ਐਤਵਾਰ 16 ਨਵੰਬਰ 2014 (ਮੁਤਾਬਿਕ 1 ਮੱਘਰ ਸੰਮਤ 546 ਨਾਨਕਸ਼ਾਹੀ)

11

11
ਧਨਾਸਰੀ ਮਹਲਾ ੫ ॥ ਜਿਸ ਕਉ ਬਿਸਰੈ ਪ੍ਰਾਨਪਤਿ ਦਾਤਾ ਸੋਈ ਗਨਹੁ ਅਭਾਗਾ ॥ ਚਰਨ ਕਮਲ ਜਾ ਕਾ ਮਨੁ ਰਾਗਿਓ ਅਮਿਅ ਸਰੋਵਰ ਪਾਗਾ ॥੧॥ ਤੇਰਾ ਜਨੁ ਰਾਮ ਨਾਮ ਰੰਗਿ ਜਾਗਾ ॥ ਆਲਸੁ ਛੀਜਿ ਗਇਆ ਸਭੁ ਤਨ ਤੇ ਪ੍ਰੀਤਮ ਸਿਉ ਮਨੁ ਲਾਗਾ ॥ ਰਹਾਉ ॥ ਜਹ ਜਹ ਪੇਖਉ ਤਹ ਨਾਰਾਇਣ ਸਗਲ ਘਟਾ ਮਹਿ ਤਾਗਾ ॥ ਨਾਮ ਉਦਕੁ ਪੀਵਤ ਜਨ ਨਾਨਕ ਤਿਆਗੇ ਸਭਿ ਅਨੁਰਾਗਾ ॥੨॥੧੬॥੪੭॥ {ਪਾਵਨ ਅੰਗ 682}
ਪਦਅਰਥ: ਜਿਸ ਕਉ—(ਲਫ਼ਜ਼ ‘ਜਿਸੁ’ ਦਾ ੁ ਸੰਬੰਧਕ ‘ਕਉ’ ਦੇ ਕਾਰਨ ਉੱਡ ਗਿਆ ਹੈ)। ਪ੍ਰਾਨ ਪਤਿ—ਜਿੰਦ ਦਾ ਮਾਲਕ। ਗਨਹੁ—ਜਾਣੋ, ਸਮਝੋ। ਅਭਾਗਾ—ਭਾਗ—ਹੀਣ, ਬਦ—ਕਿਸਮਤ। ਰਾਗਿਓ—ਪ੍ਰੇਮੀ ਹੋ ਗਿਆ। ਪਾਗਾ—ਪ੍ਰਾਪਤ ਕੀਤਾ।੧।
ਜਨੁ—ਦਾਸ। ਰੰਗਿ—ਪ੍ਰੇਮ ਵਿਚ। ਜਾਗਾ—ਸੁਚੇਤ ਰਹਿੰਦਾ ਹੈ। ਛੀਜਿ ਗਇਆ—ਮੁੱਕ ਗਿਆ।ਰਹਾਉ।
ਜਹ ਜਹ—ਜਿੱਥੇ ਜਿੱਥੇ। ਪੇਖਉ—ਪੇਖਉਂ, ਮੈਂ ਵੇਖਦਾ ਹਾਂ। ਤਹ—ਉੱਥੇ। ਘਟਾ ਮਹਿ—ਸਰੀਰਾਂ ਵਿਚ। ਤਾਗਾ—ਧਾਗਾ (ਜਿਵੇਂ ਮਣਕਿਆਂ ਵਿਚ ਧਾਗਾ ਪ੍ਰੋਇਆ ਹੁੰਦਾ ਹੈ)। ਉਦਕੁ—ਪਾਣੀ, ਜਲ। ਪੀਵਤ—ਪੀਂਦਿਆਂ। ਸਭਿ—(ਹੋਰ) ਸਾਰੇ। ਅਨੁਰਾਗਾ—ਪਿਆਰ।੨।
ਅਰਥ: ਹੇ ਪ੍ਰਭੂ! ਤੇਰਾ ਸੇਵਕ ਤੇਰੇ ਨਾਮ-ਰੰਗ ਵਿਚ ਟਿਕ ਕੇ (ਮਾਇਆ ਦੇ ਮੋਹ ਵਲੋਂ ਸਦਾ) ਸੁਚੇਤ ਰਹਿੰਦਾ ਹੈ। ਉਸ ਦੇ ਸਰੀਰ ਵਿਚੋਂ ਸਾਰਾ ਆਲਸ ਮੁੱਕ ਜਾਂਦਾ ਹੈ, ਉਸ ਦਾ ਮਨ, (ਹੇ ਭਾਈ!) ਪ੍ਰੀਤਮ-ਪ੍ਰਭੂ ਨਾਲ ਜੁੜਿਆ ਰਹਿੰਦਾ ਹੈ।ਰਹਾਉ।
ਹੇ ਭਾਈ! ਉਸ ਮਨੁੱਖ ਨੂੰ ਬਦ-ਕਿਸਮਤ ਸਮਝੋ, ਜਿਸ ਨੂੰ ਜਿੰਦ ਦਾ ਮਾਲਕ-ਪ੍ਰਭੂ ਵਿਸਰ ਜਾਂਦਾ ਹੈ। ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਕੋਮਲ ਚਰਨਾਂ ਦਾ ਪ੍ਰੇਮੀ ਹੋ ਜਾਂਦਾ ਹੈ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ ਸਰੋਵਰ ਲੱਭ ਲੈਂਦਾ ਹੈ।੧।
ਹੇ ਭਾਈ! (ਉਸ ਦੇ ਸਿਮਰਨ ਦੀ ਬਰਕਤਿ ਨਾਲ) ਮੈਂ (ਭੀ) ਜਿਧਰ ਜਿਧਰ ਵੇਖਦਾ ਹਾਂ, ਉਥੇ ਉਥੇ ਪਰਮਾਤਮਾ ਹੀ ਸਾਰੇ ਸਰੀਰਾਂ ਵਿਚ ਮੌਜੂਦ ਦਿੱਸਦਾ ਹੈ ਜਿਵੇਂ ਧਾਗਾ (ਸਾਰੇ ਮਣਕਿਆਂ ਵਿਚ ਪ੍ਰੋਇਆ ਹੁੰਦਾ ਹੈ)। ਹੇ ਨਾਨਕ! ਪ੍ਰਭੂ ਦੇ ਦਾਸ ਉਸ ਦਾ ਨਾਮ-ਜਲ ਪੀਂਦਿਆਂ ਹੀ ਹੋਰ ਸਾਰੇ ਮੋਹ-ਪਿਆਰ ਛੱਡ ਦੇਂਦੇ ਹਨ।੨।੧੯।੪੭।