Home / ਹੈਡਲਾਈਨਜ਼ ਪੰਜਾਬ / ਆਖਰ ਕਿਸੇ ਨੇ ਤਾਂ ਚੁੱਕੀ ਆਵਾਜ਼: ਮਾਮਲਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਰਸਤੇ ‘ਤੇ ਟੋਲ ਟੈਕਸ ਦਾ

ਆਖਰ ਕਿਸੇ ਨੇ ਤਾਂ ਚੁੱਕੀ ਆਵਾਜ਼: ਮਾਮਲਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਰਸਤੇ ‘ਤੇ ਟੋਲ ਟੈਕਸ ਦਾ

28 ਮਈ ਪੰਜਾਬ ਅੰਦਰ ਵਿਛਾਏ ਗਏ ਸੜਕਾਂ ਦੇ ਜਾਲ ਨਾਲ ਚਾਹੇ ਸੜਕੀ ਆਵਾਜਾਈ ਦੀ ਰਫ਼ਤਾਰ ਤੇਜ਼ ਹੋਈ ਹੈ , ਜਿਸ ਨਾਲ ਰਾਜ ਦੇ ਮਹਾਨਗਰ ਪਹਿਲਾਂ ਨਾਲੋਂ ਨੇੜੇ ਪ੍ਰਤੀਤ ਹੋਣ ਲੱਗੇ ਹਨ ਪਰ ਉਥੇ ਨਾਲ ਹੀ ਇਹ ਕੌਮੀ ਰਾਜ ਮਾਰਗ ਪ੍ਰਾਈਵੇਟ ਅਦਾਰਿਆਂ ਹੱਥ ਸੌਂਪ ਦੇਣ ਬਾਅਦ ਲਗਾਏ ਗਏ ਟੋਲ ਟੈਕਸ ਭਰਨ ਤੋਂ ਆਮ ਜਨਤਾ ਤੰਗੀ ਮਹਿਸੂਸ ਕਰਨ ਲੱਗੀ ਹੈ । ਇਹ ਟੋਲ ਟੈਕਸ ਨਿਯਮਾਂ ਤੋਂ ਬਾਹਰ ਜਾ ਕੇ ਵਸੂਲਣ ਅਤੇ ਟੋਲ ਟੈਕਸ ਉੱਪਰ ਤੈਅ ਸਮਾਂ ਸੀਮਾ ਤੋਂ ਬਾਅਦ ਸਮਾਂ ਰੋਕਣ ਦੇ ਮੁੱਦੇ ਤੇ ਜਿਥੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਇੱਕ ਵਾਰ ਲਾਈਵ ਹੋ ਕੇ ਟੋਲ ਟੈਕਸ ਕੰਪਨੀ ਦੀ ਪੋਲ ਖੋਲ੍ਹੀ ਸੀ , ਉਸ ਤਰ੍ਹਾਂ ਹੀ ਹੁਣ ਇਤਿਹਾਸਕ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਥਿਤ ਹਰਿਮੰਦਰ ਸਾਹਿਬ ਦਰਸ਼ਨਾ ਲਈ ਜਾਂਦੇ ਸ਼ਰਧਾਲੂਆਂ ਨੂੰ ਭਰਨੇ ਪੈਂਦੇ ਟੈਕਸ ਸਬੰਧੀ ਯੂਥ ਕਾਂਗਰਸ ਆਗੂ ਗੁਰਭੇਜ ਸਿੰਘ ਟਿੱਬੀ ਨੇ ਇਸ ਨੂੰ ਜਨਤਾ ਸ਼ਰਧਾਲੂਆਂ ਉੱਪਰ ਜਬਰੀ ਥੋਪਿਆ ਭਾਰੀ ਟੈਕਸ ਕਰਾਰ ਦਿੱਤਾ ਹੈ । ਇਸ ਲਈ ਯੂਥ ਕਾਂਗਰਸ ਆਗੂ ਨੇ ਜਿੱਥੇ ਸੁਖਬੀਰ ਸਿੰਘ ਬਾਦਲ ਨੂੰ ਆੜੇ ਹੱਥ ਲੈਂਦਿਆਂ ਇਸ ਸੜਕਾਂ ਬਣਾਉਣ ਦੇ ਕੰਮ ਨੂੰ ਜਨਤਾ ਉਪਰ ਟੈਕਸ ਦਾ ਬੰਬ ਗਿਰਾਉਣ ਦੇ ਤੁਲ ਦੱਸਿਆ ਹੈ , ਉੱਥੇ ਨਾਲ ਹੀ ਇਨ੍ਹਾਂ ਕੌਮੀ ਸੜਕਾਂ ਦੇ ਨਾਲ ਸਥਾਨਕ ਪੱਧਰ ਤੇ ਛੋਟੀਆਂ ਸੜਕਾਂ ਬਣਾਉਣ ਦੀ ਮੰਗ ਵੀ ਰੱਖੀ ਹੈ । ਇੰਡੀਅਨ ਨੈਸ਼ਨਲ ਕਾਂਗਰਸ ਦੇ ਕੌਮੀ ਸਕੱਤਰ ਗੁਰਭੇਜ ਸਿੰਘ ਟਿੱਬੀ ਅਨੁਸਾਰ ਲੰਗਰ ‘ਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਾਏ ਗਏ ਜੀ. ਐੱਸ. ਟੀ. ਨੂੰ ਹਟਾਉਣ ਲਈ ਭਾਵੇਂ ਪੰਜਾਬ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਜ਼ੋਰ-ਅਜ਼ਮਾਈ ਕਰ ਰਹੀਆਂ ਹਨ ਪਰ ਕਿਸੇ ਦੀ ਵੀ ਪ੍ਰਵਾਹ ਕੀਤੇ ਬਿਨਾਂ ਕੇਂਦਰ ਸਰਕਾਰ ਨੇ ਮਾਲਵੇ ਅਤੇ ਮਾਝੇ ਦੇ ਕੁਝ ਹਿੱਸੇ ਨੂੰ ਇਕ ਹੋਰ ਝਟਕਾ ਦਿੱਤਾ ਹੈ। ਹੁਣ ਮਾਲਵੇ ਸਮੇਤ ਰਾਜਸਥਾਨ ਅਤੇ ਹੋਰ ਇਧਰ ਦੇ ਰਾਜਾਂ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਤੋਂ ਪਹਿਲਾਂ 400 ਰੁਪਏ ਟੋਲ ਟੈਕਸ ਵਜੋਂ ਦੇਣਾ ਪਵੇਗਾ । ਨੈਸ਼ਨਲ ਹਾਈਵੇ ਨੰਬਰ 54, ਜੋ ਬਠਿੰਡਾ ਤੋਂ ਅੰਮ੍ਰਿਤਸਰ ਵੱਲ ਜਾਂਦਾ ਹੈ ਅਤੇ ਇਸ ‘ਤੇ ਰੋਜ਼ਾਨਾ ਲੱਖਾਂ ਸੰਗਤਾਂ ਦਰਬਾਰ ਸਾਹਿਬ ਜਾਂਦੀਆਂ ਹਨ । ਹੁਣ ਮਾਲਵਾ ਖੇਤਰ ਤੋਂ ਸ੍ਰੀ ਅੰਮ੍ਰਿਤਸਰ ਜਾਣ ਵਾਲੇ ਸ਼ਰਧਾਲੂਆਂ ਨੂੰ ਤਿੰਨ ਅਤੇ ਰਾਜਸਥਾਨ ਵਾਲੇ ਇਸ ਤੋਂ ਵੱਧ ਟੋਲ ਪਲਾਜ਼ਿਆਂ ਤੋਂ ਲੰਘਣਗੇ । ਜਿਸ ਬਦਲੇ 24 ਘੰਟਿਆਂ ਲਈ ਇਕ ਵਾਹਨ ਨੂੰ ਆਉਣ ਲਈ 400 ਰੁਪਏ ਜਾਂ ਇਸ ਤੋਂ ਵੀ ਵੱਧ ਅਦਾ ਕਰਨੇ ਪੈਣਗੇ।


ਜਾਣਕਾਰੀ ਅਨੁਸਾਰ ਟੋਲ ਪਲਾਜ਼ੇ ਲੱਗਣ ਤੋਂ ਪਹਿਲਾਂ ਟੋਲ ਪਲਾਜ਼ੇ ਵਾਲੀਆਂ ਥਾਵਾਂ ਦੇ ਬਾਕਾਇਦਾ ਸਰਵੇਖਣ ਹੋਏ ਸਨ ਅਤੇ ਟੋਲ ਪਲਾਜ਼ੇ ਇਸ ਤਰ੍ਹਾਂ ਸਥਾਪਤ ਕੀਤੇ ਗਏ ਹਨ ਕਿ ਬਠਿੰਡਾ, ਜੈਤੋ, ਕੋਟਕਪੂਰਾ, ਸ੍ਰੀ ਮੁਕਤਸਰ ਸਾਹਿਬ, ਮੁੱਦਕੀ, ਤਲਵੰਡੀ ਭਾਈ, ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ ਸਮੇਤ ਰਾਜਸਥਾਨ ਵਾਲੇ ਪਾਸਿਓਂ ਆਉਣ ਵਾਲੀਆਂ ਸੰਗਤਾਂ ਨੈਸ਼ਨਲ ਹਾਈਵੇ-54 ਤੋਂ ਹੀ ਗੁਜ਼ਰਨ। ਟੋਲ ਪਲਾਜ਼ਾ ਚਲਾ ਰਹੀਆਂ ਕੰਪਨੀਆਂ ਹਾਈਵੇ ‘ਤੇ ਵਾਹਨਾਂ ਦੀ ਗਿਣਤੀ ਤੋਂ ਪੂਰੀ ਤਰ੍ਹਾਂ ਖੁਸ਼ ਹਨ ਪਰ ਸੰਗਤਾਂ ਨੂੰ ਟੋਲ ਪਲਾਜ਼ਿਆਂ ਨੇ ਕਾਫ਼ੀ ਪ੍ਰੇਸ਼ਾਨ ਕਰ ਦਿੱਤਾ ਹੈ। ਇਨ੍ਹਾਂ ਟੋਲ ਪਲਾਜ਼ਿਆਂ ਨੂੰ ਸ਼ੁਰੂ ਹੋਇਆਂ 10 ਦਿਨ ਹੀ ਬੀਤੇ ਹਨ ਪਰ ਸੰਗਤਾਂ ਵੱਲੋਂ ਵਿਰੋਧ ਵਿਚ ਆਵਾਜ਼ਾਂ ਉਠਣੀਆਂ ਸ਼ੁਰੂ ਹੋ ਗਈਆਂ ਹਨ। ਕੌਮੀ ਮਾਰਗ ਨੰਬਰ 54 ‘ਤੇ ਤਿੰਨ ਟੋਲ ਪਲਾਜ਼ੇ ਸਥਾਪਤ ਹੋਣ ਤੋਂ ਬਾਅਦ ਨਿੱਜੀ ਟਰਾਂਸਪੋਰਟ ਕੰਪਨੀਆਂ ਦੀ ਵੀ ਚਾਂਦੀ ਹੋ ਗਈ ਹੈ। ਪੈਟਰੋਲ ਦੇ ਵੱਧ ਰਹੇ ਭਾਅ ਅਤੇ ਸੜਕਾਂ ‘ਤੇ ਟੋਲ ਪਲਾਜ਼ਿਆਂ ਦੇ ਵਿਛੇ ਜਾਲ ਤੋਂ ਪ੍ਰੇਸ਼ਾਨ ਬਹੁਤੇ ਲੋਕਾਂ ਨੇ ਨਿੱਜੀ ਵਾਹਨਾਂ ਦੀ ਥਾਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਬੱਸਾਂ ‘ਤੇ ਜਾਣਾ ਸ਼ੁਰੂ ਕਰ ਦਿੱਤਾ ਹੈ। ਟਰਾਂਸਪੋਰਟਰ ਗੁਰਦੀਪ ਸਿੰਘ ਨੇ ਕਿਹਾ ਕਿ ਟੋਲ ਪਲਾਜ਼ੇ ਲੱਗਣ ਕਾਰਨ ਸੰਗਤਾਂ ਦੀ ਗਿਣਤੀ ਬੱਸਾਂ ਵਿਚ ਵਧੀ ਹੈ। ਇਸੇ ਤਰ੍ਹਾਂ ਟੈਕਸੀ ਯੂਨੀਅਨ ਨੇ ਵੀ ਫੈਸਲਾ ਕੀਤਾ ਹੈ ਕਿ ਟੋਲ ਪਲਾਜ਼ਿਆਂ ਦੀਆਂ ਪਰਚੀਆਂ ਮੁਸਾਫਰ ਖੁਦ ਕਟਵਾਉਣਗੇ ਅਤੇ ਕਿਰਾਇਆ ਵੱਖਰੇ ਤੌਰ ‘ਤੇ ਲੈਣਗੇ।


ਯੂਥ ਕਾਂਗਰਸ ਦੇ ਕੋਮੀ ਸੱਕਤਰ ਗੁਰਭੇਜ ਸਿੰਘ ਟਿੱਬੀ ਨੇ ਕਿਹਾ ਕਿ ਟੋਲ ਪਲਾਜ਼ੇ ਲੱਗਣ ਨਾਲ ਸੰਗਤਾਂ ‘ਤੇ ਵੱਡਾ ਆਰਥਕ ਬੋਝ ਪਿਆ ਹੈ। ਉਨ੍ਹਾਂ ਕਿਹਾ ਕਿ ਆਮ ਦਿਨਾਂ ਵਿਚ ਹਜ਼ਾਰਾਂ ਅਤੇ ਖਾਸ ਤਿਉਹਾਰਾਂ ‘ਤੇ ਲੱਖਾਂ ਸੰਗਤਾਂ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਖੇਤਰ ‘ਚ ਰੋਜ਼ਾਨਾ 1 ਹਜ਼ਾਰ ਤੋਂ ਵੱਧ ਵਾਹਨ ਦਰਬਾਰ ਸਾਹਿਬ ਨੂੰ ਜਾਂਦੇ ਹਨ ਅਤੇ ਇਹ ਵਾਹਨ ਆਮ ਤੌਰ ‘ਤੇ ਇਸੇ ਕੌਮੀ ਮਾਰਗ ਤੋਂ ਹੀ ਲੰਘਦੇ ਹਨ। ਉਨ੍ਹਾਂ ਕਿਹਾ ਕਿ ਸੰਗਤਾਂ ਦੇ ਮਸਲੇ ਦੇ ਹੱਲ ਲਈ ਉਹ ਪੰਜਾਬ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਵਿਜੇਿੲਦਰ ਸਿੰਗਲਾਂ ਨਾਲ ਜਲਦ ਮੁਲਾਕਾਤ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਲੰਗਰ ਉੱਪਰ ਜੀ. ਐੱਸ. ਟੀ. ਲਾ ਕੇ ਤਰਕਹੀਣ ਫੈਸਲਾ ਕੀਤਾ ਹੈ ਅਤੇ ਹੁਣ ਸ਼ਰਧਾ ਨਾਲ ਦਰਬਾਰ ਸਾਹਿਬ ਜਾਣ ਵਾਲੀਆਂ ਸੰਗਤਾਂ ਦੀ ਟੋਲ ਪਲਾਜ਼ਿਆਂ ਰਾਹੀਂ ਆਰਥਕ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਜਾਣ ਵਾਲੀ ਸੰਗਤ ਨੂੰ ਟੋਲ ਪਲਾਜ਼ਿਆਂ ਤੋਂ ਛੋਟ ਦਿੱਤੀ ਜਾਣੀ ਚਾਹੀਦੀ ਹੈ। ਹਰ ਮਹੀਨੇ ਦਰਬਾਰ ਸਾਹਿਬ ਜਾਣ ਵਾਲੀਆਂ ਸੰਗਤਾਂ ਨੇ ਮੰਗ ਕੀਤੀ ਕਿ ਟੋਲ ਪਲਾਜ਼ਿਆਂ ਨਾਲ ਸਰਕਾਰ ਵੱਲੋਂ ਸਰਵਿਸ ਰੋਡ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਣੀ ਚਾਹੀਦੀ ਸੀ ਤਾਂ ਜੋ ਟੋਲ ਟੈਕਸ ਅਦਾ ਨਾ ਕਰ ਸਕਣ ਵਾਲੀਆਂ ਸੰਗਤਾਂ ਸਾਧਾਰਨ ਰੋਡ ਰਾਹੀਂ ਦਰਬਾਰ ਸਾਹਿਬ ਪੁੱਜ ਸਕਣ। ਉਨ੍ਹਾਂ ਕਿਹਾ ਕਿ ਨਿੱਜੀ ਵਾਹਨਾਂ ਦੇ ਮਾਲਕ ਪਹਿਲਾਂ ਹੀ ਸਰਕਾਰ ਨੂੰ 8 ਫੀਸਦੀ ਦੇ ਕਰੀਬ ਰੋਡ ਅਤੇ ਰਜਿਸਟਰੇਸ਼ਨ ਟੈਕਸ ਅਦਾ ਕਰਦੇ ਹਨ। ਇਸ ਲਈ ਉਨ੍ਹਾਂ ਕੋਲੋਂ ਟੋਲ ਟੈਕਸ ਲੈਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ।


ਕੀ ਕਹਿੰਦੇ ਹਨ ਪਲਾਜ਼ਿਆਂ ਦੇ ਅਧਿਕਾਰੀ: ਟੋਲ ਪਲਾਜ਼ਿਆਂ ਦੇ ਇੰਚਾਰਜ ਗੌਤਮ ਪ੍ਰਕਾਸ਼ ਨੇ ਕਿਹਾ ਕਿ ਟੋਲ ਪਲਾਜ਼ੇ ਭਾਰਤ ਸਰਕਾਰ ਦੇ ਨਿਯਮਾਂ ਅਤੇ ਸਮਝੌਤੇ ਮੁਤਾਬਕ ਲਾਏ ਗਏ ਹਨ। ਉਨ੍ਹਾਂ ਕਿਹਾ ਕਿ 167 ਕਿਲੋਮੀਟਰ ਲੰਬੇ ਹਾਈਵੇ ਨੂੰ ਮੁਸਾਫਰਾਂ ਲਈ ਬੇਹੱਦ ਸੁਰੱਖਿਅਤ ਬਣਾਇਆ ਗਿਆ ਹੈ ਅਤੇ ਸਹੂਲਤਾਂ ਦੇ ਮੁਕਾਬਲੇ ਟੋਲ ਟੈਕਸ ਕਾਫ਼ੀ ਘੱਟ ਹੈ । ਇਸ ਆਗੂ ਵੱਲੋਂ ਉਠਾਈ ਗੲੀ ਆਵਾਜ਼ ਨੂੰ ਕਿੰਨਾ ਬਲ ਮਿਲਦਾ ਹੈ ਅਤੇ ਇਸ ਸਬੰਧੀ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਕੀ ਕਦਮ ਉਠਾਉਂਦੇ ਹਨ , ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਹਾਲ ਦੀ ਘੜੀ ਮਹਿੰਗਾਈ ਦੇ ਯੁੱਗ ਵਿੱਚ ਪਿਸ ਰਹੀ ਆਮ ਜਨਤਾ ਨੂੰ ਇਸ ਟੈਕਸ ਤੋਂ ਨਿਜਾਤ ਮਿਲਣੀ ਸੰਭਵ ਦਿਖਾਈ ਨਹੀਂ ਦਿੰਦੀ ਕਿਉਂਕਿ ਸਰਕਾਰਾਂ ਨੇ ਪੱਕੇ ਇਕਰਾਰਨਾਮੇ ਕਰਕੇ ਇਹ ਸਡ਼ਕਾਂ ਨਿੱਜੀ ਖੇਤਰ ਤੋਂ ਕੱਢ ਕੇ ਕਾਰਪੋਰੇਟ ਘਰਾਣਿਆਂ ਕੋਲ ਗਿਰਵੀ ਰੱਖ ਦਿੱਤੀਆਂ ਗਈਆਂ ਹਨ ।

About thatta

Comments are closed.

Scroll To Top
error: