ਕਣਕ ਦੀ ਬਿਜਾਈ ਲਈ ਯੋਗ ਤਕਨੀਕ।

12

imagesਕਣਕ ਦੀ ਬਿਜਾਈ ਸ਼ੁਰੂ ਹੈ। ਜਿਨ੍ਹਾਂ ਕਿਸਾਨਾਂ ਨੇ ਝੋਨੇ ਨੂੰ ਆਖਰੀ ਪਾਣੀ ਦੇਰੀ ਨਾਲ ਦਿੱਤਾ, ਉਹ ਕਿਸਾਨ ਉਸੇ ਗਿੱਲ ‘ਚ ਬਿਨਾਂ ਰੌਣੀ ਕੀਤਿਆਂ ਬਿਜਾਈ ਕਰ ਰਹੇ ਹਨ। ਝੋਨਾ ਵੱਢਣ ਪਿੱਛੋਂ ਖੇਤ ਨੂੰ ਤਿਆਰ ਕਰਨ ਲਈ ਡਿਸਕ ਹੈਰੋ ਨਾਲ ਵਾਹ ਕੇ ਕਲਟੀਵੇਟਰ ਕਰਨਾ ਪਵੇਗਾ। ਜੇ ਖੇਤ ਵਿਚ ਗਿੱਲ ਘੱਟ ਹੈ ਤਾਂ ਰੌਣੀ ਲੋੜੀਂਦੀ ਹੈ। ਬਹੁਤੇ ਕਿਸਾਨ ਖੇਤਾਂ ‘ਚ ਪਰਾਲੀ ਨੂੰ ਅੱਗ ਲਾ ਕੇ ਜ਼ਮੀਨ ਨੂੰ ਬਿਜਾਈ ਲਈ ਤਿਆਰ ਕਰ ਰਹੇ ਹਨ ਕਿਉਂਕਿ ਸੀਡ-ਕਮ-ਫਰਟੀਲਾਈਜ਼ਰ ਡਰਿੱਲ ਨਾਲ ਕਣਕ ਬੀਜਣ ਵਾਸਤੇ ਉਨ੍ਹਾਂ ਨੂੰ ਹੋਰ ਕੋਈ ਹੱਲ ਨਹੀਂ ਲੱਭ ਰਿਹਾ। ਖੇਤ ਨੂੰ ਸੀਡ-ਕਮ-ਖਾਦ ਡਰਿਲ ਨਾਲ ਬਿਜਾਈ ਲਈ ਤਿਆਰ ਕਰਨ ਵਾਸਤੇ ਡਿਸਕ ਹੈਰੋ ਤੇ ਕਲਟੀਵੇਟਰ ਨਾਲ ਵਾਹ ਕੇ ਸੁਹਾਗਾ ਮਾਰ ਦੇਣਾ ਚਾਹੀਦਾ ਹੈ। ਸੀਡ-ਕਮ-ਫਰਟੀਲਾਈਜ਼ਰ ਡਰਿਲ ਨਾਲ ਬਿਜਾਈ ਲਈ ਸਿਆੜਾਂ ਵਿਚ 20 ਤੋਂ 22 ਸੈਂਟੀਮੀਟਰ ਦਾ ਫਾਸਲਾ ਹੋਣਾ ਚਾਹੀਦਾ ਹੈ। ਬਿਜਾਈ ਹੈਪੀ ਸੀਡਰ ਨਾਲ ਵੀ ਕੀਤੀ ਜਾ ਸਕਦੀ ਹੈ। ਇਸ ਮਸ਼ੀਨ ਦੀ ਵਰਤੋਂ ਕਰਨ ਲਈ ਖੇਤ ‘ਚ ਪਰਾਲੀ ਇਕਸਾਰ ਵਿਛਾਉਣੀ ਪਵੇਗੀ। ਹੈਪੀ ਸੀਡਰ ਨਾਲ 3.5 ਤੋਂ 5 ਸੈਂਟੀਮੀਟਰ ਡੂੰਘੀ ਕਣਕ ਬੀਜੀ ਜਾਣੀ ਚਾਹੀਦੀ ਹੈ। ਜੇ ਨਦੀਨਾਂ ਦੀ ਸਮੱਸਿਆ ਨਹੀਂ, ਬਿਜਾਈ ਜ਼ੀਰੋ-ਟਿਲ-ਡਰਿਲ ਨਾਲ ਵੀ ਕੀਤੀ ਜਾ ਸਕਦੀ ਹੈ। ਬਿਜਾਈ ਬੈੱਡਾਂ ‘ਤੇ ਵੀ ਕੀਤੀ ਜਾ ਸਕਦੀ ਹੈ ਜਿਸ ਲਈ ਬੈੱਡ ਪਲਾਂਟਰ ਦੀ ਵਰਤੋਂ ਕਰਨੀ ਪਵੇਗੀ।
ਵਧੇਰੇ ਝਾੜ ਦੀ ਪ੍ਰਾਪਤੀ ਲਈ ਬੀਜ ਦੀ ਸਹੀ ਕਿਸਮ ਦੀ ਵਰਤੋਂ ਬਿਜਾਈ ਦੇ ਸਮੇਂ ‘ਤੇ ਆਧਾਰਿਤ ਹੋਣੀ ਚਾਹੀਦੀ ਹੈ। ਇਸ ਹਫ਼ਤੇ ਤੋਂ 25 ਨਵੰਬਰ ਤੱਕ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਐਚ. ਡੀ. 2967 ਕਿਸਮ ਜੋ ਸਭ ਤੋਂ ਵੱਧ ਝਾੜ ਦੇਂਦੀ ਹੈ, ਦੀ ਵਰਤੋਂ ਕਰਨੀ ਚਾਹੀਦੀ ਹੈ। ਭਾਵੇਂ ਉਹ ਇਸ ਸਮੇਂ ਦੌਰਾਨ ਪੀ. ਬੀ. ਡਬਲਿਊ 621, ਪੀ. ਬੀ. ਡਬਲਿਊ 502, ਡਬਲਿਊ. ਐਚ. 542, ਡੀ. ਬੀ. ਡਬਲਿਊ 17 ਕਿਸਮਾਂ ਵੀ ਬੀਜ ਸਕਦੇ ਹਨ। ਕੁਝ ਕਿਸਾਨ ਐਚ. ਡੀ. 2733 ਤੇ ਬਰਬੜ ਕਿਸਮਾਂ ਵੀ ਬੀਜ ਰਹੇ ਹਨ। ਹੁਣ ਇਸ ਸਮੇਂ ਨਾਰਮਲ ਬਿਜਾਈ ਦੌਰਾਨ ਐਚ. ਡੀ. 2967 ਕਿਸਮ ਦਾ ਝਾੜ ਸਭ ਦੂਜੀਆਂ ਕਿਸਮਾਂ ਨਾਲੋਂ ਜ਼ਿਆਦਾ ਆਉਣ ਦੀ ਸੰਭਾਵਨਾ ਹੈ। ਬੀਜ ਦੀ ਮਾਤਰਾ ਕਿਸਮ ਦੇ ਅਨੁਸਾਰ ਹੀ ਹੋਣੀ ਚਾਹੀਦੀ ਹੈ। ਇਨ੍ਹਾਂ ਸਮੇਂ ਸਿਰ ਬੀਜਣ ਵਾਲੀਆਂ ਕਿਸਮਾਂ ਦਾ ਬੀਜ 40 ਕਿਲੋ ਪ੍ਰਤੀ ਏਕੜ ਪਾਉਣਾ ਉਚਿਤ ਹੋਵੇਗਾ। ਪੀ.ਬੀ.ਡਬਲਿਊ 550 ਕਿਸਮ (ਜਿਸਦੀ ਬਿਜਾਈ 15 ਨਵੰਬਰ ਤੋਂ ਬਾਅਦ ਕਰਨੀ ਚਾਹੀਦੀ ਹੈ) ਦਾ ਬੀਜ 45 ਕਿਲੋ ਪ੍ਰਤੀ ਏਕੜ ਪਾਉਣਾ ਚਾਹੀਦਾ ਹੈ। ਡਬਲਿਊ.ਐਚ. 542 ਦੇ ਬੀਜ ਦੀ ਮਾਤਰਾ 35 ਕਿਲੋ ਪ੍ਰਤੀ ਏਕੜ ਸਿਫ਼ਾਰਿਸ਼ ਹੈ। ਕਿਸਾਨਾਂ ਨੂੰ ਬੀਜ ਪ੍ਰਮਾਣਿਤ ਏਜੰਸੀਆਂ ਤੋਂ ਲੈਣਾ ਚਾਹੀਦਾ ਹੈ। ਫਾਊਂਡੇਸ਼ਨ ਬੀਜ ਸਭ ਤੋਂ ਉੱਚਿਤ ਹੈ। ਜੇ ਇਹ ਉਪਲੱਬਧ ਨਾ ਹੋਵੇ ਤਾਂ ਤਸਦੀਕਸ਼ੁਦਾ ਬੀਜ ਵਰਤ ਲੈਣਾ ਚਾਹੀਦਾ ਹੈ। ਟੀ. ਐਲ. ਕਿਸਮ ਦਾ ਬੀਜ ਤਾਂ ਵਿਸ਼ੇਸ਼ ਕਰਕੇ ਭਰੋਸੇਯੋਗ ਥਾਵਾਂ ਤੋਂ ਹੀ ਖਰੀਦਣਾ ਚਾਹੀਦਾ ਹੈ। ਵਧੇਰੇ ਝਾੜ ਲੈਣ ਲਈ ਸ਼ੁੱਧ ਬੀਜ ਦੀ ਬੜੀ ਮਹੱਤਤਾ ਹੈ। ਬੀਜ ਤਰਜੀਹਨ ਰੈਕਸਿਲ ਜਾਂ ਵੀਟਾਵੈਕਸ ਦਵਾਈ ਨਾਲ ਸੋਧ ਕੇ ਹੀ ਬੀਜੋ। ਜੇ ਬੀਜ ਪ੍ਰਮਾਣਿਤ ਏਜੰਸੀ ਵੱਲੋਂ ਸੋਧਿਆ ਗਿਆ ਹੈ ਤਾਂ ਕਿਸਾਨਾਂ ਨੂੰ ਦੁਬਾਰਾ ਸੋਧਣ ਦੀ ਕੋਈ ਲੋੜ ਨਹੀਂ। ਜੇ ਬਿਜਾਈ ਸਿਉਂਕ ਵਾਲੀ ਜ਼ਮੀਨ ‘ਚ ਕਰਨੀ ਹੈ ਤਾਂ ਕਲੋਰੋਪਾਈਰੋਫਾਸ ਦੀ ਵਰਤੋਂ ਕਰੋ।
ਯੋਗ ਸਿੰਜਾਈ ਪ੍ਰਬੰਧ ਅਤੇ ਪਾਣੀ ਦੀ ਵਰਤੋਂ ਘਟਾਉਣ ਲਈ ਕਿਆਰੇ ਛੋਟੇ ਪਾਉਣੇ ਚਾਹੀਦੇ ਹਨ। ਹਲਕੀਆਂ ਜ਼ਮੀਨਾਂ ਵਿਚ ਕਿਆਰਿਆਂ ਦੀ ਗਿਣਤੀ 16 ਪ੍ਰਤੀ ਏਕੜ ਅਤੇ ਦਰਮਿਆਨੀਆਂ ਤੇ ਭਾਰੀਆਂ ਜ਼ਮੀਨਾਂ ਵਿਚ ਇਹ ਗਿਣਤੀ 8 ਪ੍ਰਤੀ ਏਕੜ ਕੀਤੀ ਜਾ ਸਕਦੀ ਹੈ। ਬਿਜਾਈ ਤੋਂ ਬਾਅਦ ਪਹਿਲਾ ਪਾਣੀ ਹਲਕਾ ਜਿਹਾ ਲਾਉਣਾ ਚਾਹੀਦਾ ਹੈ। ਜੋ ਕਿਸਾਨ ਅੱਜਕਲ੍ਹ ਕਣਕ ਬੀਜ ਰਹੇ ਹਨ, ਉਹ ਪਹਿਲਾ ਪਾਣੀ ਤਿੰਨ ਹਫ਼ਤਿਆਂ ਬਾਅਦ ਲਾਉਣ, 10 ਨਵੰਬਰ ਤੋਂ ਬਾਅਦ ਬੀਜੀ ਕਣਕ ਨੂੰ ਥੋੜ੍ਹਾ ਜਿਹਾ ਵਕਫ਼ਾ ਵਧਾਇਆ ਜਾ ਸਕਦਾ ਹੈ। ਅੱਜਕਲ੍ਹ ਸਮੇਂ ਸਿਰ ਬੀਜੀ ਜਾ ਰਹੀ ਕਣਕ ਨੂੰ ਮਾਰਚ ਦੇ ਅੰਤ ਤੱਕ ਪਾਣੀ ਲਾਉਣ ਦੀ ਲੋੜ ਹੈ ਤਾਂ ਜੋ ਉਸ ਵੇਲੇ ਵਧੇ ਤਾਪਮਾਨ ਦਾ ਅਸਰ ਘਟਾਇਆ ਜਾ ਸਕੇ। ਕਣਕ ਦੇ ਠੀਕ ਫੁਟਾਰੇ ਲਈ ਹੁਣ ਬਿਜਾਈ ਵੇਲੇ ਅਤੇ ਇਸ ਤੋਂ ਬਾਅਦ ਠੰਢ ਦੀ ਲੋੜ ਹੈ। ਜੇ ਖੇਤ ਦੀ ਗਿੱਲ ਨਾ ਜਾਂਦੀ ਹੋਵੇ ਤਾਂ ਕਿਸਾਨ 5 ਨਵੰਬਰ ਤੋਂ ਪਹਿਲਾਂ ਬਿਜਾਈ ਕਰਨ ਦੀ ਕਾਹਲੀ ਨਾ ਕਰਨ।
ਖਾਦਾਂ ਦੀ ਵਰਤੋਂ ਜ਼ਮੀਨ ਦੀ ਪਰਖ ਦੇ ਆਧਾਰ ‘ਤੇ ਕਰਨੀ ਚਾਹੀਦੀ ਹੈ। ਨਾਈਟਰੋਜਨ 35 ਕਿਲੋ ਯੂਰੀਆ ਪਾ ਕੇ, 55 ਕਿਲੋ ਡੀ. ਏ. ਪੀ. ਅਤੇ 20 ਕਿਲੋ ਮਿਊਰੇਟ ਆਫ਼ ਪੋਟਾਸ਼ ਪ੍ਰਤੀ ਏਕੜ ਨਾਲ ਬਿਜਾਈ ਵੇਲੇ ਹੀ ਪਾ ਦੇਣਾ ਚਾਹੀਦਾ ਹੈ। ਫਿਰ 55 ਕਿਲੋ ਯੂਰੀਆ ਪਹਿਲੇ ਪਾਣੀ ਨਾਲ ਦੇ ਦੇਣਾ ਚਾਹੀਦਾ ਹੈ। ਜੇ ਕਣਕ ਵਿਚ ਲਘੂ ਤੱਤਾਂ ਦੀ ਘਾਟ ਵੇਖੀ ਜਾਵੇ ਤਾਂ ਸਿਫ਼ਾਰਿਸ਼ਾਂ ਅਨੁਸਾਰ ਇਸਨੂੰ ਪੂਰਾ ਕਰਨਾ ਚਾਹੀਦਾ ਹੈ। ਜਿਨ੍ਹਾਂ ਜ਼ਮੀਨਾਂ ਵਿਚ ਗੰਧਕ ਦੀ ਘਾਟ ਹੈ, ਉਨ੍ਹਾਂ ਵਿਚ 100 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਪਸਮ ਪਾ ਦੇਣ ਦੀ ਲੋੜ ਹੈ। ਜੇ ਝੋਨੇ ਦੀ ਫ਼ਸਲ ਨੂੰ ਜਿੰਕ ਸਲਫੇਟ ਨਹੀਂ ਪਾਇਆ ਤਾਂ ਕਣਕ ਨੂੰ 25 ਕਿਲੋ ਜਿੰਕ ਸਲਫੇਟ 21 ਫ਼ੀਸਦੀ ਜਾਂ 16 ਕਿਲੋ 33 ਫ਼ੀਸਦੀ ਜ਼ਿੰਕ ਸਲਫੇਟ ਪਾਉਣ ਦੀ ਲੋੜ ਹੈ।
ਵਧੇਰੇ ਝਾੜ ਲੈਣ ਲਈ ਬਿਜਾਈ ਦੀ ਯੋਗ ਤਕਨੀਕ, ਸਮੇਂ ਅਨੁਸਾਰ ਬੀਜ ਦੀ ਕਿਸਮ ਦੀ ਚੋਣ, ਬੀਜ ਅਤੇ ਖਾਦ ਦੀ ਸਿਫਾਰਸ਼ਸ਼ੁਦਾ ਮਾਤਰਾ ਅਤੇ ਬੀਜ ਦੀ ਸ਼ੁੱਧਤਾ ਤੇ ਸਿੰਜਾਈ ਦੇ ਯੋਗ ਢੰਗ ਵਰਤਣ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਪੰਜਾਬ ‘ਚ ਹਾੜ੍ਹੀ ਦੀ ਕਣਕ ਹੀ ਮੁੱਖ ਫ਼ਸਲ ਹੈ। ਇਸੇ ਉੱਤੇ ਰਾਜ ਤੇ ਕਿਸਾਨ ਦੀ ਆਰਥਿਕਤਾ ਆਧਾਰਿਤ ਹੈ। ਇਸ ਹਾੜ੍ਹੀ ‘ਚ 35.5 ਲੱਖ ਹੈਕਟੇਅਰ ਰਕਬੇ ‘ਤੇ ਕਣਕ ਦੇ ਬੀਜੇ ਜਾਣ ਦੀ ਸੰਭਾਵਨਾ ਹੈ। ਭਾਵੇਂ ਵੱਡੇ ਵੱਡੇ ਕਿਸਾਨ ਵਿਭਿੰਨਤਾ ਲਈ ਹੋਰ ਬਦਲਵੀਆਂ ਫ਼ਸਲਾਂ ਜੋ ਵਧੇਰੇ ਆਮਦਨ ਦੇਣ, ਲੱਭ ਰਹੇ ਹਨ ਪਰ ਛੋਟੇ ਤੇ ਸੀਮਿਤ ਕਿਸਾਨਾਂ ਦਾ ਆਧਾਰ ਤਾਂ ਹਾੜ੍ਹੀ ਦੇ ਮੌਸਮ ‘ਚ ਕਣਕ ਦੀ ਫ਼ਸਲ ‘ਤੇ ਹੀ ਹੈ। ਇਸੇ ਫ਼ਸਲ ਦਾ ਉਨ੍ਹਾਂ ਨੂੰ ਤਜਰਬਾ ਹੈ ਅਤੇ ਇਸ ਨੂੰ ਬੀਜਣ ਦੇ ਹੀ ਉਨ੍ਹਾਂ ਕੋਲ਼ ਸਾਧਨ ਹਨ। ਕਣਕ ਦੀ ਥਾਂ ਹੋਰ ਕਿਸੇ ਫ਼ਸਲ ਨੂੰ ਚੁਣ ਕੇ ਉਹ ਜੋਖ਼ਮ ਨਹੀਂ ਲੈ ਸਕਦੇ। ਅਗਾਂਹਵਧੂ ਤੇ ਬੀਜ ਦਾ ਵਪਾਰ ਕਰਨ ਵਾਲੇ ਕਿਸਾਨ ਹਰਿਆਣਾ ਖੇਤੀ ‘ਵਰਸਿਟੀ ਵੱਲੋਂ ਵਿਕਸਿਤ ਡਬਲਿਊ. ਐਚ. 1105 ਅਤੇ ਭਾਰਤੀ ਖੇਤੀ ਖੋਜ ਸੰਸਥਾ ਵੱਲੋਂ ਵਿਕਸਿਤ ਐਚ. ਡੀ. 3086 ਕਿਸਮਾਂ ਦੇ ਬੀਜ ਦੀ ਭਾਲ ‘ਚ ਫਿਰ ਰਹੇ ਹਨ ਅਤੇ ਨਿੱਜੀ ਖੇਤਰਾਂ ਤੋਂ ਮਹਿੰਗੇ ਭਾਅ ਇਨ੍ਹਾਂ ਕਿਸਮਾਂ ਦਾ ਬੀਜ ਖਰੀਦ ਰਹੇ ਹਨ। ਨਿੱਜੀ ਖੇਤਰ ਦੇ ਬੀਜਾਂ ਦੇ ਡੀਲਰਾਂ ਰਾਹੀਂ ਖਰੀਦੇ ਇਨ੍ਹਾਂ ਨਵੀਆਂ ਕਿਸਮਾਂ ਦੇ ਬੀਜਾਂ ਦੀ ਸ਼ੁੱਧਤਾ ਦੀ ਤਸੱਲੀ ਕਰ ਲੈਣ ਦੀ ਲੋੜ ਹੈ। ਸ਼ੁੱਧ ਬੀਜ ਲਈ ਕਿਸਾਨਾਂ ਨੂੰ ਇਨ੍ਹਾਂ ਕਿਸਮਾਂ ਦੀ ਕਾਸ਼ਤ ਕਰਨ ਲਈ ਅਗਲੇ ਸਾਲ ਤੱਕ ਇੰਤਜ਼ਾਰ ਕਰ ਲੈਣਾ ਬਿਹਤਰ ਹੋਵੇਗਾ।

ਭਗਵਾਨ ਦਾਸ
ਮੋਬਾ: 98152-36307
(source Ajit)