ਐਸ.ਐਸ.ਪੀ. ਬਰਾੜ ਦੇ ਤਬਾਦਲੇ ਕਾਰਨ ਜ਼ਿਲ੍ਹੇ ਦੇ ਲੋਕਾਂ ‘ਚ ਭਾਰੀ ਰੋਸ *

15

ਪੰਜਾਬ ਸਰਕਾਰ ਵੱਲੋਂ ਐਸ.ਐਸ.ਪੀ. ਕਪੂਰਥਲਾ ਸ: ਰਵਚਰਨ ਸਿੰਘ ਬਰਾੜ ਦਾ ਤਬਾਦਲਾ ਐਸ.ਐਸ.ਪੀ. ਖੰਨਾ ਵਜੋਂ ਕੀਤੇ ਜਾਣ ਕਾਰਨ ਜ਼ਿਲ੍ਹੇ ਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇੱਥੇ ਵਰਣਨਯੋਗ ਹੈ ਕਿ ਆਪਣੇ 28 ਦਿਨ ਦੇ ਬਹੁਤ ਹੀ ਥੋੜੇ ਕਾਰਜਕਾਲ ਦੌਰਾਨ ਸ: ਰਵਚਰਨ ਸਿੰਘ ਬਰਾੜ ਨੇ ਨਸ਼ਿਆਂ ਦੇ ਸੌਦਾਗਰਾਂ, ਗੁੰਡਾਗਰਦੀ ਤੇ ਸਮਾਜ ਵਿਰੋਧੀ ਅਨਸਰਾਂ ਦੇ ਨੱਕ ਵਿਚ ਦਮ ਕਰ ਦਿੱਤਾ ਸੀ ਤੇ ਉਨ੍ਹਾਂ ਵੱਲੋਂ ਨਸ਼ਿਆਂ ਦੀ ਤਸਕਰੀ ਨੂੰ ਠੱਲ ਪਾਉਣ ਲਈ ਕੀਤੀ ਗਈ ਯੋਜਨਾਬੰਦੀ ਕਾਰਨ ਕਪੂਰਥਲਾ ਸ਼ਹਿਰ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਨਸ਼ਿਆਂ ਤੇ ਹੋਰ ਗੈਰ ਕਾਨੂੰਨੀ ਧੰਦਿਆਂ ‘ਤੇ ਰੋਕ ਲੱਗ ਗਈ ਸੀ। ਸ਼ਹਿਰ ਦੇ ਇਲਾਕੇ ਵਿਚ ਹੁੰਦੀਆਂ ਲੁੱਟ ਖੋਹ ਤੇ ਚੋਰੀ ਦੀਆਂ ਵਾਰਦਾਤਾਂ ਰੋਕਣ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ। ਐਸ.ਐਸ.ਪੀ. ਨੇ ਪੁਲਿਸ ਦੀ ਕਾਰਗੁਜ਼ਾਰੀ ਨੂੰ ਸੁਧਾਰ ਦਾ ਯਤਨ ਵੀ ਕੀਤਾ। ਪਿੰਡ ਠੱਟਾ ਨਵਾਂ, ਠੱਟਾ ਪੁਰਾਣਾ, ਟੋਡਰਵਾਲ, ਦਰੀਏਵਾਲ, ਸਾਬੂਵਾਲ, ਬੂਲਪੁਰ, ਅਮਰਕੋਟ, ਟਿੱਬਾ, ਸੈਦਪੁਰ, ਦੰਦੂਪੁਰ, ਕਾਲੂਭਾਟੀਆ, ਸੂਜੋਕਾਲੀਆ, ਮੰਗੂਪੁਰ, ਤਲਵੰਡੀ ਚੌਧਰੀਆਂ ਦੇ ਪਤਵੰਤੇ ਸੱਜਣਾਂ ਨੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਤੋਂ ਮੰਗ ਕੀਤੀ ਕਿ ਸ: ਰਵਚਰਨ ਸਿੰਘ ਬਰਾੜ ਦੀ ਅਗਵਾਈ ਵਿਚ ਕਪੂਰਥਲਾ ਜ਼ਿਲ੍ਹੇ ਵਿਚ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਦੇ ਸਾਰਥਕ ਨਤੀਜਿਆਂ ਨੂੰ ਮੁੱਖ ਰੱਖਦਿਆਂ ਸ: ਬਰਾੜ ਦਾ ਤਬਾਦਲਾ ਰੱਦ ਕੀਤਾ ਜਾਵੇ।