ ਖੇਡਣ ਲੱਗ ਪਏ। ਚੰਡੀਗੜ੍ਹ ਤੋਂ ਰੇਲਗੱਡੀ ਆ ਗਈ। ਇਹ ਦੋਨੋਂ ਬ੍ਰਿਜ ਵਿੱਚ ਸੀ। ‘ਰਾਜ’ ਭੱਜ ਕੇ ਨਿੱਕਲ ਆਇਆ ਤੇ ਗੌਰਵ ਦਾ ਪੈਰ ਫਸ ਗਿਆ। ਜਿਗਰੀ ਆੜੀ ਸੀ ਆਖਿਰ, ਰਾਜ ਤੋਂ ਤਾਂ ਸਾਇਕਲ ਮੂਹਰੇ ਨਾ ਜਰਿਆ ਜਾਂਦਾ ਉਹ ਡਿੱਗਿਆ, ਇਹ ਤਾਂ ਫਿਰ ਰੇਲਗੱਡੀ ਮੂਹਰੇ ਡਿੱਗ ਗਿਆ। ਅੰਦਰੋਂ ਯਾਰ ਦਾ ਹੌਲ ਉੱਠਿਆ ਤੇ ਦੁਬਾਰਾ ਬ੍ਰਿਜ ਵਿੱਚ ਭੱਜ ਗਿਆ ਆਪਦੇ ਆੜੀ ਨੂੰ ਕੱਢ ਕੇ ਲਿਆਉਣ ਲਈ। ਜਿੰਨਾਂ ਚਿਰ ਆ ਕੇ ਟ੍ਰੇਨ ਨੇ ਰਾਜ ਨੂੰ ਟੱਕਰ ਮਾਰ ਕੇ ਬ੍ਰਿਜ ਦਿਆਂ ਗਾਡਰਾਂ ‘ਚ ਨੀ ਮਾਰਿਆ, ਪਤੰਦਰ ਨੇ ਆਪਦੇ ਯਾਰ ਦਾ ਹੱਥ ਨੀ ਛੱਡਿਆ। ਭੋਰਾ ਭਰ ਜਿੰਦ ਲੋਹੇ ਦਿਆਂ ਗਾਡਰਾਂ ‘ਚ ਵੱਜ ਕੇ ਪੂਰਾ ਮੂਹ ਸਿਰ ਪੜਵਾ ਕੇ ਮਰ ਗਈ ਤੇ ਗੌਰਵ ਦੇ ਫੁੱਲ ਭਰ ਸ਼ਰੀਰ ਦੇ ਉੱਤੋਂ ਦੀ ਰੇਲ ਨੇ ਆਪਣੇ ਪਹੀਏ ਚਲਾ ਦਿੱਤੇ।

ਉਸ ਦਿਨ ਫਰੈਂਡਸ਼ਿਪ ਡੇ ਸੀ। ਇਹਨਾਂ ਜੁਆਕਾਂ ਨੂੰ ਨਹੀਂ ਪਤਾ ਸੀ ਕਿ ਉਹ ਦਿਨ ਕਮਲਿਓ ਅੱਜਕਲ ਸਿਰਫ ਫੇਸਬੁੱਕਾਂ ਤੇ ਹੈਪੀ ਫਰੈਂਡਸ਼ਿਪ ਡੇ ਲਿਖ ਕੇ ਹੀ ਮਨਾਈਦਾ ਹੈ, ਭਾਂਵੇਂ ਤੁਸੀਂ ਅੰਦਰੋਂ ਇੱਕ ਦੂਜੇ ਯਾਰ ਲਈ ਖਾਰ ਹੀ ਕਿਉਂ ਨਾ ਰੱਖਦੇ ਹੋਂਵੋਂ, ਥੋਡੇ ਵਾਂਗੂੰ ਯਾਰੀ ਪਿੱਛੇ ਮਰ ਕੇ ਥੋੜਾ ਯਾਰੀਆਂ ਦਾ ਦਿਨ ਮਨਾਈਦਾ! ਸਿਰਫ ਸ਼ੋਸ਼ਾ ਚੱਲਦਾ ਹੈ ਕਮਲਿਓ ਅੱਜਕਲ੍ਹ, ਪਰ ਉਹ ਤਾਂ ਜੁਆਕ ਸੀ, ਉਹਨਾਂ ਨੂੰ ਕਿਹੜਾ ਸਮਝ ਸੀ, ਨਿਆਣਪੁਣੇ ‘ਚ ਅਸਲੀਆਂ ਯਾਰੀਆਂ ਨਿਭਾ ਗਏ ਝੱਲੇ। ਉਹਨਾਂ ਨੇ ਤਾਂ ਇੱਕ ਦੂਜੇ ਦੀਆਂ ਪੋਸਟਾਂ ਵੀ ਨਹੀਂ ਲਾਈਕ ਕੀਤੀਆਂ ਹੋਣੀਆਂ ਕਦੇ, ਤੇ ਨਾਂ ਹੀ ਸੋਹਣੇ ਸੋਹਣੇ ਕੁਮੈਂਟ ਕੀਤੇ ਹੋਣੇ ਆ ਇੱਕ ਦੂਜੇ ਦੀਆਂ ਪੋਸਟਾਂ ਤੇ ਸਿਰਫ ਯਾਰੀ ਦਿਖਾਉਣ ਲਈ, ਉਹਨਾਂ ਨੂੰ ਤਾਂ ਕਿਸੇ ਕੁੜੀ ਪਿੱਛੇ ਵੀ ਯਾਰ ਨਾਲ ਖਾਰ ਖਾਣੀ ਨਹੀਂ ਆਉਂਦੀ ਸੀ। ਉਹਨਾਂ ਨੂੰ ਤਾਂ ਬੱਸ ਇੰਨਾਂ ਕੁ ਪਤਾ ਸੀ ਕਿ ਇੱਕ ਵਾਰੀ ਆੜੀ ਦਾ ਹੱਥ ਫੜ ਕੇ ਮੁੜ ਛੱਡਣਾ ਨਹੀਂ ਹੁੰਦਾ ਯਾਰੀ ‘ਚ।

ਰਾਜ ਦਾ ਬਾਪ ਦੁਬਈ ‘ਚ ਸੀ। ਦੋ ਦਿਨ ਲੱਗਣੇ ਸੀ ਆਉਣ ਨੂੰ। ਕਈਆਂ ਨੇ ਕਿਹਾ ਗੌਰਵ ਦੇ ਬਾਪ ਨੂੰ ਕਿ ਉਹਦਾ ਸੰਸਕਾਰ ਕਰ ਦਿਉ। ਪਰ ਯਾਰਾਂ ਨੂੰ ਕੌਣ ਅੱਡ ਕਰੇ। ਸ਼ਾਇਦ ਉਹ ਜ਼ਿੱਦ ਕਰ ਰਹੇ ਸੀ ਕਿ ਅਸੀਂ ਦੋਨੋਂ ਆੜੀ ਕੱਠੇ ਹੀ ਜੋਟੀ ਫੜ ਕੇ ਜਾਵਾਂਗੇ ਇੱਥੋਂ ਵੀ। ਤਾਂ ਫਿਰ ਆਖਿਰ ਅੱਜ ਦੋਨਾਂ ਨਿੱਕੇ ਨਿੱਕੇ ਆੜੀਆਂ ਨੂੰ ਇਕੱਠਿਆਂ ਹੀ ਦਾਗ਼ ਲਾਇਆ। ਇੱਕੋ ਵੇਲੇ ਮਾਚਿਸ ਜਲਾ ਕੇ ਸੇਮ ਟਾਈਮ ਨਾਲ ਨਾਲ ਅੱਗ ਲਾਈ ਦੋਨਾਂ ਦੀਆਂ ਲੱਕੜਾਂ ਨੂੰ ਕਿ ਕਿਤੇ ਕੋਈ ਯਾਰ ਰੁੱਸ ਨਾ ਜਾਵੇ ਕਿ ਤੂੰ ਮੇਰੇ ਤੋਂ ਪਹਿਲਾਂ ਚਲਿਆ ਗਿਆ। ਯਾਰੀਆਂ ਦੇ ਇਹੋ ਜਿਹੇ ਪੈਂਡੇ ਮੈਂ ਆਪਦੀ ਜ਼ਿੰਦਗੀ ‘ਚ ਆਪਦੇ ਦਾਦਾ ਜੀ ਤੋਂ ਬਾਅਦ ਦੂਜੀ ਵਾਰੀ ਹੀ ਦੇਖੀ ਹੈ। ਦੋਨਾਂ ਦੀਆਂ ਮਾਵਾਂ ਆਪਦਿਆਂ ਪੁੱਤਾਂ ਦਿਆਂ ਸਿਵਿਆਂ ‘ਚ ਸੜਨ ਨੂੰ ਤਿਆਰ ਸੀ। ਮੈਂ ਉੱਥੇ ਗਲ਼ਾ ਭਰ ਕੇ ਬਹੁਤ ਔਖਾ ਖੜਾ ਸੀ ਤੇ ਹੁਣ ਖੁਦ ਨੂੰ ਰੋਕ ਨਾ ਸਕਿਆ ਇੱਕ ਘੰਟੇ ਤੋਂ ਰੋਣ ਨੂੰ। ਮੈਂ ਉਹਨਾਂ ਮਾਵਾਂ ਲਈ ਕੁਝ ਨਹੀਂ ਕਰ ਸਕਦਾ ਸੀ। ਪਰ ਸ਼ਾਇਦ ਮੈਂ ਇੰਨਾਂ ਕਰ ਸਕਦਾ ਸੀ ਕਿ ਜੇ ਮੇਰੇ ਆਪਦੇ ਦੋ ਪੁੱਤ ਹੁੰਦੇ ਤਾਂ ਅੱਜ ਇਹਨਾਂ ਦੋਂਵਾਂ ਮਾਵਾਂ ਨੂੰ ਆਪਦੇ ਜਿਗਰ ਦੇ ਦੋਵੇਂ ਟੋਟੋ ਤੋੜ ਕੇ ਇੱਕ ਇੱਕ ਦੇ ਦਿੰਦਾ।

About thatta

Comments are closed.

Scroll To Top
error: