Home / ਖਬਰਾਂ ਸਿੱਖ ਜਗਤ ਦੀਆਂ / ਆਓ ਕਰਵਾਈਏ ਸ੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ: ਅੱਜ ਦੀਆਂ ਤਾਜ਼ਾ ਤਸਵੀਰਾਂ ਦੀ ਜ਼ੁਬਾਨੀ

ਆਓ ਕਰਵਾਈਏ ਸ੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ: ਅੱਜ ਦੀਆਂ ਤਾਜ਼ਾ ਤਸਵੀਰਾਂ ਦੀ ਜ਼ੁਬਾਨੀ

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਕਿਵਾੜ ਅੱਜ ਗੁਰ-ਮਰਿਆਦਾ ਅਨੁਸਾਰ ਪਹਿਲੀ ਅਰਦਾਸ ਉਪਰੰਤ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਖੋਲ੍ਹ ਦਿੱਤੇ ਗਏ ਹਨ | ਇਸ ਦੌਰਾਨ ਪਹਿਲੇ ਦਿਨ ਹਜ਼ਾਰਾਂ ਦੀ ਤਾਦਾਦ ‘ਚ ਦੇਸ਼-ਵਿਦੇਸ਼ ਤੋਂ ਪਹੁੰਚੀ ਸੰਗਤ ਨੇ ਸ਼ਰਧਾ ਭਾਵਨਾ ਅਤੇ ਸਤਿਕਾਰ ਸਹਿਤ ਮੱਥਾ ਟੇਕਿਆ ਅਤੇ ਸੱਤ ਦਿਲਕਸ਼ ਪਹਾੜੀਆਂ ਦੀ ਗੋਦ ‘ਚ ਸਥਿਤ ਬਰਫ਼ੀਲੇ ਸਰੋਵਰ ‘ਚ ਇਸ਼ਨਾਨ ਕੀਤਾ |

ਇਸ ਤੋਂ ਪਹਿਲਾਂ ਸਵੇਰੇ 10 ਵਜੇ ਮਰਿਆਦਾ ਮੁਤਾਬਿਕ ਸੁਖਆਸਣ ਹਾਲ ‘ਚੋਂ ਨਗਰ ਕੀਰਤਨ ਦੇ ਰੂਪ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ਬਦ ਗਾਇਨ ਕਰਦੀ ਸੰਗਤ ਅਤੇ ਬੈਂਡ ਦੀਆਂ ਸੁਰੀਲੀਆਂ ਧੁਨਾਂ ‘ਚ ਮੁੱਖ ਦਰਬਾਰ ਹਾਲ ਵਿਖੇ ਸੁਸ਼ੋਭਿਤ ਸੁੰਦਰ ਪਾਲਕੀ ਸਾਹਿਬ ‘ਚ ਪ੍ਰਕਾਸ਼ ਕੀਤਾ ਅਤੇ ਠੀਕ 10.30 ਵਜੇ ਸਾਲ 2018 ਦੀ ਯਾਤਰਾ ਲਈ ਪਹਿਲੀ ਅਰਦਾਸ ਮੁੱਖ ਗ੍ਰੰਥੀ ਭਾਈ ਮਿਲਾਪ ਸਿੰਘ ਨੇ ਕੀਤੀ ਅਤੇ ਹੁਕਮਨਾਮਾ ਲਿਆ |

ਇਸ ਮੌਕੇ ਹਜ਼ੂਰੀ ਰਾਗੀ ਸ੍ਰੀ ਹੇਮਕੁੰਟ ਸਾਹਿਬ ਭਾਈ ਗੁਰਮੀਤ ਸਿੰਘ ਦੇ ਜਥੇ ਨੇ ਇਲਾਹੀ ਬਾਣੀ ਦੇ ਰਸਭਿੰਨੇ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ, ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਆਰੰਭਤਾ ਹੋਈ ਅਤੇ 12 ਵਜੇ ਮੁੜ ਦੂਜੀ ਅਰਦਾਸ ਗੰ੍ਰਥੀ ਭਾਈ ਹਿੰਮਤ ਸਿੰਘ ਵਲੋਂ ਕੀਤੀ ਗਈ | ਇਸ ਵਾਰ ਵੀ 418 ਇੰਜੀਨੀਅਰ ਕੋਰ ਦੀ ਟੀਮ ਵਲੋਂ ਸੂਬੇਦਾਰ ਇਕਬਾਲ ਸਿੰਘ ਦੀ ਅਗਵਾਈ ‘ਚ ਗਲੇਸ਼ੀਅਰ ਨੂੰ ਹਟਾ ਕੇ ਯਾਤਰਾ ਲਈ ਰਸਤਾ ਤਿਆਰ ਕੀਤਾ ਗਿਆ |

ਜੈਕਾਰਿਆਂ ਦੀ ਗੰੂਜ ਨੇ ਵਾਦੀਆਂ ‘ਚ ਸਿਰਜਿਆ ਅਲੌਕਿਕ ਦਿ੍ਸ਼
ਗੁਰਦੁਆਰਾ ਸਾਹਿਬ ਦੇ ਕਿਵਾੜ ਖੁੱਲ੍ਹਣ ਦੌਰਾਨ ਸੰਗਤ ਵਲੋਂ ਲਗਾਏ ਗਏ ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਦੇ ਆਕਾਸ਼ ਗੂੰਜਾਊ ਜੈਕਾਰਿਆਂ ਨੇ ਹਿਮਾਲਿਆ ਦੀਆਂ ਬਰਫ਼ ਨਾਲ ਢਕੀਆਂ ਹੋਈਆਂ ਪਹਾੜੀਆਂ ‘ਚ ਅਲੌਕਿਕ ਦਿ੍ਸ਼ ਸਿਰਜ ਦਿੱਤਾ ਅਤੇ ਪੂਰਾ ਮਾਹੌਲ ਹੀ ਖ਼ਾਲਸਾਈ ਰੰਗ ‘ਚ ਰੰਗਿਆ ਗਿਆ | ਇਸ ਦੌਰਾਨ ਸੰਗਤ ਵਲੋਂ ਫੁੱਲਾਂ ਦੀ ਕੀਤੀ ਗਈ ਵਰਖਾ ਨੇ ਹੋਰ ਵੀ ਸਮਾਂ ਬੰਨ੍ਹ ਦਿੱਤਾ, ਜਦਕਿ ਇਸ ਤੋਂ ਪਹਿਲਾਂ ਸੰਗਤ ਵਲੋਂ ਗੁਰਦੁਆਰਾ ਸਾਹਿਬ ‘ਚ ਖੂਬਸੂਰਤ ਮਹਿਕਦੇ ਫੁੱਲਾਂ ਦੀ ਸਜਾਵਟ ਕੀਤੀ ਗਈ |


ਪਰੰਪਰਾ ਮੁਤਾਬਿਕ ਦੋ ਵਾਰ ਹੁੰਦੀ ਹੈ ਅਰਦਾਸ
ਮੁੱਖ ਗ੍ਰੰਥੀ ਭਾਈ ਮਿਲਾਪ ਸਿੰਘ ਨੇ ਦੱਸਿਆ ਕਿ ਮਰਿਆਦਾ ਅਨੁਸਾਰ ਦਿਨ ਵਿਚ ਦੋ ਵਾਰ ਅਰਦਾਸ ਕੀਤੀ ਜਾਂਦੀ ਹੈ, ਜਿਸ ‘ਚ ਪਹਿਲੀ ਸੰਗਤ ਦੀ ਆਮਦ ‘ਤੇ ਸਵੇਰੇ 10 ਵਜੇ ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੇ ਕੀਰਤਨ ਤੋਂ ਬਾਅਦ ਦੂਜੀ ਵਾਰ 12 ਵਜੇ ਅਰਦਾਸ ਕੀਤੀ ਜਾਂਦੀ ਹੈ, ਜਦਕਿ ਇਸ ਤੋਂ ਪਹਿਲਾਂ 2.30 ਵਜੇ ਤੀਜੀ ਅਰਦਾਸ ਵੀ ਕੀਤੀ ਜਾਂਦੀ ਸੀ ਪਰ ਆਕਸੀਜਨ ਦੀ ਕਮੀ ਅਤੇ ਮੌਸਮ ਦੀ ਖ਼ਰਾਬੀ ਦੇ ਚਲਦਿਆਂ ਦੂਜੀ ਅਰਦਾਸ ਤੋਂ ਬਾਅਦ ਸੰਗਤ ਨੂੰ ਗੁਰਦੁਆਰਾ ਗੋਬਿੰਦ ਧਾਮ ਲਈ ਭੇਜ ਦਿੱਤਾ ਜਾਂਦਾ ਹੈ |

ਉਨ੍ਹਾਂ ਦੱਸਿਆ ਕਿ ਸੰਧਿਆ ਵੇਲੇ ਸ੍ਰੀ ਰਹਿਰਾਸ ਸਾਹਿਬ ਦਾ ਪਾਠ, ਆਰਤੀ ਅਤੇ ਕੀਰਤਨ ਉਪਰੰਤ ਸਮਾਪਤੀ ਕੀਤੀ ਜਾਂਦੀ ਹੈ ਅਤੇ ਅੰਮਿ੍ਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਹੈ | ਇਸ ਦੌਰਾਨ ‘ਅਜੀਤ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਗੁਰਦੁਆਰਾ ਗੋਬਿੰਦਧਾਮ ਦੇ ਮੈਨੇਜਰ ਨੇ ਦੱਸਿਆ ਕਿ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕਰਨ ਆਈਆਂ ਸੰਗਤਾਂ ਦੇ ਠਹਿਰਨ, ਲੰਗਰ ਤੇ ਸਿਹਤ ਸੇਵਾਵਾਂ ਦਾ ਪ੍ਰਬੰਧ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵਲੋਂ ਸੁਚਾਰੂ ਢੰਗ ਨਾਲ ਚਲਾਇਆ ਜਾ ਰਿਹਾ ਹੈ ਅਤੇ 6 ਹਜ਼ਾਰ ਦੇ ਕਰੀਬ ਯਾਤਰੀਆਂ ਦੇ ਰਹਿਣ-ਸਹਿਣ ਅਤੇ ਖਾਣ-ਪੀਣ ਦੇ ਪੁਖ਼ਤਾ ਪ੍ਰਬੰਧ ਹਨ |

ਚਾਹ ਅਤੇ ਖਿਚੜੀ ਦਾ ਮਿਲਦਾ ਹੈ ਲੰਗਰ
ਦਰਸ਼ਨ ਕਰਨ ਆਉਂਦੀਆਂ ਸੰਗਤਾਂ ਲਈ ਟਰੱਸਟ ਵਲੋਂ ਹਲਕਾ-ਫੁਲਕਾ ਚਾਹ ਅਤੇ ਖਿਚੜੀ ਦਾ ਲੰਗਰ ਵਰਤਾਇਆ ਜਾਂਦਾ ਹੈ | ਇਸ ਤੋਂ ਇਲਾਵਾ ਸੰਗਤਾਂ ਵਲੋਂ ਵੀ ਬਰੈੱਡ-ਪਕੌੜੇ, ਬਰੈੱਡ ਜੈਮ ਭੂੰਗਰ ਆਦਿ ਦਾ ਲੰਗਰ ਲਾਇਆ ਜਾਂਦਾ ਹੈ | ਇਸ ਦੌਰਾਨ ਮੈਨੇਜਰ ਗੁਰਨਾਮ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਦੀ ਬਜਾਇ ਇਸ ਵਾਰ ਬਰਫ਼ ਜ਼ਿਆਦਾ ਪਈ ਹੈ ਪਰ ਮੌਸਮ ਖੁਸ਼ਗਵਾਰ ਰਹਿਣ ਦੀ ਸੰਭਾਵਨਾ ਹੈ |


ਪਿੰਡ ਭੁੰਡਾਲ ਵਿਖੇ ਤਿਆਰ ਹੋ ਰਹੇ ਪੁਲ ਦਾ ਕੰਮ ਆਖ਼ਰੀ ਪੜਾਅ ‘ਚ 16 ਜੂਨ, 2013 ਦੀ ਦਰਮਿਆਨੀ ਰਾਤ ਨੂੰ ਸ੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਦੌਰਾਨ ਵਾਪਰੀ ਭਿਆਨਕ ਤ੍ਰਾਸਦੀ ਨੇ ਰਸਤਿਆਂ ਸਮੇਤ ਹਸਦੇ-ਵਸਦੇ ਪਿੰਡ ਪੁਲਨਾ ਨੂੰ ਤਹਿਸ-ਨਹਿਸ ਕਰ ਦਿੱਤਾ, ਜਿਸ ਦੇ ਚਲਦਿਆਂ ਯਾਤਰਾ ਵੀ ਮੁਕੰਮਲ ਤੌਰ ‘ਤੇ ਠੱਪ ਹੋ ਗਈ

ਪਰ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਅਤੇ ਸਰਕਾਰ ਵਲੋਂ ਦਿਖਾਈ ਗਈ ਸੰਜੀਦਗੀ ਦੌਰਾਨ ਅਸਥਾਈ ਤੌਰ ‘ਤੇ ਰਸਤੇ ਬਣਾ ਕੇ 23 ਸਤੰਬਰ, 2013 ਨੂੰ ਮੁੜ ਯਾਤਰਾ ਸ਼ੁਰੂ ਕਰਵਾਈ ਗਈ, ਪਰ ਗੋਬਿੰਦਘਾਟ ਤੋਂ ਕਰੀਬ 8 ਕਿਲੋਮੀਟਰ ਦੂਰ ਅਤੇ ਗੁਰਦੁਆਰਾ ਗੋਬਿੰਦਧਾਮ ਤੋਂ 6 ਕਿਲੋਮੀਟਰ ਪਹਿਲਾਂ ਨਦੀ ਉਪਰ ਬਣਿਆ ਪੁਲ ਢਹਿ-ਢੇਰੀ ਹੋ ਗਿਆ ਸੀ, ਜਿਸ ਦੀ ਨਵ-ਉਸਾਰੀ ਲਈ ਸਰਕਾਰ ਵਲੋਂ 2015 ‘ਚ 130 ਮੀਟਰ ਲੰਬਾ ਪੁਲ ਬਣਾਉਣ ਦੀ ਮਨਜ਼ੂਰੀ ਦਿੱਤੀ ਗਈ, ਜਿਸ ਦਾ ਕੰਮ ਹੁਣ ਆਖ਼ਰੀ ਪੜਾਅ ‘ਚ ਚਲ ਰਿਹਾ ਹੈ |

ਇਸ ਸਬੰਧੀ ਉਪ ਪ੍ਰਧਾਨ ਸ: ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਪੁਲ ਦੀ ਉਸਾਰੀ ਲਈ ਸੀਮਤ ਸਾਧਨ ਹੋਣ ਕਰਕੇ 3 ਸਾਲ ਦਾ ਸਮਾਂ ਲਗ ਗਿਆ ਹੈ | ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਦਾਅਵੇ ਮੁਤਾਬਿਕ ਜੁਲਾਈ 2018 ਤੱਕ ਪੁਲ ਲੋਕ ਅਰਪਣ ਕਰ ਦਿੱਤਾ ਜਾਵੇਗਾ |

ਭਾਰਤੀ ਫੌਜ ਦੇ ਕੈਪਟਨ ਨੇ ਵੀ ਲਿਆ ਪ੍ਰਬੰਧਾਂ ਦਾ ਜਾਇਜ਼ਾ
ਯਾਤਰਾ ਦੇ ਪਹਿਲੇ ਦਿਨ 418 ਇੰਜੀਨੀਅਰ ਕੋਰ ਦੇ ਕੈਪਟਨ ਬਰਿੰਦਰਜੀਤ ਸਿੰਘ ਅਤੇ ਸੂਬੇਦਾਰ ਮੇਜਰ ਗੁਰਨਾਮ ਸਿੰਘ ਵਲੋਂ ਜਿਥੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ, ਉਥੇ ਹੀ ਉਨ੍ਹਾਂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਆਰੰਭ ਕਰਵਾਉਣ ‘ਚ ਅਹਿਮ ਭੂਮਿਕਾ ਨਿਭਾਈ | ਸੂਬੇਦਾਰ ਇਕਬਾਲ ਸਿੰਘ ਦੀ ਅਗਵਾਈ ਵਾਲੀ ਟੀਮ ਵਲੋਂ ਸਖ਼ਤ ਮਿਹਨਤ ਕਰਕੇ ਪਿਛਲੇ ਕਈ ਦਿਨਾਂ ਤੋਂ ਗਲੇਸ਼ੀਅਰ (ਬਰਫ਼) ਨੂੰ ਹਟਾ ਕੇ ਸੰਗਤ ਲਈ ਲਾਂਘਾ ਤਿਆਰ ਕੀਤਾ | ਇਸ ਮੌਕੇ ਕੈਪਟਨ ਬਰਿੰਦਰਜੀਤ ਸਿੰਘ ਨੇ ਕਿਹਾ ਕਿ ਯਾਤਰਾ ਨੂੰ ਸੁਰੱਖਿਅਤ ਅਤੇ ਸੁਖਾਲਾ ਬਣਾਉਣ ਲਈ ਸੈਨਾ ਦੇ ਜਵਾਨਾਂ ਵਲੋਂ ਸ਼ਲਾਘਾਯੋਗ ਕੰਮ ਕੀਤਾ ਹੈ ਅਤੇ ਉਹ ਮਾਣ ਮਹਿਸੂਸ ਕਰਦੇ ਹਨ ਕਿ ਪਿਛਲੇ ਕਈ ਸਾਲਾਂ ਤੋਂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੇ ਆਗਾਜ਼ ਦੀ ਜ਼ਿੰਮੇਵਾਰੀ 418 ਇੰਡੀਪੈਂਡਿਟ ਫੀਲਡ ਸਬੰਧੀ ਇੰਜੀਨੀਅਰ ਲਿਜਾ ਰਹੀ ਹੈ | ਇਸ ਦੌਰਾਨ ਸੰਗਤ ਨੂੰ ਯਾਤਰਾ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ, ਜਦਕਿ ਇਸ ਤੋਂ ਪਹਿਲਾਂ ਅੱਜ ਤੜਕਸਾਰ 4 ਵਜੇ ਗੁਰਦੁਆਰਾ ਗੋਬਿੰਦਧਾਮ ਤੋਂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਅਤੇ ਆਰੰਭਤਾ ਸਮਾਗਮ ‘ਚ ਸ਼ਿਰਕਤ ਕਰਨ ਲਈ ਰਵਾਨਾ ਹੋਈ ਅਤੇ ਬਿਖਰੇ ਪੈਂਡਿਆਂ ਦਾ 6 ਕਿਲੋਮੀਟਰ ਸਫ਼ਰ ਤੈਅ ਕਰਕੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਪਹੁੰਚੀ |

About thatta

Comments are closed.

Scroll To Top
error: